Sunday, March 29, 2026

ਗੁਰੂ ਸਾਹਿਬਾਨਾਂ ਦੀਆਂ ਪਵਿੱਤਰ ਨਿਸ਼ਾਨੀਆਂ ਦੀ ਦਰਸ਼ਨ ਯਾਤਰਾ ਦੇ ਪ੍ਰੋਗਰਾਮ ਵਿੱਚ ਬਦਲਾਅ

ਯਾਤਰਾ ਹੁਣ 9 ਤੇ 10 ਮਈ ਨੂੰ ਵੀ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਠਹਿਰੇਗੀ

ਬਠਿੰਡਾ , 7 ਮਈ (ਅਵਤਾਰ ਸਿੰਘ ਕੈਂਥ) – ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੱਲ੍ਹ ਪਟਿਆਲਾ ਤੋਂ ਪੂਰੇ ਜਾਹੋ-ਜਲਾਲ ਨਾਲ ਸ਼ੁਰੂ ਹੋਈ ਤਿੰਨ ਗੁਰੂ ਸਾਹਿਬਾਨਾਂ ਨਾਲ ਸਬੰਧਤ ਪਵਿੱਤਰ ਨਿਸ਼ਾਨੀਆਂ, ਸ਼ਸਤਰਾਂ ਤੇ ਵਸਤਰਾਂ ਦੀ ਧਾਰਮਿਕ ਦਰਸ਼ਨ ਯਾਤਰਾ ਪ੍ਰਤੀ ਸੰਗਤਾਂ ਦੇ ਭਾਰੀ ਉਤਸ਼ਾਹ, ਅਥਾਹ ਸ਼ਰਧਾ ਅਤੇ ਧਾਰਮਿਕ ਜ਼ਜਬੇ ਦਾ ਸਤਿਕਾਰ ਕਰਦਿਆਂ ਪਹਿਲਾਂ ਉਲੀਕੇ ਪ੍ਰੋਗਰਾਮ ਵਿੱਚ ਬਦਲਾਅ ਕਰਨਾ ਪਿਆ। ਸਿੱਖਿਆ ਮੰਤਰੀ ਅਤੇ ਇਸ ਯਾਤਰਾ ਦੀ ਪ੍ਰਬੰਧਕੀ ਕਮੇਟੀ ਦੇ ਮੈਂਬਰ ਡਾ.ਦਲਜੀਤ ਸਿੰਘ ਚੀਮਾ ਨੇ ਅੱਜ ਇਥੇ ‘ਧਾਰਮਿਕ ਦਰਸ਼ਨ ਯਾਤਰਾ’ ਦਾ ਬਦਲਿਆ ਪ੍ਰੋਗਰਾਮ ਜਾਰੀ ਕਰਦਿਆਂ ਦੱਸਿਆ ਕਿ ਕੱਲ੍ਹ ਪਟਿਆਲਾ ਵਿਖੇ ਭਾਰੀ ਜਾਹੋ-ਜਲਾਲ ਨਾਲ ਸ਼ੁਰੂ ਹੋਈ ਇਸ ਯਾਤਰਾ ਵਿੱਚ ਸੰਗਤਾਂ ਦਾ ਉਤਸ਼ਾਹ ਆਸ ਤੋਂ ਵਧੇਰੇ ਵੇਖਣ ਨੂੰ ਮਿਲਿਆ। ਸੰਗਤਾਂ ਦੇ ਉਤਸ਼ਾਹ ਅਤੇ ਉਹਨਾਂ ਦੀ ਧਾਰਮਿਕ ਆਸਥਾ ਦਾ ਸਤਿਕਾਰ ਕਰਦੇ ਹੋਏ ਯਾਤਰਾ ਦੇ ਪ੍ਰੋਗਰਾਮ ਨੂੰ ਹੋਰ ਵਧਾਉਂਦਿਆਂ ਠਹਿਰ ਵਾਲੇ ਸਥਾਨਾਂ ਦੀ ਗਿਣਤੀ ਅਤੇ ਦਿਨ ਵਧਾ ਦਿੱਤੇ ਹਨ। ਉਹਨਾਂ ਦੱਸਿਆ ਕਿ ਯਾਤਰਾ ਦਾ ਪ੍ਰੋਗਰਾਮ 13 ਮਈ ਤੱਕ ਮੁੜ ਨਵੇਂ ਸਿਰੇ ਤੋਂ ਉਲੀਕਿਆ ਗਿਆ ਅਤੇ ਅਗਲਾ ਪ੍ਰੋਗਰਾਮ ਆਉਂਦੇ ਦਿਨਾਂ ਵਿੱਚ ਜਾਰੀ ਕੀਤਾ ਜਾਵੇਗਾ।
ਸਿੱਖਿਆ ਮੰਤਰੀ ਨੇ ਦੱਸਿਆ ਕਿ ਹੁਣ ਇਹ ਯਾਤਰਾ 7 ਮਈ ਨੂੰ ਤਲਵੰਡੀ ਸਾਬੋ ਦੀ ਥਾਂ ਮਾਨਸਾ ਵਿਖੇ ਠਹਿਰੇਗੀ। ਇਸ ਤੋਂ ਬਾਅਦ ਅਗਲੇ ਦਿਨ 8 ਮਈ ਨੂੰ ਯਾਤਰਾ ਮਾਨਸਾ ਤੋਂ ਮੌੜ ਹੁੰਦੀ ਹੋਈ ਤਲਵੰਡੀ ਸਾਬੋ ਵਿਖੇ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਪੁੱਜੇਗੀ। ਸੰਗਤਾਂ ਦੇ ਖੁੱਲੇ ਦਰਸ਼ਨ ਦੀਦਾਰਾਂ ਲਈ ਯਾਤਰਾ 9 ਤੇ 10 ਮਈ ਨੂੰ ਤਲਵੰਡੀ ਸਾਬੋ ਵਿਖੇ ਠਹਿਰੇਗੀ। ਯਾਤਰਾ 11 ਮਈ ਨੂੰ ਤਲਵੰਡੀ ਸਾਬੋ ਤੋਂ ਰਵਾਨਾ ਹੋ ਕੇ ਬਠਿੰਡਾ ਹੁੰਦੀ ਹੋਈ ਗਿੱਦੜਬਾਹਾ ਠਹਿਰੇਗੀ। 12 ਮਈ ਨੂੰ ਯਾਤਰਾ ਮੌੜ ਹੁੰਦੀ ਹੋਈ ਸ੍ਰੀ ਮੁਕਤਸਰ ਸਾਹਿਬ ਵਿਖੇ ਪੁੱਜੇਗੀ। ਚਾਲੀ ਮੁਕਤਿਆਂ ਦੀ ਪਾਵਨ ਇਤਿਹਾਸਕ ਧਰਤੀ ਸ੍ਰੀ ਮੁਕਤਸਰ ਸਾਹਿਬ ਵਿਖੇ 13 ਮਈ ਨੂੰ ਵੀ ਯਾਤਰਾ ਦੀ ਠਹਿਰ ਇਥੇ ਹੀ ਹੋਵੇਗੀ। ਉਹਨਾਂ ਕਿਹਾ ਕਿ 14 ਮਈ ਤੋਂ ਬਾਅਦ ਵਾਲਾ ਪ੍ਰੋਗਰਾਮ ਬਾਅਦ ਵਿੱਚ ਜਾਰੀ ਕੀਤਾ ਜਾਵੇਗਾ।
ਡਾ.ਚੀਮਾ ਨੇ ਦੱਸਿਆ ਕਿ ਸੰਗਤਾਂ ਦਾ ਉਤਸ਼ਾਹ ਆਸ ਤੋਂ ਵਧੇਰੇ ਦੇਖਣ ਨੂੰ ਮਿਲਿਆ। ਬੇਅੰਤ ਸੰਗਤਾਂ ਸੈਲਾਬ ਦੇ ਰੂਪ ਵਿੱਚ ਪਵਿੱਤਰ ਨਿਸ਼ਾਨੀਆਂ, ਸ਼ਸਤਰਾਂ ਤੇ ਵਸਤਰਾਂ ਨੂੰ ਨਤਮਸਤਕ ਦੇਖਣ ਲਈ ਪਹੁੰਚ ਰਹੀਆਂ ਹਨ। ਰਸਤੇ ਵਿੱਚ ਪੈਂਦੇ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਦੌਰਾਨ ਜਿੱਥੋਂ ਵੀ ਯਾਤਰਾ ਗੁਜ਼ਰੀ ਬੱਚੇ, ਨੌਜਵਾਨ, ਬੀਬੀਆਂ ਅਤੇ ਬਜ਼ੁਰਗਾਂ ਨੇ ਸੰਗਤਾਂ ਦੇ ਰੂਪ ਵਿੱਚ ਪਾਵਨ ਨਿਸ਼ਾਨੀਆਂ ਦੇ ਦਰਸ਼ਨ ਕੀਤੇ। ਉਹਨਾਂ ਕਿਹਾ ਕਿ ਪਹਿਲੇ ਦਿਨ ਯਾਤਰਾ ਦਾ ਪਹਿਲਾ ਭਾਗ ਜਦੋਂ ਨਾਭਾ ਵਿਖੇ ਪੁੱਜਾ ਤਾਂ ਆਖਰੀ ਭਾਗ ਜੋ ਮੀਲਾਂ ਲੰਬਾ ਸੀ, ਹਾਲੇ ਪਟਿਆਲਾ ਵਿਖੇ ਹੀ ਸੀ। ਰਸਤੇ ਵਿੱਚ ਥਾਂ-ਥਾਂ ਸੰਗਤਾਂ ਵਿੱਚ ਇੰਨਾ ਭਾਰੀ ਉਤਸ਼ਾਹ ਤੇ ਧਾਰਮਿਕ ਜੋਸ਼ ਤੇ ਜਜ਼ਬਾ ਸੀ ਕਿ ਯਾਤਰਾ ਪਹਿਲਾਂ ਉਲੀਕੇ ਪ੍ਰੋਗਰਾਮ ਤੋਂ ਬਹੁਤ ਦੇਰੀ ਨਾਲ ਅਗਲੇ ਪੜਾਅ ‘ਤੇ ਪੁੱਜੀ।
ਉਹਨਾਂ ਕਿਹਾ ਕਿ ਸੰਗਤਾਂ ਦੇ ਉਤਸ਼ਾਹ ਕਾਰਨ ਯਾਤਰਾ ਕੱਲ੍ਹ ਦੇਰ ਰਾਤ ਨਾਲ ਸੰਗਰੂਰ ਵਿਖੇ ਪੁੱਜੀ। ਸੰਗਤਾਂ ਦੇ ਉਤਸ਼ਾਹ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਾਇਆ ਜਾ ਸਕਦਾ ਹੈ ਕਿ ਯਾਤਰਾ ਬਰਨਾਲਾ ਵਿਖੇ ਯਾਤਰਾ ਮਿੱਥੇ ਪ੍ਰੋਗਰਾਮ ਤੋਂ 24 ਘੰਟੇ ਤੋਂ ਵੱਧ ਦੇਰੀ ਨਾਲ ਪੁੱਜੀ। ਪਹਿਲੇ ਦਿਨ ਦਾ ਪੜਾਅ ਬਰਨਾਲਾ ਵਿਖੇ ਸੀ  ਉਹਨਾਂ ਕਿਹਾ ਕਿ ਹੁਣ ਰਾਸਤੇ ਵਿੱਚ ਪੈਂਦੇ ਹਰ ਪਿੰਡ, ਕਸਬੇ, ਸ਼ਹਿਰ ਦੀ ਸੰਗਤ ਖੁੱਲ੍ਹਾ ਸਮਾਂ ਪੂਰੀ ਆਸਥਾ ਨਾਲ ਨਿਸ਼ਾਨੀਆਂ ਦੇ ਦਰਸ਼ਨ ਕਰ ਸਕੇਗੀ। ਤਖਤ ਸ੍ਰੀ ਦਮਦਮਾ ਸਾਹਿਬ ਦੀ ਸੰਗਤ ਵੱਲੋਂ ਕੀਤੀ ਮੰਗ ਨੂੰ ਵੇਖਦਿਆਂ ਇਥੇ ਯਾਤਰਾ ਦੋ ਹੋਰ ਦਿਨ (9 ਤੇ 10 ਮਈ) ਠਹਿਰੇਗੀ ਤਾਂ ਜੋ ਸੰਗਤ ਆਪਣੀ ਪੂਰੀ ਸ਼ਰਧਾ ਤੇ ਸਤਿਕਾਰ ਨਾਲ ਗੁਰੂ ਸਾਹਿਬਾਨ ਦੀਆਂ ਪਵਿੱਤਰ ਨਿਸ਼ਾਨੀਆਂ ਦੇ ਖੁੱਲੇ ਦਰਸ਼ਨ ਦੀਦਾਰ ਕਰ ਸਕਣ।

Check Also

ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ

ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ …

Leave a Reply