Wednesday, March 18, 2026

ਪੰਜਾਬੀ ਸਾਹਿਤਕਾਰ ਅਕਸ ਅਤੇ ਸ਼ਾਇਰ ਅਹਿਸਾਨ ਨਾਲ ਰਚਾਈ ਸਾਹਿਤਕ-ਮਿਲਣੀ

PPN1704201506

ਅੰਮ੍ਰਿਤਸਰ, 17 ਅਪ੍ਰੈਲ (ਜਗਦੀਪ ਸਿੰਘ ਸੱਗੂ) – ਜਨਵਾਦੀ ਲੇਖਕ ਸੰਘ ਵੱਲੋਂ ਪੰਜਾਬੀ ਸਾਹਿਤਕਾਰ ਅਤੇ ਅਕਸ ਰਸਾਲੇ ਦੇ ਸੰਪਾਦਕ ਅਮਰਜੀਤ ਸਿੰਘ ਅਕਸ ਅਤੇ ਉਰਦੂ ਜਬਾਨ ਦੇ ਪ੍ਰਮੁੱਖ ਅਫਸਾਨਾ ਨਿਗਾਰ ਜਨਾਬ ਪੂਰਨ ਅਹਿਸਾਨ ਨਾਲ ਸਾਹਿਤਕ-ਮਿਲਣੀ ਰਚਾਈ ਗਈ।ਸ਼ਾਇਰ ਨਿਰਮਲ ਅਰਪਣ ਦੇ ਗ੍ਰਹਿ ਵਿੱਚ ਹੋਈ ਇਸ ਸੰਖੇਪ ਪਰ ਅਰਥ ਭਰਪੂਰ ਅਦਬੀ ਮਹਿਫਿਲ ਵਿੱਚ ਕਥਾਕਾਰ ਦੀਪ ਦਵਿੰਦਰ ਸਿੰਘ ਨੇ ਮਹਿਮਾਨ ਲੇਖਕ ਦੀਆਂ ਪੁਸਤਕਾਂ ‘ਪੰਜਾਬੀਅਤ ਦਾ ਅਬੰਲਰਦਾਰ’, ‘ਮਹਿਫਿਲ ਮਿੱਤਰਾਂ ਦੀ’, ‘ਸਰੋਕਾਰ’ ਅਤੇ ‘ਤੂੰ ਖਾਹ’ ਆਦਿ ਦੇ ਹਵਾਲੇ ਨਾਲ ਜਾਣ ਪਹਿਚਾਣ ਕਰਵਾਉਂਦਿਆਂ ਦੱਸਿਆ ਕਿ ਮਿਆਰੀ ਸਾਹਿਤਕ ਰਸਾਲੇ ਅਤੇ ਕਿਤਾਬਾਂ ਪਾਠਕ, ਲੇਖਕ ਅਤੇ ਆਮ ਆਦਮੀ ਨੂੰ ਇੱਕ ਸੂਤਰ ਵਿੱਚ ਪਰੋਣ ਦਾ ਕੰਮ ਕਰਦੇ ਹਨ। ਇਸ ਸਮੇਂ ਗੱਲਬਾਤ ਕਰਦਿਆਂ ਅਮਰਜੀਤ ਸਿੰਘ ਅਕਸ ਨੇ ਦੱਸਿਆ ਕਿ ਉਨ੍ਹਾਂ ਵੱਲੋਂ 1975 ਵਿੱਚ ਮਹੀਨਾਵਾਰ ਅਕਸ ਦੀ ਸੰਪਾਦਨਾ ਨਾਲ ਸ਼ੁਰੂ ਕੀਤਾ ਸਾਹਿਤਕ ਪੱਤਰਕਾਰੀ ਦਾ ਸਫਰ ਨਿਰੰਤਰ ਜਾਰੀ ਹੈ। ਇਸ ਸਾਹਿਤਕ ਸਫਰ ਵਿੱਚ ਸਾਧੂ ਸਿੰਘ ਹਮਦਰਦ, ਗਿਆਨੀ ਸ਼ਾਦੀ ਸਿੰਘ ਅਤੇ ਅਮਰ ਸਿੰਘ ਦੋਸਾਂਝ ਵਰਗੇ ਪਰੋਡ ਹਸਤਾਖਰਾਂ ਦੀ ਨੇੜਤਾ ਤੇ ਸਾਥ ਨੇ ਉਨ੍ਹਾਂ ਅੰਦਰ ਪੰਜਾਬੀ ਸਾਹਿਤਕ ਪੱਤਰਕਾਰੀ ਵਿੱਚ ਕੰਮ ਕਰਨ ਦਾ ਜ਼ਜ਼ਬਾ ਪੈਦਾ ਕੀਤਾ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਅਖਬਾਰਾਂ, ਉਚ ਮਿਆਰੀ ਰਸਾਲੇ ਅਤੇ ਕਿਤਾਬਾਂ ਮਨੁੱਖ ਦੇ ਦੁੱਖ-ਸੁੱਖ ਦੇ ਨੇੜਲੇ ਸਾਥੀ ਹਨ, ਜਿੰਨ੍ਹਾਂ ਨੂੰ ਖਰੀਦ ਕੇ ਪੜ੍ਹਣ ਦੀ ਚੇਟਕ ਪੈਦਾ ਕਰਨ ਦੀ ਲੋੜ ਹੈ। ਉਰਦੂ ਜੁਬਾਨ ਦੇ ਨਾਮਾਵਰ ਅਫਸਾਨਾਨਿਗਾਰ ਜਨਾਬ ਪੂਰਨ ਅਹਿਸਾਨ ਦੀ ਜਾਣ-ਪਹਿਚਾਣ ਸ੍ਰੀ ਦੇਵ ਦਰਦ ਨੇ ਕਰਵਾਈ। ਉਪਰੰਤ ਉਨ੍ਹਾਂ ਨੇ ਆਪਣੀਆਂ ਚਰਚਿਤ ਗਜ਼ਲਾਂ ਜਿੰਨ੍ਹਾਂ ਵਿੱਚ ‘ਜੋ ਤੇਰੀ ਬੰਦਗੀ ਨਹੀਂ ਕਰਤੇ ਵੋ ਦੀਏ ਰੋਸ਼ਨੀ ਨਹੀਂ ਕਰਤੇ’ ਅਤੇ ‘ਉਸਕੋ ਮਿਲਨੇ ਕੋ ਮੈਂ ਤਰਸਤਾ ਹੂੰ ਜੋ ਧੜਕਤਾ ਹੈ ਸੀਨੇ ਮੇਂ’ ਆਦਿ ਤਿਰੰਨਮ ਵਿੱਚ ਗਾ ਕੇ ਸਾਹਿਤਕ ਮਹਿਫਲ ਨੂੰ ਸ਼ਿਖਰ ਤੇ ਪਹੁੰਚਾਇਆ। ਇਸ ਸਮੇਂ ਪੰਜਾਬੀ ਵਿਦਵਾਨ ਡਾ. ਊਧਮ ਸਿੰਘ ਸ਼ਾਹੀ ਨੇ ਦੋਹਾਂ ਮਹਿਮਾਨ ਸਾਹਿਤਕਾਰਾਂ ਦੀ ਵਿਸ਼ੇਸ਼ ਆਮਦ ਦੇ ਹਵਾਲੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਰੋਏ ਲੇਖਕ ਵੱਲੋਂ ਸਿਰਜੀਆਂ ਨਰੋਈਆਂ ਸਾਹਿਤਕ ਰਚਨਾਵਾਂ ਮਾਤ ਭਾਸ਼ਾ ਦੀ ਤਰੱਕੀ ਦਾ ਸਬੱਬ ਬਣਦੀਆਂ ਹਨ। ਇਸ ਅਦਬੀ ਮਹਿਫਲ ਵਿੱਚ ਮਨਮੋਹਨ ਢਿੱਲੋਂ, ਡਾ. ਹਜ਼ਾਰਾ ਸਿੰਘ ਚੀਮਾ, ਮਨਮੋਹਨ ਬਾਸਰਕੇ, ਡਾ. ਕਸ਼ਮੀਰ ਸਿੰਘ, ਡਾ. ਮੀਸ਼ਾ ਅਤੇ ਤਰਲੋਚਨ ਸਿੰਘ ਤਰਨ ਤਾਰਨ ਆਦਿ ਹਾਜ਼ਰ ਸਨ।

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …

Leave a Reply