ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਬੁੱਕਾ ਭੇਟ ਕਰਕੇ ਜੀ ਆਇਆਂ ਕਿਹਾ

ਅੰਮ੍ਰਿਤਸਰ, 2 ਮਈ (ਪੰਜਾਬ ਪੋਸਟ ਬਿਊਰੋ) – ਭਾਜਪਾ ਕੌਮੀ ਪ੍ਰਧਾਨ ਸ਼੍ਰੀ ਅਮਿਤ ਸ਼ਾਹ ਅੱਜ ਪਠਾਨਕੋਟ ਤੋਂ ਅਮ੍ਰਿਤਸਰ ਸੜਕੀ ਰਸਤੇ ਰਾਹੀਂ ਬਾਅਦ ਦੁਪਹਿਰ 1.15 ਦੇ ਕਰੀਬ ਪੁੱਜੇ।ਸਥਾਨਕ ਸਰਕਟ ਹਾਊਸ ਪੁੱਜਣ ‘ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਉਨਾਂ ਨੂੰ ਬੁੱਕਾ ਭੇਟ ਕਰਕੇ ਜੀ ਆਇਆਂ ਕਿਹਾ। ਕੋਈ 2.00 ਵਜੇ ਦੇ ਕਰੀਬ ਜਿਓਂ ਹੀ ਅਮਿਤ ਸ਼ਾਹ ਸਥਾਨਕ ਰਣਜੀਤ ਐਵਨਿਊ ਬੀ ਬਲਾਕ ਪ੍ਰਦਰਸ਼ਨੀ ਮੈਦਾਨ ਪੁੱਜੇ ਤਾਂ ਉਥੇ ਪਹਿਲਾਂ ਤੋਂ ਮੌਜੂਦ ਕ੍ਰਿਸਚੀਅਨ ਫਰੰਟ ਦੇ ਦੋ ਦਰਜਨ ਦੇ ਕਰੀਬ ਵਰਕਰਾਂ ਨੇ ਅਮਿਤ ਸ਼ਾਹ ਵਾਪਸ ਜਾਓ, ਭਾਜਪਾ ਮੁਰਦਾਬਾਦ ਅਤੇ ਅਮਿਤ ਸ਼ਾਹ ਮੁਰਦਾਬਾਦ ਦੇ ਨਾਅਰਿਆ ਨਾਲ ਸਵਾਗਤ ਕੀਤਾ। ਮੌਕੇ ‘ਤੇ ਮੌਜੂਦ ਪੁਲਿਸ ਨੇ ਕਾਹਲੀ ਨਾਲ ਰੋਸ ਕਰਨ ਵਾਲਿਆਂ ਨੂੰ ਘੇਰ ਲਿਆ ਲੇਕਿਨ ਇੰਨਾਂ ਵਿਚੋਂ ਕੁੱਝ ਨੂੰ ਕਾਬੂ ਕਰ ਲਿਆ।
ਪਾਰਟੀ ਵਰਕਰਾਂ ਨੂੰ ਸੰਬੋਧਨ ਕਰਨ ਲਈ ਪੰਡਾਲ ਵਿੱਚ ਪੁੱਜਣ ‘ਤੇ ਸਰਗਰਮ ਮੈਂਬਰਾਂ ਨੇ ਸ੍ਰੀ ਅਮਿਤ ਸ਼ਾਹ ਨੂੰ ਜੀ ਆਇਆਂ ਕਿਹਾ। ਕੋਈ 3 ਘੰਟੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਅਮਿਤ ਸ਼ਾਹ ਨੇ ਨਿੱਜੀ ਰੰਜ਼ਿਸ਼ਾਂ ਭੁਲਾ ਕੇ ਪਾਰਟੀ ਦੇ ਮਿਸ਼ਨ 2017 ਨੂੰ ਕਾਮਯਾਬ ਕਰਨ ਦਾ ਪਾਰਟੀ ਆਗੂਆਂ ਤੇ ਅਹੁਦੇਦਾਰਾਂ ਨੂੰ ਸਬਕ ਪੜਾਇਆ। ਸ੍ਰੀ ਸ਼ਾਹ ਨੇ ਤਾਂ ਇਥੋਂ ਤੱਕ ਕਹਿ ਦਿਤਾ ਕਿ ਉਹ ਸਾਲ 2017 ਵਿੱਚ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਵੇਖਣੀ ਚਾਹੁੰਦੇ ਹਨ ਅਤੇ ਇਸ ਮਕਸਦ ਲਈ ਪਾਰਟੀ ਵਰਕਰ ਹਰ ਘਰ ਹਰ ਗਲੀ ਕਮਲ ਦਾ ਫੁੱਲ ਖਿਲਾਉਣ ਲਈ ਹੁਣ ਤੋਂ ਹੀ ਮੈਦਾਨ ਵਿੱਚ ਨਿੱਤਰ ਆਉਣ।
ਭਾਜਪਾ ਪ੍ਰਧਾਨ ਨੇ ਜਿੱਥੇ ਪੰਜਾਬ ਵਿੱਚ ਫੈਲ ਰਹੇ ਨਸ਼ਿਆਂ ‘ਤੇ ਦੁੱਖ ਪ੍ਰਗਟ ਕੀਤਾ ਤੇ ਲੋਕਾਂ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕਰਨ ਦਾ ਦਾਅਵਾ ਕੀਤਾ, ਉਥੇ ਮੋਗਾ ਦੇ ਬਹੁ ਚਰਚਿਤ ਛੇੜਛਾੜ ਕਾਂਡ ਬਾਰੇ ਕੋਈ ਟਿੱਪਣੀ ਨਹੀਂ ਕਹਿ ਕੇ ਸਾਰ ਲਿਆ।ਜਿਕਰਯੋਗ ਹੈ ਕਿ ਭਾਜਪਾ ਦੇ ਕੌਮੀ ਪ੍ਰਧਾਨ ਦੀ ਅੰਮ੍ਰਿਤਸਰ ਵਿੱਚ ਪਹਿਲੀ ਨਸ਼ਾ ਵਿਰੋਧੀ ਰੈਲੀ 12 ਫਰਵਰੀ 2015 ਨੂੰ ਰੱਖੀ ਗਈ ਸੀ, ਲੇਕਿਨ ਅਕਾਲੀ ਦਲ ਨੇ ਇਸ ਤੋਂ ਪਹਿਲਾਂ ਅਟਾਰੀ ਵਿਖੇ 5 ਫਰਵਰੀ ਨੂੰ ਅਜਿਹੀ ਰੈਲੀ ਕਰ ਦਿੱਤੀ।
ਭਾਜਪਾ ਨੇ ਇੱਕ ਵਾਰ ਫੇਰ ਅੰਮ੍ਰਿਤਸਰ ਵਿੱਚ 22 ਫਰਵਰੀ ਨੂੰ ਰੈਲੀ ਕਰਨ ਦਾ ਐਲਾਨ ਕੀਤਾ ਲੇਕਿਨ ਬਾਅਦ ਵਿੱਚ ਦਿੱਲੀ ਵਿਧਾਨ ਸਭਾ ਚੋਣਾਂ ਦਾ ਬਹਾਨਾ ਬਣਾ ਕੇ ਰੈਲੀ ਕੈਂਸਲ ਕਰ ਦਿਤੀ। 22 ਫਰਵਰੀ ਨੂੰ ਜਿਸ ਅਸਥਾਨ ‘ਤੇ ਭਾਜਪਾ ਨੇ ਰੈਲੀ ਕਰਨੀ ਸੀ, ਉਸੇ ਅਸਥਾਨ ‘ਤੇ ਸਾਬਕਾ ਕਾਂਗਰਸੀ ਮੁੱਖ ਮੰਤਰੀ ਅਤੇ ਜਿਲੇ ਤੋਂ ਸੰਸਦ ਮੈਂਬਰ ਕੈਪਟਨ ਅਮਰਿੰਦਰ ਸਿੰਘ ਨੇ ਵਿਸ਼ਾਲ ਰੈਲੀ ਕਰ ਦਿੱਤੀ।ਹੁਣ ਵੀ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਦੀ ਬਹੁ ਚਰਚਿਤ ਅੰਮ੍ਰਿਤਸਰ ਰੈਲੀ ਦੀ ਹਾਜ਼ਰੀ ਆਸ ਤੋਂ ਘੱਟ ਨਜਰ ਆਈ।
Punjab Post Daily Online Newspaper & Print Media