
ਅੰਮ੍ਰਿਤਸਰ, 15 ਮਈ (ਪ੍ਰੀਤਮ ਸਿੰਘ) – ਖਾਲਸਾ ਕਾਲਜ ਦੇ ਹਾਕੀ ਖਿਡਾਰੀ ਹਰਸਾਹਿਬ ਸਿੰਘ ਦੀ ਦਿੱਲੀ ਵਿਖੇ ਕੱਲ੍ਹ ਤੋਂ ਸ਼ੁਰੂ ਹੋ ਰਹੇ ਨੈਸ਼ਨਲ ਕੈਂਪ ਵਿੱਚ ਚੋਣ ਤੋਂ ਬਾਅਦ ਕਾਲਜ ਵਿੱਚ ਅੱਜ ਵਧਾਈਆਂ ਦਾ ਤਾਂਤਾ ਲੱਗਾ ਰਿਹਾ। ਹਰਸਾਹਿਬ ਜੋ ਕਿ ਅੱਜ ਕੈਂਪ ਲਈ ਰਵਾਨਾ ਹੋਏ, ਪਹਿਲਾਂ ਹੀ ਕਾਲਜ ਤੋਂ ਇਲਾਵਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਐਸੋਸੀਏਸ਼ਨ ਆਫ਼ ਇੰਡੀਅਨ ਯੂਨੀਵਰਸਿਟੀ ਵੱਲੋਂ ਹਾਕੀ ਟੀਮਾਂ ਦੇ ਕੈਪਟਨ ਰਹਿ ਚੁੱਕੇ ਹਨ।
ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਹਰਸਾਹਿਬ ਨੂੰ ਵਧਾਈ ਦਿੰਦਿਆਂ ਉਸਨੂੰ ਰਾਸ਼ਟਰੀ ਪੱਧਰ ‘ਤੇ ਹਾਕੀ ਵਿੱਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ। ਹਰਸਾਹਿਬ ਹਾਕੀ ਦੇ ਚੋਟੀ ਦੇ ਖਿਡਾਰੀਆਂ ਦੇ ਪਰਿਵਾਰ ਵਿੱਚੋਂ ਹਨ, ਕਿਉਂਕਿ ਉਨ੍ਹਾਂ ਦੇ ਪਿਤਾ ਬਲਵਿੰਦਰ ਸਿੰਘ ਸ਼ੰਮੀ ਉਲੰਪਿਕਸ ਵਿੱਚ ਭਾਰਤ ਦੀ ਹਾਕੀ ਟੀਮ ਵਿੱਚ ਖੇਡ ਚੁੱਕੇ ਹਨ ਅਤੇ ਉਨ੍ਹਾਂ ਦੀ ਮਾਤਾ ਸੁਖਜੀਤ ਕੌਰ ਰਾਸ਼ਟਰੀ ਪੱਧਰ ਦੀ ਉੱਘੀ ਹਾਕੀ ਖਿਡਾਰਣ ਹੈ।
ਹਰਸਾਹਿਬ ਨੇ ਇਸ ਮੌਕੇ ਕਿਹਾ ਕਿ ਉਹ ਆਪਣੀ ਰਾਸ਼ਟਰੀ ਪੱਧਰ ਦੀ ਚੋਣ ‘ਤੇ ਖੁਸ਼ ਹਨ ਅਤੇ ਉਨ੍ਹਾਂ ਨੇ ਖ਼ਾਲਸਾ ਕਾਲਜ ਦੇ ਕੋਚਾਂ ਅਤੇ ਸਟਾਫ਼ ਦਾ ਧੰਨਵਾਦ ਕੀਤਾ। ਸਪੋਰਟਸ ਵਿਭਾਗ ਦੇ ਮੁੱਖੀ ਡਾ. ਦਲਜੀਤ ਸਿੰਘ ਨੇ ਕਿਹਾ ਕਿ ਕਾਲਜ ਵਿਖੇ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਯੋਗ ਉਪਰਾਲੇ ਜਾਰੀ ਹਨ ਅਤੇ ਕਾਲਜ ਵਿੱਚ ਖੇਡਾਂ ਦੇ ਮੁੱਢਲੇ ਢਾਂਚੇ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ। ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਵੀ ਇਸ ਖਿਡਾਰੀ ਨੂੰ ਉਸ ਦੀ ਨੈਸ਼ਨਲ ਕੈਂਪ ਦੀ ਚੋਣ ‘ਤੇ ਵਧਾਈ ਦਿੱਤੀ। ਇਸ ਮੌਕੇ ਸ: ਬਚਨਪਾਲ ਸਿੰਘ ਤੇ ਹੋਰ ਹਾਜ਼ਰ ਸਨ।
Punjab Post Daily Online Newspaper & Print Media