6 ਮੁਫਤ ਕੰਪਿਊਟਰ ਤੇ ਸਿਖਲਾਈ ਕੇਂਦਰ ਖੋਲਣ ਦਾ ਕੀਤਾ ਫੈਸਲਾ

ਅੰਮ੍ਰਿਤਸਰ, 11 ਅਪ੍ਰੈਲ (ਜਗਦੀਪ ਸਿੰਘ ਸੱਗੂ) – ਦੁਬਈ ਸਥਿਤ ਉੱਘੇ ਉਦਯੋਗਪਤੀ ਅਤੇ ਸਮਾਜ ਸੇਵਕ ਡਾ. ਐੱਸ. ਪੀ. ਸਿੰਘ ਓਬਰਾਏ ਦੀ ਅਗਵਾਈ ਹੇਠਲੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਰਜ਼ਿ: ਦੀ ਅੰਮ੍ਰਿਤਸਰ (ਇਕਾਈ) ਦੀ ਮਾਸਿਕ ਮੀਟਿੰਗ ਅੱਜ ਮਾਝਾ ਜ਼ੋਨ ਦੇ ਇੰਚਾਰਜ ਸ: ਸੁਖਜਿੰਦਰ ਸਿੰਘ ਦੀ ਅਗਵਾਈ ਹੇਠ ਹੋਈ।
ਇਸ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਜ਼ਿਲ੍ਹਾ ਅੰਮ੍ਰਿਤਸਰ ਅਤੇ ਤਰਨ ਤਾਰਨ ਦੇ ਪੇਂਡੂ ਖੇਤਰਾਂ ਵਿੱਚ ਟਰੱਸਟ ਵੱਲੋਂ ਗਰੀਬ ਤੇ ਲੋੜਵੰਦ ਨੌਜਵਾਨਾਂ ਅਤੇ ਔਰਤਾਂ ਨੂੰ ਉਨ੍ਹਾਂ ਦੇ ਪੈਰਾਂ ‘ਤੇ ਖੜ੍ਹੇ ਹੋਣ ਦੇ ਸਮਰੱਥ ਬਣਾਉਣ ਲਈ ਕਰੀਬ ਅੱਧੀ ਦਰਜ਼ਨ ਦੇ ਮੁਫ਼ਤ ਕੰਪਿਊਟਰ ਸਿਖਲਾਈ ਕੇਂਦਰ ਅਤੇ ਸਿਲਾਈ ਕੇਂਦਰ ਖੋਲ੍ਹੇ ਜਾਣਗੇ। ਇਨ੍ਹਾਂ ਵਾਸਤੇ ਢੁੱਕਵੇਂ ਸਥਾਨਾਂ ਦੀ ਚੋਣ ਤੋਂ ਇਲਾਵਾ ਲੋੜੀਂਦੇ ਪ੍ਰਬੰਧਾਂ ਦੀ ਰੂਪ ਰੇਖਾ ਵੀ ਉਲੀਕੀ ਗਈ। ਮੀਟਿੰਗ ਦੌਰਾਨ ਜਾਣਕਾਰੀ ਦਿੰਦਿਆ ਸ: ਹੇਰ ਨੇ ਦੱਸਿਆ ਕਿ ਟਰੱਸਟ ਵੱਲੋਂ ਸਰਕਾਰ ਦੀ ਆਗਿਆ ਨਾਲ ਅੱਖਾਂ ਦੇ ਮੁਫ਼ਤ ਆਪ੍ਰੇਸ਼ਨ ਕਰਨ ਲਈ ਕੈਂਪ ਜਲਦੀ ਹੀ ਹਲਕਾ ਮਜੀਠਾ ਦੇ ਪ੍ਰਮੁੱਖ ਕਸਬੇ ਟਾਹਲੀ ਸਾਹਿਬ ਵਿਖੇ ਲਗਾਇਆ ਜਾਵੇਗਾ, ਜਿਸ ਵਿੱਚ ਮੌਕੇ ‘ਤੇ ਅੱਖਾਂ ਦੇ ਮਰੀਜ਼ਾਂ ਦੀ ਜਾਂਚ ਕਰਕੇ ਸ਼ਹਿਰ ਦੇ ਨਾਮਵਰ ਹਸਪਤਾਲ ਜੈ ਕਮਲ ਆਈ ਹਸਪਤਾਲ ਵਿਖੇ ਮੁਫਤ ਆਪ੍ਰੇਸ਼ਨ ਕੀਤੇ ਜਾਣਗੇ। ਮੀਟਿੰਗ ਦੌਰਾਨ ਪੇਂਡੂ ਖੇਤਰ ਵਿੱਚ ਖੇਡ ਸੱਭਿਆਚਾਰ ਨੂੰ ਪ੍ਰਫੁਲਤ ਕਰਨ ਲਈ ਚਰਚਾ ਕੀਤੀ ਗਈ। ਇਸ ਮੌਕੇ ਸ: ਰਵਿੰਦਰ ਸਿੰਘ ਰੌਬਿਨ, ਸੁਖਦੀਪ ਸਿੰਘ ਸਿੱਧੂ, ਸ: ਸ਼ਿਵਦੇਵ ਸਿੰਘ ਬੱਲ, ਸ: ਸ਼ਮਸ਼ੇਰ ਸਿੰਘ ਕੋਹਰੀ, ਸ: ਮਨਪ੍ਰੀਤ ਸਿੰਘ ਸੰਧੂ, ਸ: ਨਵਜੀਤ ਸਿੰਘ ਘਈ, ਸ: ਹਰਜਿੰਦਰ ਸਿੰਘ ਹੇਰ, ਸ: ਪ੍ਰਮਿੰਦਰ ਸਿੰਘ ਸਰਹਾਲਾ, ਧਰਮਿੰਦਰ ਸਿੰਘ, ਹਰਜਿੰਦਰ ਸਿੰਘ ਮੁੱਧ, ਸ: ਅਮਰਜੀਤ ਸਿੰਘ ਸੰਧੂ, ਬਲਵਿੰਦਰ ਕੌਰ, ਆਸ਼ਾ ਸ਼ਰਮਾ ਆਦਿ ਮੈਂਬਰ ਹਾਜ਼ਰ ਸਨ।
Punjab Post Daily Online Newspaper & Print Media