
ਹੁਸ਼ਿਆਰਪੁਰ, 15 ਮਈ (ਸਤਵਿੰਦਰ ਸਿੰਘ) – ਪਿੰਡ ਸਲੇਰਨ ਵਿਖੇ ਕੌਮੀ ਜੁਆਇੰਟ ਸਕੱਤਰ ਬਿੱਲਾ ਦਿਉਵਾਲ ਦੀ ਪ੍ਰਧਾਨਗੀ ਹੇਠ ਬੇਗਮਪੁਰਾ ਟਾਇਗਰ ਫੋਰਸ ਦੀ ਮੀਟਿੰਗ ਹੋਈ ਜਿਸ ਵਿਚ ਫੋਰਸ ਦੇ ਚੇਅਰਮੈਨ ਤਰਸੇਮ ਦੀਵਾਨਾ, ਕੌਮੀ ਪ੍ਰਧਾਨ ਨਰਿੰਦਰ ਨਹਿਰੂ ਅਤੇ ਐਨ.ਆਰ.ਆਈ ਵਿੰਗ ਦੇ ਪ੍ਰਧਾਨ ਅਸ਼ੋਕ ਸੱਲਣ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਤੇ ਕਿਹਾ ਕਿ ਪੰਜਾਬ ਵਿਚ ਇਸ ਸਮੇਂ ਲੋਕਤੰਤਰ ਦੀ ਜਗ੍ਹਾ ਬਾਦਲ ਤੰਤਰ ਚੱਲ ਰਿਹਾ ਹੈ ਅਤੇ ਸੁਖਬੀਰ ਬਾਦਲ ਦੀ ਮਰਜ਼ੀ ਤੋਂ ਬਿਨਾ ਪੂਰੇ ਪੰਜਾਬ ਵਿਚ ਪੱਤਾ ਵੀ ਨਹੀ ਹਿਲ ਰਿਹਾ। ਉਨ੍ਹਾਂ ਕਿਹਾ ਕਿ ਜਿਥੇ ਗਰੀਬਾਂ ਤੇ ਰੋਜਾਨਾ ਤਸ਼ਦੱਦ ਹੋ ਰਹੇ ਹਨ ਉਥੇ ਅਮੀਰ ਵੀ ਸੁਖਬੀਰ ਦੇ ਧੱਕੇ ਦਾ ਸ਼ਿਕਾਰ ਹੋ ਰਹੇ ਹਨ। ਕੋਈ ਵੀ ਵੱਡਾ ਉਦਯੋਗ ਜਾਂ ਫੈਕਟਰੀ ਐਸੀ ਨਹੀ ਜਿਸ ਕੋਲੋਂ ਧੱਕੇ ਨਾਲ ਬਾਦਲਾਂ ਵਲੋਂ ਹਿੱਸੇਦਾਰੀ ਪਾਉਣ ਲਈ ਨਾ ਮਜਬੂਰ ਕੀਤਾ ਹੋਵੇ। ਉਨ੍ਹਾਂ ਕਿਹਾ ਕਿ ਬਾਦਲ ਵਲੋਂ ਦਿਤੇ ਬਿਆਨ ਕਿ ਪੰਜਾਬ ਵਿਚ ਭਾਈਚਾਰਕ ਸਾਂਝ ਦੂਜੇ ਪ੍ਰਾਂਤਾਂ ਲਈ ਇਕ ਮਿਸਾਲ ਹੈ, ਇਹ ਇਕ ਕੋਰਾ ਝੂਠ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਹਰ ਰੋਜ਼ ਸਵਰਨ ਜਾਤੀ ਦੇ ਵਿਅਕਤੀਆਂ ਵਲੋਂ ਦਲਿਤਾਂ ਤੇ ਅਨੇਕਾਂ ਅਤਿਆਚਾਰ ਹੋ ਰਹੇ ਹਨ ਜੋ ਕੇ ਜੱਗ ਜਾਹਰ ਹਨ।ਅਗਰ ਕੋਈ ਉਨ੍ਹਾਂ ਖਿਲਾਫ ਅਵਾਜ ਉਠਾਉਂਦੇ ਹਨ ਉਨ੍ਹਾਂ ਨੂੰ ਪੈਸੇ ਦਾ ਲਾਲਚ ਦੇ ਕੇ ਜਾਂ ਫਿਰ ਡਰਾ ਧਮਕਾ ਬਿਠਾ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਐਸ.ਸੀ. ਐਸ.ਟੀ ਕਮਿਸ਼ਨ ਵੀ ਲੀਪਾ-ਪੋਤੀ ਤੋਂ ਸਿਵਾ ਕੁੱਝ ਨਹੀ ਕਰ ਰਿਹਾ। ਕਮਿਸ਼ਨ ਵਲੋਂ ਦੌਰੇ ਉਪਰੰਤ ਜਾਂਚ ਦੇ ਆਦੇਸ਼ਾਂ ਤੋਂ ਬਾਅਦ ਮਸਲਾ ਠੰਡੇ ਬਸਤੇ ਵਿਚ ਪਾ ਦਿੱਤਾ ਜਾਂਦਾ ਹੈ, ਪਰ ਰਾਸ਼ਟਰੀ ਐਸ.ਸੀ. ਐਸ.ਟੀ ਕਮਿਸ਼ਨ ਦੇ ਉਪ ਚੇਅਰਮੈਨ ਰਾਜ ਕੁਮਾਰ ਵੇਰਕਾ ਵਲੋਂ ਥੋੜੀ ਕਾਰਵਾਈ ਜਰੂਰ ਹੁੰਦੀ ਹੈ ਜਿਸ ਲਈ ਬੇਗਮਪੁਰਾ ਟਾਇਗਰ ਫੋਰਸ ਮੰਗ ਕਰਦੀ ਹੈ ਕੇ ਉਹ ਕੇਸ ਦੀ ਤਹਿ ਤਕ ਜਾਣ ਅਤੇ ਮੁਲਜ਼ਮਾ ਨੂੰ ਸਜਾ ਦਵਾਉਣ ਵਿਚ ਦਲਿਤਾਂ ਦੀ ਸਹਾਇਤਾ ਕਰਨ।ਉਨ੍ਹਾਂ ਅਗੇ ਕਿਹਾ ਕਿ ਅਕਾਲੀ ਦਲ ਬਾਦਲ ਦੀ ਸਹਿਯੋਗੀ ਪਾਰਟੀ ਬੀ.ਜੇ.ਪੀ ਮੂਕ ਦਰਸ਼ਕ ਬਣੀ ਸਭ ਦੇਖ ਰਹੀ ਹੈ। ਬਾਦਲਾਂ ਵਲੋਂ ਕੀਤੀ ਜਾ ਰਹੀ ਇਸ ਧੱਕੇਸ਼ਾਹੀ ਦਾ ਸਾਰਾ ਸਿਹਰਾ ਭਾਰਤੀ ਜਨਤਾ ਪਾਰਟੀ ਦੇ ਸਿਰ ਜਾਂਦਾ ਹੈ।
ਪਿੰਡ ਸਲੇਰਨ ਦੀ ਇਕਾਈ ਦਾ ਗਠਨ ਕੀਤਾ ਗਿਆ, ਜਿਸ ਵਿਚ ਸਤਨਾਮ ਸਿੰਘ ਸ਼ੰਮੀ ਪ੍ਰਧਾਨ, ਅਰਵਿੰਦ ਕੁਮਾਰ ਉਪ-ਪ੍ਰਧਾਨ, ਜਸਪਾਲ ਜਨਰਲ ਸਕੱਤਰ, ਕੁਲਦੀਪ ਚੰਦ ਸਕੱਤਰ ਅਤੇ ਰਵੀ ਕੁਮਾਰ ਨੂੰ ਜੁਅਇੰਟ ਸਕਤਰ ਲਗਾਇਆ ਗਿਆ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੀ ਗੁਰੂ ਰਵਿਦਾਸ ਮੰਦਰ ਸਲੇਰਨ ਦੀ ਸਮੂਹ ਕਮੇਟੀ, ਰਕੇਸ਼ ਕੁਮਾਰ ਭੁੱਟੋ ਸ਼ਹਿਰੀ ਸਕੱਤਰ, ਦੇਵਰਾਜ ਭਗਤ ਨਗਰ ਮੁੱਖ ਸਲਾਹਕਾਰ, ਸ਼ਰਵਨ ਕੁਮਾਰ, ਰਾਹੁਲ ਕੁਮਾਰ, ਭੁਪਿੰਦਰ ਸਿੰਘ, ਮੋਹਿਤ ਰਾਏ, ਗੁਰਜਿੰਦਰ ਸਿੰਘ ਤੋਂ ਇਲਾਵਾ ਅਨੇਕਾਂ ਨੌਜਵਾਨ ਹਾਜਰ ਸਨ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media