ਪਠਾਨਕੋਟ, 29 ਅਪ੍ਰੈਲ (ਪੱਤਰ ਪ੍ਰੇਰਕ) – ਪੰਜਾਬ ਸਰਕਾਰ ਵੱਲੋਂ ਪਸ਼ੂ ਧੰਨ ਨੂੰ ਉਤਸ਼ਾਹਿਤ ਕਰਨ, ਪਸ਼ੂਆਂ ਦੀ ਸਾਂਭ ਸੰਭਾਲ ਲਈ ਅਤੇ ਪਸ਼ੂਆਂ ਦੇ ਇਲਾਜ ਲਈ ਜ਼ਿਲ੍ਹਾ ਪਠਾਨਕੋਟ ਅੰਦਰ ਪਿੰਡ ਮਨਵਾਲ ਨੇੜੇ ਆਧੁਨਿਕ ਸਹੂਲਤਾਂ ਵਾਲਾ ਪਸ਼ੂ ਹਸਪਤਾਲ 2 ਕਰੋੜ 65 ਲੱਖ ਰੁਪਏ ਦੀ ਲਾਗਤ ਨਾਲ ਬਣਾਇਆ ਜਾ ਰਿਹਾ ਹੈ। ਇਹ ਜਾਣਕਾਰੀ ਸ਼੍ਰੀ ਦਿਨੇਸ਼ ਸਿੰਘ ਬੱਬੂ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਨੇ ਦਿੰਦਿਆ ਦੱਸਿਆ ਕਿ ਇਹ ਪਸ਼ੂ ਹਸਪਤਾਲ ਦੋ ਏਕੜ ਵਿੱਚ ਉਸਾਰਿਆ ਜਾ ਰਿਹਾ ਹੈ।
ਡਿਪਟੀ ਸਪੀਕਰ ਨੇ ਦੱਸਿਆ ਕਿ ਪਸ਼ੂ ਪਾਲਣ ਵਿਭਾਗ ਪਠਾਨਕੋਟ ਵੱਲੋਂ ਜ਼ਿਲ੍ਹੇ ਅੰਦਰ 3557 ਗਾਂਵਾਂ ਨੂੰ ਬਨਾਵਟੀ ਗਰਭਦਾਨ ਦੇ ਟੀਕੇ ਲਗਾਏ ਗਏ ਹਨ ਅਤੇ ਹੁਣ ਤੱਕ 33308 ਗਾਂਵਾਂ ਨੂੰ ਟੀਕੇ ਲਗਾਏ ਜਾ ਚੁੱਕੇ ਹਨ ਅਤੇ ਇਸ ਤੋਂ ਇਲਾਵਾ ਹੁਣ ਤੱਕ 1179 ਗਾਂਵਾਂ ਨੂੰ ਵਿਦੇਸ਼ੀ ਨਸਲ ਦੇ ਟੀਕੇ ਲਗਾਏ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਮੱਝਾਂ ਨੂੰ ਹੁਣ ਤੱਕ 13118 ਟੀਕੇ ਲਾਗਏ ਗਏ ਹਨ ਅਤੇ 57 ਸੈਕਸਡ ਸੀਮਨ ਦੇ ਟੀਕੇ ਵੀ ਮੱਝਾਂ ਨੂੰ ਲਗਾਏ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਪਸ਼ੂ ਪਾਲਣ ਵਿਭਾਗ ਵੱਲੋਂ ਬਕੱਰੀਆਂ ਪਾਲਣ ਦੇ ਯੂਨਿਟ ਸਥਾਪਿਤ ਕਰਨ ਲਈ ਪਸ਼ੂ ਪਾਲਕਾਂ ਨੂੰ ਸਬਸਿਡੀ ਦਿੱਤੀ ਜਾ ਰਹੀ ਹੈ ਅਤੇ 10 ਕੇਸ ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ (ਆਰ.ਕੇ.ਵੀ.ਵਾਈ.) ਸਕੀਮ ਅਧੀਨ ਸਬਸਿਡੀ ਡਰਾਅ ਕਰਨ ਲਈ ਕੇਸ ਬੈਂਕਾਂ ਨੂੰ ਭੇਜੇ ਗਏ ਹਨ। ਉਨ੍ਹਾਂ ਦੱਸਿਆ ਕਿ ਇੱਕ ਯੂਨਿਟ ਸਥਾਪਿਤ ਕਰਨ ਲਈ ਇੱਕ ਲੱਖ ਰੁਪਏ ‘ਤੇ ਜਨਰਲ ਜਾਤੀ ਨਾਲ ਸਬੰਧਤ ਲਾਭਪਾਤਰੀ ਨੂੰ 25000 ਰੁਪਏ ਅਤੇ ਅਨਸੂਚਿਤ ਜਾਤੀ ਨਾਲ ਸਬੰਧਤ ਲਾਭਪਾਤਰੀ ਨੂੰ 33330 ਰੁਪਏ ਤੱਕ ਸਬਸਿਡੀ ਦਿੱਤੀ ਜਾਂਦੀ ਹੈ।
ਉਨ੍ਹਾਂ ਦੱਸਿਆ ਕਿ ਪਸ਼ੂ ਪਾਲਣ ਵਿਭਾਗ ਵੱਲੋਂ ਹੁਣ ਤੱਕ 78760 ਬੀਮਾਰ ਜਨਵਰਾਂ ਦਾ ਆਉਟ ਡੋਰ ਇਲਾਜ ਕੀਤਾ ਗਿਆ ਹੈ ਅਤੇ ਦਵਾਈਆਂ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਪਸ਼ੂਆਂ ਦੀ ਸਾਂਭ ਸੰਭਾਲ ਲਈ ਲੋਕਾਂ ਨੂੰ ਜਾਗਰੂਕ ਕਰਨ ਲਈ ਜ਼ਿਲ੍ਹੇ ਅੰਦਰ ਪਿਛਲੇ ਸਾਲ ਦੌਰਾਨ 30 ਕੈਂਪ ਲਗਾਏ ਗਏ ਅਤੇ ਕੈਂਪਾਂ ਵਿੱਚ ਆਏ ਪਸ਼ੂ ਪਾਲਕਾਂ ਨੂੰ ਅੱਧੇ ਰੇਟ ‘ਤੇ ਮਿਨਰਲ ਮਿਕਸਚਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਕੈਂਪਾਂ ਵਿੱਚ ਪਹੁੰਚੇ ਜਨਵਰਾਂ ਨੂੰ ਕੀਰਮ ਰਹਿਤ ਅਤੇ ਚਿਚੜਾਂ ਤੋਂ ਬਚਾਅ ਲਈ ਦਵਾਈਆਂ ਦਿੱਤੀਆਂ ਗਈਆਂ ਅਤੇ ਹਲਕਾਅ ਤੋਂ ਬਚਾਅ ਲਈ ਕੁੱਤਿਆਂ ਨੂੰ ਟੀਕੇ ਵੀ ਲਗਾਏ ਗਏ। ਉਨ੍ਹਾਂ ਦੱਸਿਆ ਕਿ ਪਸ਼ੂ ਪਾਲਣ ਵਿਭਾਗ ਵੱਲੋਂ ਪਸ਼ੂ ਧੰਨ ਨੂੰ ਉਤਸ਼ਾਹਿਤ ਕਰਨ ਲਈ ਭੋਆ ਵਿਖੇ ਪਸ਼ੂ ਧੰਨ ਚੈਂਪੀਅਨਸ਼ਿੱਪ ਅਤੇ ਦੁੱਧ ਚੁਆਈ ਮੁਕਾਬਲੇ ਵੀ ਕਰਵਾਏ ਗਏ ਅਤੇ ਜੇਤੂ ਪਸ਼ੂ ਪਾਲਕਾਂ ਨੂੰ 5.50 ਲੱਖ ਰੁਪਏ ਨਕਦ ਇਨਾਮ ਦਿੱਤੇ ਗਏ।
Punjab Post Daily Online Newspaper & Print Media