Saturday, March 14, 2026

ਸ੍ਰੀ ਅਨੰਦਪੁਰ ਸਾਹਿਬ ਦੇ 350 ਸਾਲਾ ਸਥਾਪਨਾ ਦਿਵਸ ਦੇ ਸਮਾਗਮਾਂ ਨੂੰ ਦਿੱਤੀਆਂ ਅੰਤਿਮ ਛੋਹਾਂ – ਗਿਆਨੀ ਮੱਲ ਸਿੰਘ

PPN1304201518

ਅੰਮ੍ਰਿਤਸਰ, 13 ਅਪ੍ਰੈਲ (ਗੁਰਪ੍ਰੀਤ ਸਿੰਘ) – ਸ੍ਰੀ ਅਨੰਦਪੁਰ ਸਾਹਿਬ ਦੇ 350 ਸਾਲਾ ਸਥਾਪਨਾ ਦਿਵਸ ਨੂੰ ਪੂਰੇ ਸਿੱਖੀ ਜਾਹੋ-ਜਲਾਲ ਤੇ ਸਿੱਖੀ ਪਰੰਪਰਾਵਾਂ ਅਨੁਸਾਰ ਮਨਾਉਣ ਲਈ ਵੱਖ-ਵੱਖ ਸਮਾਗਮਾਂ ਨੂੰ ਅੰਤਿਮ ਰੂਪ-ਰੇਖਾ ਦੇਣ ਲਈ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਣਾਈਆਂ ਗਈਆਂ ਸਬ-ਕਮੇਟੀਆਂ ਦੀ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਪ੍ਰਧਾਨਗੀ ਹੇਠ ਇਕੱਤਰਤਾ ਹੋਈ।ਜਿਸ ਵਿੱਚ ਸ. ਰਜਿੰਦਰ ਸਿੰਘ ਮਹਿਤਾ ਮੈਂਬਰ ਅੰਤ੍ਰਿੰਗ ਕਮੇਟੀ, ਸ. ਅਮਰਜੀਤ ਸਿੰਘ ਚਾਵਲਾ, ਸ. ਦਲਜੀਤ ਸਿੰਘ ਭਿੰਡਰ, ਸ. ਰੂਪ ਸਿੰਘ ਸਕੱਤਰ, ਸ. ਦਿਲਜੀਤ ਸਿੰਘ ਬੇਦੀ ਵਧੀਕ ਸਕੱਤਰ, ਸ. ਸਤਬੀਰ ਸਿੰਘ ਕੋਆਰਡੀਨੇਟਰ, ਸ. ਜਗਜੀਤ ਸਿੰਘ, ਸ. ਜਗੀਰ ਸਿੰਘ ਮੀਤ ਸਕੱਤਰ ਅਤੇ ਸ. ਸੁਖਵਿੰਦਰ ਸਿੰਘ ਗਰੇਵਾਲ ਮੈਨੇਜਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਸ਼ਾਮਲ ਹੋਏ।
ਇਕੱਤਰਤਾ ਵਿੱਚ ਸ੍ਰੀ ਅਨੰਦਪੁਰ ਸਾਹਿਬ ਦੇ 350 ਸਾਲਾ ਸਥਾਪਨਾ ਦਿਵਸ 15 ਜੂਨ ਤੋਂ 19 ਜੂਨ ਤੀਕ ਚੱਲਣ ਵਾਲੇ ਸਾਰੇ ਗੁਰਮਤਿ ਸਮਾਗਮਾਂ ਨੂੰ ਅੰਤਿਮ ਛੋਹ ਦਿੱਤੀ ਗਈ।ਵੱਖ ਵੱਖ ਸਮਾਗਮਾਂ ਵਿੱਚ ਸ਼ਾਮਲ ਹੋਣ ਵਾਲੀਆਂ ਮੁੱਖ ਸ਼ਖਸ਼ੀਅਤਾਂ, ਰਾਗੀ ਜਥਿਆਂ, ਢਾਡੀ ਤੇ ਕਵੀਸ਼ਰ ਜਥਿਆਂ ਦੇ ਟਾਈਮ ਆਦਿ ਦੀ ਵੰਡ ਕੀਤੀ ਗਈ।ਗੁਰਮਤਿ ਸਮਾਗਮਾਂ ਵਿੱਚ ਕਥਾ ਵਿਚਾਰ, ਸ਼ਬਦ ਵਿਚਾਰ, ਇਤਿਹਾਸ ਵਿਚਾਰ, ਰਾਗ ਦਰਬਾਰ, ਕੀਰਤਨ ਦਰਬਾਰ, ਸੈਮੀਨਾਰ, ਸੋਵੀਨਾਰ ਦੀ ਤਿਆਰੀ ਹਿੱਤ ਵਿਚਾਰ ਚਰਚਾ ਦੇ ਨਾਲ-ਨਾਲ ਅੰਤਿਮ ਰੂਪ ਤਿਆਰ ਕੀਤਾ ਗਿਆ।ਇਹ ਸਾਰੇ ਪ੍ਰੋਗਰਾਮ ਇਸਤਿਹਾਰਾਂ ਦੇ ਰੂਪ ਵਿੱਚ ਜਲਦ ਸੰਗਤਾਂ ਤੀਕ ਪੁੱਜਦੇ ਹੋ ਜਾਣਗੇ।
ਸਿੰਘ ਸਾਹਿਬ ਗਿਆਨੀ ਮੱਲ ਸਿੰਘ ਨੇ ਜਾਣਕਾਰੀ ਦੇਂਦਿਆਂ ਦੱਸਿਆ ਕਿ ਹਾਕੀ, ਕਬੱਡੀ, ਗੱਤਕਾ ਮੁਕਾਬਲੇ ਵੀ ਵੱਡੀ ਪੱਧਰ ‘ਤੇ ਹੋਣਗੇ। ਉਨ੍ਹਾਂ ਕਿਹਾ ਕਿ ਗੁਰਦੁਆਰਾ ਭੋਰਾ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਮੁੱਖ ਪੰਡਾਲ ਵਿਖੇ ਹੋਣ ਵਾਲੇ ਗੁਰਮਤਿ ਸਮਾਗਮਾਂ ਦੀ ਅੰਤਿਮ ਰੂਪ-ਰੇਖਾ ਉਲੀਕ ਲਈ ਗਈ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤ ਸੰਚਾਰ ਸਮਾਗਮ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਣਗੇ।ਉਨ੍ਹਾਂ ਦੱਸਿਆ ਕਿ ਨਿਹੰਗ ਸਿੰਘ ਦਲਾਂ ਵੱਲੋਂ 18 ਜੂਨ ਨੂੰ ਗੁਰਦੁਆਰਾ ਪਤਾਲਪੁਰੀ ਸਾਹਿਬ ਸ੍ਰੀ ਕੀਰਤਪੁਰ ਸਾਹਿਬ ਤੋਂ ਸ੍ਰੀ ਅਨੰਦਪੁਰ ਸਾਹਿਬ ਤੀਕ ਵਿਸ਼ੇਸ ਨਗਰ ਕੀਰਤਨ (ਮਹੱਲਾ) ਕੱਢਿਆ ਜਾਵੇਗਾ ਜਿਸ ਵਿੱਚ ਸਮੂਹ ਦਲਾਂ ਦੇ ਨਿਹੰਗ ਸਿੰਘ ਅਤੇ ਮੁਖੀ ਪੂਰੀ ਸੱਜ-ਧੱਜ ਨਾਲ ਸ਼ਾਮਲ ਹੋਣਗੇ।
ਉਨ੍ਹਾਂ ਕਿਹਾ ਕਿ ਪੰਥ ਦੇ ਨਾਮਵਾਰ ਕਥਾਵਾਚਕ ਗੁਰਦੁਆਰਾ ਗੁਰੂ ਕੇ ਮਹਿਲ ਭੋਰਾ ਸਾਹਿਬ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਗੁਰ ਇਤਿਹਾਸ ਦੀ ਕਥਾ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ।ਇਸੇ ਤਰ੍ਹਾਂ ਹੀ ਰਾਗ ਦਰਬਾਰ ਲਈ ਪੰਥ ਪ੍ਰਸਿੱਧ ਰਾਗਾਂ ਦੇ ਵਿਸ਼ੇਸ਼ ਮਾਹਿਰ ਰਾਗੀ ਜਥੇ ਇਨ੍ਹਾਂ ਸਮਾਗਮਾਂ ਵਿੱਚ ਸ਼ਬਦ ਗਾਇਨ ਕਰਨਗੇ।ਉਨ੍ਹਾਂ ਕਿਹਾ ਕਿ ਇਨ੍ਹਾਂ ਸਮਾਗਮਾ ਵਿੱਚ ਵੱਖ-ਵੱਖ ਸੰਤ ਮਹਾਂਪੁਰਸ਼, ਗਿਆਨੀ, ਵਿਦਵਾਨ ਤੇ ਵੱਖ-ਵੱਖ ਤਖ਼ਤ ਸਾਹਿਬਾਨਾਂ ਦੇ ਸਿੰਘ ਸਾਹਿਬਾਨ ਦੀ ਵੀ ਵਿਸ਼ੇਸ਼ ਸ਼ਮੂਲੀਅਤ ਹੋਵੇਗੀ।ਸ੍ਰੀ ਅਨੰਦਪੁਰ ਸਾਹਿਬ ਦੇ ਵੱਖ-ਵੱਖ ਪਹਿਲੂਆਂ ਨੂੰ ਉਜਾਗਰ ਕਰਦਾ ਇੱਕ ਵਿਸ਼ੇਸ ਯਾਦਗਾਰੀ ਸੋਵੀਨਾਰ ਪ੍ਰਕਾਸ਼ਤ ਹੋਵੇਗਾ।ਇਸ ਮੌਕੇ ਸ.ਰਬਜੀਤ ਸਿੰਘ ਜੋਹਲ ਤੇ ਪ੍ਰੋ. ਕਰਤਾਰ ਸਿੰਘ ਆਦਿ ਹਾਜ਼ਰ ਸਨ।

Check Also

ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ

ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …

Leave a Reply