
ਅੰਮ੍ਰਿਤਸਰ, 17 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਪੀਪਲਜ਼ ਪਾਰਟੀ ਆਫ ਪੰਜਾਬ ਦੇ ਕੌਮੀ ਪ੍ਰਧਾਨ ਸ੍ਰ. ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਹੈ ਕਿ ਸੂਬੇ ਵਿੱਚ ਪੰਜਾਬ ਪੁਲਿਸ ਨੂੰ ਸਿਆਸੀ ਦਬਾਅ ਤੋਂ ਮੁਕਤ ਕਰਨ ਦੀ ਲੋੜ ਹੈ ਅਤੇ ਅਜਿਹਾ ਕੀਤੇ ਬਿਨਾਂ ਨਾ ਤਾਂ ਸੂਬੇ ਵਿੱਚ ਕੋਈ ਨਿਰਪੱਖ ਚੋਣ ਹੋ ਸਕਦੀ ਹੈ ਤੇ ਨਾ ਹੀ ਅਮਨ-ਸ਼ਾਂਤੀ ਬਹਾਲ ਹੋ ਸਕਦੀ ਹੈ।ਕੇਬਲ ਅਪਰੇਟਰ ਜਸਵਿੰਦਰ ਸਿੰਘ ਜੱਸੀ ਦੇ ਪ੍ਰੀਵਾਰ ਨਾਲ ਹਮਦਰਦੀ ਪ੍ਰਗਟ ਕਰਨ ਆਏ ਸ.੍ਰ ਮਨਪ੍ਰੀਤ ਸਿੰਘ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਧੂਰੀ ਵਿਧਾਨ ਸਭਾ ਜਿਮਨੀ ਚੋਣ ਨਤੀਜੇ ਤੋਂ ਉਨ੍ਹਾਂ ਨੂੰ ਕੋਈ ਹੈਰਾਨਗੀ ਨਹੀ ਹੋਈ ਕਿਉਂਕਿ ਅਜੇਹੇ ਮੌਕੇ ਤਾਂ ਸਿਪਾਹੀ ਤੋਂ ਲੈ ਕੇ ਡੀ.ਜੀ.ਪੀ ਤੀਕ ਤੇ ਪਟਵਾਰੀ ਤੋਂ ਲੈ ਕੇ ਡੀ.ਸੀ ਤੀਕ ਸੱਤਾਧਾਰੀ ਪਾਰਟੀ ਦਾ ਏਜੰਟ ਬਣ ਕੇ ਰਹਿ ਜਾਂਦੇ ਹਨ।ਬਾਦਲ ਨੇ ਕਿਹਾ ਕਿ ਉਨ੍ਹਾ ਦੀ ਪਾਰਟੀ ਦਿਨ ਰਾਤ ਸੂਬੇ ਦੇ ਲੋਕਾਂ ਨੂੰ ਜਾਗਰੂਕ ਕਰਨ ਤੇ ਲੱਗੀ ਹੋਈ ਹੈ ਲੇਕਿਨ ਉਹ ਮਹਿਸੂਸ ਕਰਦੇ ਹਨ ਕਿ ਸੂਬੇ ਵਿੱਚ ਅਕਾਲੀ-ਭਾਜਪਾ ਨੂੰ ਸੱਤਾ ਤੋਂ ਬਾਹਰ ਕਰਨਾ ਮੁਸ਼ਕਿਲ ਤਾਂ ਹੋ ਸਕਦੈ ਲੇਕਿਨ ਨਾ ਮੁਮਕਿਨ ਨਹੀ ਹੈ ਤੇ ਜੇਕਰ ਸਭ ਹਮ ਖਿਆਲੀ ਪਾਰਟੀਆਂ 2017 ਤੱਕ ਇਕ ਪਲੇਟਫਾਰਮ ਤੇ ਇਕੱਠੀਆਂ ਹੋ ਜਾਣ ਤਾਂ ਪੰਜਾਬ ਅਕਾਲੀ-ਭਾਜਪਾ ਮੁਕਤ ਹੋ ਸਕਦਾ ਹੈ।ਸੂਬੇ ਵਿੱਚ ਪੁਲਿਸ ਵਿਭਾਗ ਨੂੰ ਅਕਾਲੀ ਦਲ ਦੀ ਸਹਾਇਕ ਧਿਰ ਬਣਾਏ ਜਾਣ ਤੇ ਚਿੰਤਾ ਜਾਹਿਰ ਕਰਦਿਆਂ ਸਾਬਕਾ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਨਸ਼ੇ ਤੇ ਅਸ਼ਾਂਤੀ ਉਦੋਂ ਤੀਕ ਖਤਮ ਨਹੀ ਹੋ ਸਕਦੀ ਜਦ ਤੀਕ ਪੁਲਿਸ ਨੂੰ ਨਿਯਮਾਂ ਅਨੁਸਾਰ ਕੰਮ ਨਹੀ ਕਰਨ ਦਿੱਤਾ ਜਾਂਦਾ।
ਬਠਿੰਡਾ ਜੇਲ੍ਹ ਵਿਚ ਗੋਲੀ ਚਲਣ ਦੀ ਕੱਲ੍ਹ ਦੀ ਘਟਨਾ ਨੂੰ ਮੰਦਭਾਗਾ ਕਰਾਰ ਦਿੰਦਿਆਂ ਪੀਪਲਜ਼ ਪਾਰਟੀ ਆਫ ਪੰਜਾਬ ਦੇ ਪ੍ਰਧਾਨ ਨੇ ਕਿਹਾ ਕਿ ਇਨਸਾਫ ਤੋਂ ਬਿਨ੍ਹਾ ਤਾਂ ਪ੍ਰੀਵਾਰ ਨਹੀ ਚਲ ਸਕਦਾ, ਇਹ ਲੋਕ ਸੂਬਾ ਚਲਾਉਣ ਤੁਰੇ ਹੋਏ ਨੇ ਤੇ ਨਤੀਜੇ ਸਭਦੇ ਸਾਹਮਣੇ ਨੇ ਨਾ ਪੁਲਿਸ ਸੁਰੱਖਿਅਤ ਹੈ ਨਾ ਸ਼ਹਿਰ ਤੇ ਕਸਬੇ, ਨਾ ਲੋਕ ਅਤੇ ਨਾ ਜੇਲ੍ਹਾਂ, ਹਰ ਥਾਈਂ ਅਸ਼ਾਂਤੀ ਫੈਲਾਉਣ ਲਈ ਅਕਾਲੀ ਦਲ ਦੀ ਗੁੰਡਾ ਕਲਚਰ ਮੌਜੂਦ ਹੈ।ਬੇਮੌਸਮੀ ਬਾਰਿਸ਼ ਕਾਰਣ ਕਿਸਾਨਾਂ ਦੀ ਫਸਲ ਦੇ ਹੋਏ ਨੁਕਸਾਨ ਦੀ ਗਲ ਕਰਦਿਆਂ ਉੇਨ੍ਹਾਂ ਕਿਹਾ ਕਿ ਸੂਬੇ ਦਾ ਬਜਟ ਤਿਆਰ ਕਰਦਿਆਂ ਹਰ ਸਾਲ ਸਰਕਾਰਾਂ ਕੁਦਰਤੀ ਆਫਤਾਂ ਨਾਲ ਨਿਪਟਣ ਲਈ ਜੋ ਰਕਮ ਨਿਸਚਿਤ ਕਰਦੀਆਂ ਹਨ ਉਸ ਦਾ 20 ਫੀਸਦੀ ਪ੍ਰਬੰਧ ਸੂਬਾ ਸਰਕਾਰ ਕਰਦੀ ਹੈ ਲੇਕਿਨ ਪੰਜਾਬ ਦੀ ਅਕਾਲੀ ਸਰਕਾਰ ਨੇ ਕੇਂਦਰ ਦੀ ਅਮਾਨਤ ਦਾ ਇਹ 20 ਫੀਸਦੀ ਹਿੱਸਾ ਪਿਛਲੇ ਕਾਫੀ ਸਾਲਾਂ ਤੋਂ ਕਿਸੇ ਹੋਰ ਖਾਤੇ ਲਈ ਵਰਤਿਆ ਹੋਇਆ ਹੈ।ਇਸ ਮੌਕੇ ਸ੍ਰ. ਮਨਮੋਹਨ ਸਿੰਘ ਗੁਮਟਾਲਾ, ਇੰਜੀ: ਮਨਿੰਦਰ ਪਾਲ ਸਿੰਘ ਪਲਾਸੌਰ, ਸੀ੍ਰ ਰਾਮਸ਼ਰਨ ਪਾਲ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਮੌਜੂਦ ਸਨ ।
Punjab Post Daily Online Newspaper & Print Media