Friday, March 27, 2026

ਪਾਕਿਸਤਾਨ ਕਮੇਟੀ ਦੀ ਆੜ ਵਿੱਚ ਸਰਨਾ ਭਰਾ ਪੰਥ ਨੂੰ ਕਮਜ਼ੋਰ ਨਾ ਕਰਨ

ਨਵੀਂ ਦਿੱਲੀ, 6 ਮਈ (ਅੰਮ੍ਰਿਤ ਲਾਲ ਮੰਨਣ) – ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਂ ਅਤੇ ਹਵਾਲੇ ‘ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸਰਨਾ ਵੱਲੋਂ ਕੀਤੀ ਜਾ ਰਹੀ ਕੌਝੀ ਸਿਆਸਤ ਨੂੰ ਦਿੱਲੀ ਕਮੇਟੀ ਨੇ ਮੰਦਭਾਗਾ ਦੱਸਿਆ ਹੈ। ਕਮੇਟੀ ਦੇ ਕਾਰਜਕਾਰੀ ਮੀਡੀਆ ਸਲਾਹਕਾਰ ਪਰਮਿੰਦਰ ਪਾਲ ਸਿੰਘ ਨੇ ਸਰਨਾ ਭਰਾਵਾਂ ਵੱਲੋਂ ਪਾਕਿਸਤਾਨ ਕਮੇਟੀ ਦੀ ਆੜ ਵਿੱਚ ਕੌਮ ਦੇ ਵਿਚਕਾਰ ਦੇ ਮਤਭੇਦਾ ਨੂੰ ਹੱਲ ਕਰਨ ਦੀ ਬਜਾਏ ਆਪਸੀ ਭਾਈਚਾਰੇ ਨੂੰ ਕਮਜ਼ੋਰ ਕਰਨ ਦਾ ਵੀ ਸਰਨਾ ਭਰਾਵਾਂ ‘ਤੇ ਦੋਸ਼ ਲਾਇਆ ਹੈ। ਸਰਨਾ ਦੀ ਸਿਆਸੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੀ ਅਧਿਕਾਰਿਕ ਈ-ਮੇਲ ਆਈ.ਡੀ. ਤੋਂ ਪਾਕਿਸਤਾਨ ਕਮੇਟੀ ਦੇ ਜਰਨਲ ਸਕੱਤਰ ਗੋਪਾਲ ਸਿੰਘ ਚਾਵਲਾ ਦੇ ਜਾਰੀ ਹੋਏ ਬਿਆਨ ਪਿੱਛੇ ਦੀ ਕੋਝੀ ਸਿਆਸਤ ਨੂੰ ਵੀ ਸਮਝਣ ਦੀ ਉਨ੍ਹਾਂ ਨੇ ਅਪੀਲ ਕੀਤੀ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉੱਚਤਾ ‘ਤੇ ਦਿੱਲੀ ਕਮੇਟੀ ਵੱਲੋਂ ਪਹਿਰਾ ਦੇਣ ਦੀ ਗੱਲ ਕਰਦੇ ਹੋਏ ਉਨ੍ਹਾਂ ਨੇ ਮੂਲ ਨਾਨਕਸ਼ਾਹੀ ਕੈਲੰਡਰ ਬਾਰੇ ਪਾਕਿਸਤਾਨ ਕਮੇਟੀ ਦੇ ਸ਼ਰਤਾਂ ਦੀ ਹੋਂਦ ਵਿੱਚ ਦਿੱਤੇ ਗਏ ਬਿਆਨ ਪਿੱਛੇ ਵੀ ਸਰਨਾ ਭਰਾਵਾਂ ਦੀ ਪੰਥ ਪਾੜੂ ਨੀਤੀਆਂ ਦੇ ਸ਼ਾਮਿਲ ਹੋਣ ਦਾ ਖਦਸਾ ਜਤਾਇਆ ਹੈ। ਉਨ੍ਹਾਂ ਕਿਹਾ ਕਿ ਦਿੱਲੀ ਕਮੇਟੀ ਦੇ ਜਰਨਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਪਹਿਲੇ ਹੀ ਸਰਨਾ ਭਰਾਵਾਂ ਨੂੰ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਦੀ ਮਿਲੀ ਕਾਰਸੇਵਾ ਲਈ ਵਧਾਈ ਦੇ ਚੁੱਕੇ ਹਨ। ਇਸ ਲਈ ਸਰਨਾ ਭਰਾਵਾਂ ਵੱਲੋਂ ਇਸ ਸਬੰਧੀ ਦਿੱਤੇ ਜਾ ਰਹੇ ਬਿਆਨ ਪਾਕਿਸਤਾਨ ਕਮੇਟੀ ਦੀ ਖੁਦ ਮੁੱਖਤਿਆਰੀ ਵਾਸਤੇ ਠੀਕ ਨਹੀਂ ਹੈ।ਪਾਕਿਸਤਾਨ ਕਮੇਟੀ ਦੀ ਇਖਲਾਕੀ ਹੋਂਦ ਅਤੇ ਖੁਦ ਮੁੱਖਤਿਆਰੀ ‘ਤੇ ਸਵਾਲੀਆਂ ਨਿਸ਼ਾਨ ਵੀ ਸਰਨਾ ਭਰਾਵਾਂ ਦੀ ਹਰਕਤਾਂ ਨਾਲ ਲੱਗਣ ਦਾ ਵੀ ਉਨ੍ਹਾਂ ਨੇ ਖਦਸਾ ਜਤਾਇਆ।
ਸ਼੍ਰੋਮਣੀ ਅਕਾਲੀ ਦਲ ਦਿੱਲੀ ਨੂੰ ਵਿਚਾਰਧਾਰਾ ਰਹਿਤ, ਮੁੱਦਾਹੀਨ, ਗੈਰ ਜਥੇਬੰਦਕ ਅਤੇ ਗੈਰ ਲੋਕਤਾਂਤਰਿਕ ਪਾਰਟੀ ਦੱਸਦੇ ਹੋਏ ਉਨ੍ਹਾਂ ਨੇ ਸਰਨਾ ਭਰਾਵਾਂ ਵੱਲੋਂ ਆਪਣੇ ਕਾਰਜਕਾਲ ਦੌਰਾਨ ਸਿਆਸੀ ਲਾਹਾ ਲੈਣ ਲਈ ਮੂਲ ਨਾਨਕਸ਼ਾਹੀ ਕੈਲੰਡਰ ਵਿੱਚ ਸੰਗਰਾਂਦ, ਪੁਰਨਮਾਸ਼ੀ, ਅਤੇ ਮੱਸਿਆਂ ਦੀਆਂ ਤਰੀਕਾਂ ਵਿੱਚ ਕੀਤੇ ਗਏ ਫੇਰ ਬਦਲ ਨੂੰ ਵੀ ਚੇਤੇ ਕਰਵਾਇਆ। ਹਰਵਿੰਦਰ ਸਿੰਘ ਸਰਨਾ ਵੱਲੋਂ ਮੋਗਾ ਬੱਸ ਕਾਂਡ ਵਿੱਚ ਪੰਜਾਬ ਦੇ ਉਪ ਮੁੱਖਮੰਤਰੀ ਸੁਖਬੀਰ ਸਿੰਘ ਬਾਦਲ ਖਿਲਾਫ ਪਰਚਾ ਦਰਜ ਕਰਨ ਦੇ ਦਿੱਤੇ ਗਏ ਬਿਆਨ ‘ਤੇ ਵੀ ਸਰਨਾ ਭਰਾਵਾਂ ਨੂੰ ਆਪਣੀ ਪੀੜੀ ਹੇਠ ਸੋਟਾ ਫੇਰਨ ਦੀ ਵੀ ਉਨ੍ਹਾਂ ਸਲਾਹ ਦਿੱਤੀ। ਪਰਮਜੀਤ ਸਿੰਘ ਸਰਨਾ ਦੇ ਕਾਰਜਕਾਲ ਦੌਰਾਨ ਦਿੱਲੀ ਕਮੇਟੀ ਦੇ ਇਕ ਮੁਲਾਜ਼ਿਮ ਦੀ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਕਰੰਟ ਲੱਗਣ ਨਾਲ ਹੋਈ ਦੁਖਦਾਈ ਮੌਤ ਦੀ ਗੱਲ ਕਰਦੇ ਹੋਏ ਉਨ੍ਹਾਂ ਸਰਨਾ ਭਰਾਵਾਂ ਨੂੰ ਇਸ ਬਾਰੇ ਆਪਣੇ ਖਿਲਾਫ ਵੀ ਇਕ ਮੁਕਦਮਾ ਦਰਜ ਕਰਵਾਉਣ ਦੀ ਸਲਾਹ ਦਿੱਤੀ। ਧਾਰਮਿਕ ਅਤੇ ਸੰਵੇਦਨਸ਼ੀਲ ਮਸਲਿਆਂ ‘ਤੇ ਬਿਆਨਬਾਜੀ ਕਰਨ ਤੋਂ ਪਹਿਲਾ ਉਸ ਦੇ ਸਮਾਜਿਕ ਅਤੇ ਸਿਆਸੀ ਅਸਰ ਬਾਰੇ ਵੀ ਵਿਚਾਰ ਕਰਨ ਦੀ ਸਰਨਾ ਭਰਾਵਾਂ ਨੂੰ ਉਨ੍ਹਾਂ ਅਪੀਲ ਕੀਤੀ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply