ਪਿਛਲੇ ਅਠਾਰਾਂ ਸਾਲ ਤੋ ਚੱਲ ਰਿਹਾ ਹੈ ਲੰਗਰ
ਬਠਿੰਡਾ, 5 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸ਼੍ਰੀ ਹੇਮਕੁੰਡ ਸਾਹਿਬ ਲੰਗਰ ਅਤੇ ਵੈਲਫੇਅਰ ਕਮੇਟੀ (ਰਜਿ) ਬਠਿੰਡਾ ਦੀ ਇੱਕ ਜਰੂਰੀ ਮੀਟਿੰਗ ਪ੍ਰਧਾਨ ਮਹਿੰਦਰ ਸਿੰਘ ਸੋਹਲ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਸ਼੍ਰੀ ਹੇਮਕੁੰਟ ਸਾਹਿਬ ਵਿਖੇ ਲੰਗਰ ਲਗਾਏ ਜਾਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।ਮੀਟਿੰਗ ਵਿੱਚ ਸ਼੍ਰੀ ਹੇਮਕੁੰਟ ਸਾਹਿਬ ਅਤੇ ਬਦਰੀ ਨਾਥ ਦੇ ਦਰਸ਼ਨਾਂ ਲਈ ਜਾਣ ਵਾਲੀਆਂ ਸੰਗਤਾਂ ਦੀ ਸਹੂਲਤ ਲਈ ਲਾਏ ਜਾਣ ਵਾਲੇ ਲੰਗਰ ਦੀ ਸਫਲਤਾ ਲਈ ਕਮੇਟੀ ਆਗੂਆਂ ਅਤੇ ਵਰਕਰਾਂ ਦੀਆਂ ਵੱਖੋ ਵੱਖਰੀਆਂ ਡਿਊਟੀਆਂ ਲਗਾਈਆਂ ਗਈਆਂ। ਕਮੇਟੀ ਦੇ ਸੈਕਟਰੀ ਸਵਰਨ ਸਿੰਘ ਢਿਲੋਂ ਨੇ ਦੱਸਿਆ ਕਿ ਹਰ ਵਾਰ ਦੀ ਤਰ੍ਹਾਂ ਇਸ ਸਾਲ ਵੀ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ 19 ਵਾਂ ਲੰਗਰ ਸ਼੍ਰੀ ਹੇਮਕੁੰਟ ਸਾਹਿਬ ਪਿੰਡ ਗੰਡੋਰਾ ਨੇੜੇ ਪਿੱਪਲ ਕੋਟੀ ਨੇੜੇ 7 ਜੂਨ ਤੋਂ 17 ਜੂਨ ਤੱਕ ਲਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਲੰਗਰ ਦੀ ਤਿਆਰੀ ਪੂਰੇ ਜੋਰ ਸ਼ੋਰ ਨਾਲ ਚੱਲ ਰਹੀ ਹੈ।ਉਨ੍ਹਾਂ ਦੱਸਿਆ ਕਿ ਕਮੇਟੀ ਵੱਲੋਂ ਪਿਛਲੇ ਅਠਾਰਾਂ ਸਾਲ ਤੋਂ ਯਾਤਰਾ ਤੇ ਜਾਣ ਵਾਲੀਆਂ ਸੰਗਤਾਂ ਲਈ ਲੰਗਰ ਲਗਾਇਆ ਜਾਂਦਾ ਹੈ।ਉਨ੍ਹਾਂ ਦੱਸਿਆ ਕਿ ਲੰਗਰ ਦੀ ਰਸਦ ਨੂੰ ਪੂਰੀ ਸਰਧਾਂ ਭਾਵਨਾਂ ਨਾਲ 4 ਜੂਨ ਨੂੰ ਸ਼ਾਮ 4 ਵਜੇ ਸੌ ਫੁੱਟੀ ਚੌਕ ਬੀਬੀ ਵਾਲਾ ਰੋਡ ਬਠਿੰਡਾ ਤੋਂ ਰਵਾਨਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਲੰਗਰ ਦੇ ਨਾਲ ਨਾਲ ਕਮੇਟੀ ਵੱਲੋਂ ਯਾਤਰੀਆਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਦਵਾਈਆਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ, ਜੋ ਲੋੜਵੰਦ ਯਾਤਰੀਆਂ ਨੂੰ ਮੁਫਤ ਦਿੱਤੀਆਂ ਜਾਣਗੀਆਂ।
Punjab Post Daily Online Newspaper & Print Media
