ਨਵੀਂ ਦਿੱਲੀ, 29 ਅਪ੍ਰੈਲ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨੇਪਾਲ ਵਿੱਚ ਆਏ ਭੁਚਾਲ ਦੇ ਪੀੜਤਾਂ ਦੀ ਮਦਦ ਲਈ ਜੰਗੀ ਪੱਧਰ ‘ਤੇ ਕੀਤੇ ਰਹੇ ਕਾਰਜਾਂ ਵਿੱਚ ਹੁਣ ਸਮਾਜਿਕ ਜਥੇਬੰਦੀਆਂ ਵੀ ਖੁੱਲ ਕੇ ਨਾਲ ਆਉਣੀਆਂ ਸ਼ੁਰੂ ਹੋ ਗਈਆਂ ਹਨ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਮੇਟੀ ਦੇ ਜੁਆਇੰਟ ਸਕੱਤਰ ਅਮਰਜੀਤ ਸਿੰਘ ਪੱਪੂ ਨੇ ਕਿਹਾ ਕਿ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਵਰਲਡ ਪੰਜਾਬੀ ਸੰਸਥਾ ਦੇ ਚੇਅਰਮੈਨ ਵਿਕਰਮ ਸਿੰਘ ਸਾਹਨੀ ਵੱਲੋਂ ਕੇਂਦਰੀ ਵਿਦੇਸ਼ ਰਾਜਮੰਤਰੀ ਜਰਨਲ ਵੀ.ਕੇ. ਸਿੰਘ ਨਾਲ ਹੋਈ ਮੁਲਾਕਾਤ ਤੋਂ ਬਾਅਦ ਸਾਰਕ ਦੇਸ਼ਾਂ ਦੇ ਕਾਠਮਾਂਡੂ ਵਿਖੇ ਦਫਤਰ ਵਿੱਚ ਦਿੱਲੀ ਕਮੇਟੀ ਨੂੰ ਲੰਗਰ ਪਕਾਉਣ ਵਾਸਤੇ ਜ਼ਰੂਰੀ ਮਨਜੂਰੀ ਵੀ ਮਿਲ ਗਈ ਹੈ। ਜਰਨਲ ਵੀ.ਕੇ. ਸਿੰਘ ਵੱਲੋਂ ਦਿੱਲੀ ਕਮੇਟੀ ਨੂੰ ਪੀੜਤਾਂ ਦੀ ਮਦਦ ਲਈ ਸੁੱਕੇ ਰਾਸ਼ਨ, ਕੰਬਲ ਅਤੇ ਟੈਂਟ ਆਦਿਕ ਭੇਜਣ ਦੀ ਕੀਤੀ ਗਈ ਅਪੀਲ ‘ਤੇ ਵੀ ਦਿੱਲੀ ਕਮੇਟੀ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਗੁਰਦੁਆਰਾ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ, ਫਤਿਹ ਨਗਰ ਦੇ ਪ੍ਰਬੰਧਕਾਂ ਵੱਲੋਂ 100 ਕਾਰਟੂਨ (ਬੋਕਸ) ਮੈਗੀ ਦੇ ਭੇਜਣ ਦੀ ਜਾਣਕਾਰੀ ਦਿੰਦੇ ਹੋਏ ਪੱਪੂ ਨੇ ਸਿੱਖ ਕੌਮ ਵੱਲੋਂ ਗੁਰੁ ਸਾਹਿਬਾਨ ਦੇ ਦੱਸੇ ਸਰਬਤ ਦੇ ਭਲੇ ਦੇ ਸੰਦੇਸ਼ ‘ਤੇ ਪਹਿਰਾ ਦੇਣ ਵਾਸਤੇ ਦਿੱਤੇ ਜਾ ਰਹੇ ਮਾਲੀ, ਰਸਦੀ ਅਤੇ ਹੋਰ ਸਹਾਇਤਾ ਰੂਪੀ ਸਹਿਯੋਗ ਲਈ ਧੰਨਵਾਦ ਵੀ ਜਤਾਇਆ। ਇਸ ਮੌਕੇ ਫਤਿਹ ਨਗਰ ਗੁਰਦੁਆਰੇ ਦੇ ਪ੍ਰਧਾਨ ਰਜਿੰਦਰ ਪਾਲ ਸਿੰਘ, ਜਰਨਲ ਸਕੱਤਰ ਮਨਮੋਹਨ ਸਿੰਘ, ਸੀਨੀਅਰ ਮੀਤ ਪ੍ਰਧਾਨ ਅੰਮ੍ਰਿਤਪਾਲ ਸਿੰਘ, ਮੀਤ ਪ੍ਰਧਾਨ ਜਗਮੋਹਨ ਸਿੰਘ ਆਨੰਦ ਅਤੇ ਖਜ਼ਾਨਚੀ ਗੁਰਮੇਸ਼ ਸਿੰਘ ਜੱਗੀ ਆਦਿਕ ਮੌਜੂਦ ਸਨ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media