
ਹੁਸ਼ਿਆਰਪੁਰ, 11 ਮਈ (ਸਤਵਿੰਦਰ ਸਿੰਘ) – ਕੇਂਦਰੀ ਰਾਜ ਮੰਤਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਸ੍ਰੀ ਵਿਜੇ ਸਾਂਪਲਾ ਨੇ ਕਿਹਾ ਕਿ ਅਨੁਸੂਚਿਤ ਜਾਤੀ ਨਾਲ ਸਬੰਧਤ ਸੈਕੰਡਰੀ ਪੱਧਰ ਦੇ ਹੁਸ਼ਿਆਰ ਵਿਦਿਆਰਥੀਆਂ ਨੂੰ ਵਿੱਤੀ ਸਹਾਇਤਾ ਦੇਣ ਅਤੇ ਉਤਸ਼ਾਹਿਤ ਕਰਨ ਲਈ ਚਲ ਰਹੀ ਡਾ. ਅੰਬੇਦਕਰ ਨੈਸ਼ਨਲ ਮੈਰਿਟ ਸਕੀਮ ਤਹਿਤ 255.78 ਲੱਖ ਰੁਪਏ ਵੰਡੇ ਜਾ ਰਹੇ ਹਨ ਤਾਂ ਜੋ ਅਜਿਹੇ ਮਿਹਨਤੀ ਵਿਦਿਆਰਥੀਆਂ ਦੀ ਤਰੱਕੀ ਲਈ ਰਾਹ ਸਿਰਜੇ ਜਾ ਸਕਣ। ਸਥਾਨਕ ਪੀ.ਡਬਲਯੂ.ਡੀ. ਰੈਸਟ ਹਾਊਸ ਵਿਖੇ ਇਸ ਸਕੀਮ ਤਹਿਤ ਜ਼ਿਲ੍ਹਾ ਹੁਸ਼ਿਆਰਪੁਰ ਦੇ 2013-14 ਵਿਦਿਅਕ ਸੈਸ਼ਨ ਨਾਲ ਸਬੰਧਤ ਚੁਣੇ ਗਏ 8 ਵਿਦਿਆਰਥੀਆਂ ਨੂੰ 2.60 ਲੱਖ ਰੁਪਏ ਦੇ ਚੈਕ ਵੰਡਣ ਸਮੇਂ ਸ੍ਰੀ ਸਾਂਪਲਾ ਨੇ ਦੱਸਿਆ ਕਿ ਭਾਰਤ ਅੰਦਰ 29 ਬੋਰਡਾਂ/ ਕੌਂਸਲਾਂ ਨਾਲ ਸਬੰਧਤ 696 ਦੇ ਕਰੀਬ ਵਿਦਿਆਰਥੀ ਇਸ ਸਕੀਤ ਤਹਿਤ ਕਵਰ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਰੈਗੂਲਰ 10+2 ਪੱਧਰ ‘ਤੇ ਚਾਰ ਵਿਸ਼ਿਆਂ ਜਿਵੇਂ ਆਰਟਸ, ਸਾਇੰਸ (ਹਿਸਾਬ ਸਮੇਤ), ਸਾਇੰਸ (ਬਾਇਓਲੋਜੀ/ਹਿਸਾਬ ਅਤੇ ਬਾਇਓਲੋਜੀ) ਅਤੇ ਕਮਰਸ ਵਿਸ਼ਿਆਂ ‘ਚ ਸਭ ਤੋਂ ਵੱਧ ਅੰਕ ਲੈਣ ਵਾਲੇ ਤਿੰਨ ਵਿਦਿਆਰਥੀਆਂ ਨੂੰ ਇਹ ਅਵਾਰਡ ਦਿੱਤਾ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਪਹਿਲੀਆਂ ਤਿੰਨ ਪੁਜੀਸ਼ਨਾਂ ਤੋਂ ਬਾਅਦ ਇਨ੍ਹਾਂ ਵਿਸ਼ਿਆਂ ‘ਚ ਹੀ ਅਗਲੀਆਂ ਸਭ ਤੋਂ ਵੱਧ ਅੰਕ ਲੈਣ ਵਾਲੀਆਂ ਤਿੰਨ ਲੜਕੀਆਂ ਨੂੰ 20,000 ਰੁਪਏ ਪ੍ਰਤੀ ਵਿਦਿਆਰਥੀ ਦਾ ਵਿਸ਼ੇਸ਼ ਅਵਾਰਡ ਦਿੱਤਾ ਜਾਂਦਾ ਹੈ ਤਾਂ ਜੋ ਲੜਕੀਆਂ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਸਕੀਮ ਨੂੰ ਸਮਾਜਿਕ ਨਿਆ ਤੇ ਸਸ਼ਕਤੀਕਰਨ ਮੰਤਰਾਲੇ ਵੱਲੋਂ ਸਥਾਪਿਤ ਡਾ. ਅੰਬੇਦਕਰ ਫਾਊਂਡੇਸ਼ਨ ਦੁਆਰਾ ਲਾਗੂ ਕੀਤਾ ਜਾ ਰਿਹਾ ਹੈ।ਕੇਂਦਰ ਰਾਜ ਮੰਤਰੀ ਨੇ ਦੱਸਿਆ ਕਿ ਇਸ ਅਵਾਰਡ ਨੂੰ ਯਕਮੁਸ਼ਤ ਗਰਾਂਟ ਵਜੋਂ ਦਿੱਤਾ ਜਾਂਦਾ ਹੈ।ਉਨ੍ਹਾਂ ਦੱਸਿਆ ਕਿ ਉਕਤ ਵਿਸ਼ਿਆਂ ਵਿੱਚੋਂ ਸਭ ਤੋਂ ਵੱਧ ਅੰਕ ਲੈਣ ਵਾਲੇ ਵਿਦਿਆਰਥੀਆਂ ਨੂੰ 60,000 ਰੁਪਏ ਪ੍ਰਤੀ ਵਿਦਿਆਰਥੀ, ਦੂਜੇ ਨੰਬਰ ‘ਤੇ ਸਭ ਤੋਂ ਵੱਧ ਅੰਕ ਲੈਣ ਵਾਲੇ ਵਿਦਿਆਰਥੀਆਂ ਨੂੰ 50,000 ਰੁਪਏ ਪ੍ਰਤੀ ਵਿਦਿਆਰਥੀ ਅਤੇ ਤੀਜੇ ਨੰਬਰ ‘ਤੇ ਸਭ ਤੋਂ ਵੱਧ ਅੰਕ ਲੈਣ ਵਾਲੇ ਵਿਦਿਆਰਥੀਆਂ ਨੂੰ 40,000 ਰੁਪਏ ਪ੍ਰਤੀ ਵਿਦਿਆਰਥੀ ਦਾ ਅਵਾਰਡ ਦਿੱਤਾ ਜਾਂਦਾ ਹੈ।ਜ਼ਿਲ੍ਹਾ ਹੁਸ਼ਿਆਰਪੁਰ ਦੇ ਇਸ ਸਕੀਮ ਤਹਿਤ ਚੁਣੇ ਗਏ ਵਿਦਿਆਰਥੀਆਂ ਵਿੱਚ ਪਿੰਡ ਡਡਿਆਲ ਦੀ ਕੁਮਾਰੀ ਪੂਨਮ, ਪਿੰਡ ਚੇਲਾ ਮਖਸੂਸਪੁਰ ਦੀ ਸੋਨੀਆ, ਗੁਰਲੀਨ ਕੌਰ, ਹਮੀਨ, ਨਵਦੀਪ ਪ੍ਰਿਆ ਅਤੇ ਭਾਰਤੀ (ਵਾਸੀ ਹੁਸ਼ਿਆਰਪੁਰ), ਪਿੰਡ ਮੋਨਾਕਲਾ ਦੀ ਸ਼ਹਿਨਾਜ ਅਤੇ ਪਿੰਡ ਮੀਰਪੁਰ ਦੀ ਜਸਪ੍ਰੀਤ ਕੌਰ ਸ਼ਾਮਲ ਹਨ।ਕੇਂਦਰੀ ਰਾਜ ਮੰਤਰੀ ਵੱਲੋਂ ਬੀਤੀ ਸ਼ਾਮ ਇਨ੍ਹਾਂ ਵਿਦਿਆਰਥੀਆਂ ਦੇ ਕੀਤੇ ਸਨਮਾਨ ਸਮੇਂ ਐਸ.ਡੀ.ਐਮ. ਸ੍ਰੀ ਅਨੰਦ ਸਾਗਰ ਸ਼ਰਮਾ, ਸਮਾਜਿਕ ਸੁਰੱਖਿਆ ਅਫ਼ਸਰ ਜਗਦੀਸ਼ ਮਿਤਰ ਅਤੇ ਤਹਿਸੀਲਦਾਰ ਸ੍ਰੀ ਬਲਜਿੰਦਰ ਸਿੰਘ ਵੀ ਹਾਜ਼ਰ ਸਨ।
Punjab Post Daily Online Newspaper & Print Media