ਬਟਾਲਾ, 19 ਮਈ (ਨਰਿੰਦਰ ਬਰਨਾਲ) – ਪੰਜਾਬ ਸਰਕਾਰ ਦੇ ਡੇਅਰੀ ਵਿਕਾਸ ਵਿਭਾਗ ਵੱਲੋਂ ਸੂਬੇ ‘ਚ ਦੁੱਧ ਦੀ ਮੰਗ ਨੂੰ ਪੂਰਿਆਂ ਕਰਨ ਦੇ ਨਾਲ ਕਿਸਾਨਾਂ ਨੂੰ ਰਿਵਾਇਤੀ ਖੇਤੀ ਚੱਕਰ ਵਿੱਚੋਂ ਕੱਢ ਕੇ ਉਨ੍ਹਾਂ ਦੀ ਆਮਦਨ ਵਿੱਚ ਇਜ਼ਾਫਾ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਪੰਜਾਬ ਡੇਅਰੀ ਵਿਕਾਸ ਬੋਰਡ ਵੱਲੋਂ ਕਿਸਾਨਾਂ ਨੂੰ ਡੇਅਰੀ ਦੇ ਧੰਦੇ ਤੋਂ ਉਤਸ਼ਾਹਿਤ ਕਰਨ ਲਈ ਲੱਖਾਂ ਰੁਪਏ ਦੀ ਸਬਸਿਡੀ ਦੇ ਕਰਜ਼ੇ ਮੁਹੱਈਆ ਕਰਵਾਏ ਜਾ ਰਹੇ ਹਨ, ਤਾਂ ਜੋ ਪੰਜਾਬ ਦੇ ਕਿਸਾਨ ਪਸ਼ੂ ਪਾਲਣ ਦੇ ਕਿੱਤੇ ਨੂੰ ਸ਼ੁਰੂ ਕਰਕੇ ਆਰਥਿਕ ਪੱਖੋਂ ਹੋਰ ਮਜ਼ਬੂਤ ਹੋ ਸਕਣ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪਸ਼ੂ ਪਾਲਣ ਤੇ ਡੇਅਰੀ ਵਿਕਾਸ ਵਿਭਾਗ ਦੇ ਮੁੱਖ ਪਾਰਲੀਮਾਨੀ ਸਕੱਤਰ ਸz. ਦੇਸਰਾਜ ਸਿੰਘ ਧੁੱਗਾ ਨੇ ਦੱਸਿਆ ਕਿ ਡੇਅਰੀ ਵਿਕਾਸ ਵਿਭਾਗ ਵੱਲੋਂ ਪੜ੍ਹੇ ਲਿਖੇ ਬੇਰੁਜ਼ਗਾਰ ਨੌਜਵਾਨ ਲੜਕੇ/ਲੜਕੀਆਂ, ਕਿਸਾਨਾਂ ਜਿਨ੍ਹਾਂ ਦੀ ਉਮਰ 18 ਤੋਂ 50 ਸਾਲ ਹੋਵੇ ਅਤੇ ਵਿਦਿੱਅਕ ਯੋਗਤਾ ਘੱਟ ਤੋਂ ਘੱਟ 5ਵੀਂ ਪਾਸ ਹੋਣ ਦੀ ਸੂਰਤ ਵਿੱਚ 15 ਤੋਂ 30 ਦਿਨਾਂ ਦਾ ਡੇਅਰੀ ਕੋਰਸ ਕਰਵਾ ਕੇ ਵੱਖ-ਵੱਖ ਬੈਂਕਾਂ ਵਿੱਚ ਨਾਬਾਰਡ/ਐਸ.ਪੀ.ਡੀ.ਡੀ ਸਕੀਮ ਅਧੀਨ ਕਰਜ਼ੇ ਸਪਾਂਸਰ ਕੀਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਸਿਖਲਾਈ ਦੌਰਾਨ ਪਸ਼ੂਆਂ ਦੀ ਨਸਲਾਂ, ਨਸਲ ਸੁਧਾਰ, ਹਰੇ ਚਾਰਿਆਂ ਬਾਰੇ, ਮਨਸੂਈ ਗਰਭਦਾਨ, ਗੱਭਣ ਚੈਕ ਕਰਨਾ ਤੇ ਵੱਖ-ਵੱਖ ਦੁੱਧ ਪਦਾਰਥਾਂ ਦੀ ਪ੍ਰੈਕਟੀਕਲ ਸਿਖਲਾਈ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਮਾਝਾ ਖੇਤਰ ਨਾਲ ਸਬੰਧਤ ਚਾਹਵਾਨ ਨੌਜਵਾਨ ਡੇਅਰੀ ਸਿਖਲਾਈ ਲੈਣ ਲਈ ਸਿਖਲਾਈ ਸੈਂਟਰ ਵੇਰਕਾ ਅੰਮ੍ਰਿਤਸਰ ਵਿਖੇ ਟ੍ਰੇਨਿੰਗ ਸੰਪਰਕ ਕਰ ਸਕਦੇ ਹਨ।
ਮੁੱਖ ਸੰਸਦੀ ਸਕੱਤਰ ਸ. ਧੁੱਗਾ ਨੇ ਅੱਗੇ ਦੱਸਿਆ ਕਿ ਡੇਅਰੀ ਵਿਕਾਸ ਵਿਭਾਗ ਵੱਲੋਂ 10 ਜਾਂ 10 ਤੋਂ ਵੱਧ ਦੁਧਾਰੂ ਪਸ਼ੂਆਂ ਦੇ ਕਮਰਸ਼ੀਅਲ ਡੇਅਰੀ ਯੂਨਿਟ ਸਥਾਪਿਤ ਕਰਨ ਲਈ ਸਬਸਿਡੀ ਦਿੱਤੀ ਜਾਂਦੀ ਹੈ, ਜਿਵੇਂ ਕਿ 10 ਮੱਝਾਂ ਜਾਂ ਗਾਵਾਂ ਦੀ 5 ਲੱਖ ਤੇ 6 ਲੱਖ ਖਰੀਦ ‘ਤੇ ਕ੍ਰਮਵਾਰ ਸਵਾ ਲੱਖ (1.25) ਤੇ ਡੇਢ ਲੱਖ (1.50) ਰੁਪਏ ਦੀ ਸਬਸਿਡੀ ਦਿੱਤੀ ਜਾਂਦੀ ਹੈ।ਉਨ੍ਹਾਂ ਦੱਸਿਆ ਕਿ ਨਾਬਾਰਡ ਸਕੀਮ ਅਧੀਨ 20 ਕੱਟੀਆਂ ਵੱਛੀਆਂ ਦੀ 5.30 ਲੱਖ ਖਰੀਦ ‘ਤੇ 1 ਲੱਖ 32 ਹਜ਼ਾਰ ਰੁਪਏ ਦੀ ਸਬਸਿਡੀ ਮੁਹੱਈਆ ਕਰਵਾਈ ਜਾਂਦੀ ਹੈ।ਉਨ੍ਹਾਂ ਦੱਸਿਆ ਕਿ ਗਾਵਾਂ ਦੇ ਸ਼ੈੱਡ ‘ਤੇ 6 ਲੱਖ ਰੁਪਏ ਤੇ (1.50) ਡੇਢ ਲੱਖ ਰੁਪਏੇ ਦੀ ਅਤੇ ਮੱਝਾਂ ਦੇ ਸੈੱਡ ਪਾਉਣ ਲਈ 4 ਲੱਖ ਰੁਪਏ ਉੱਤੇ 1 ਲੱਖ ਰੁਪਏ ਦੀ ਸਬਸਿਡੀ ਜੋ ਕਿ ਵਿਭਾਗੀ ਡਿਜ਼ਾਇਨ ਅਨੁਸਾਰ ਹੋਣ ‘ਤੇ ਮੁਹੱਈਆ ਕਰਵਾਈ ਜਾਂਦੀ ਹੈ।
ਉਨ੍ਹਾਂ ਕਿਹਾ ਇਸ ਤੋਂ ਇਲਾਵਾ ਦੁੱਧ ਚੁਆਈ ਮਸ਼ੀਨ ਸਿੰਗਲ ਟੀਟ ਕੱਪ ‘ਤੇ 15 ਹਜ਼ਾਰ ਰੁਪਏ ਅਤੇ ਡਬਲ ਟੀਟ ਕੱਪ ‘ਤੇ 20 ਹਜ਼ਾਰ ਰੁਪਏ, ਫੋਡਰ ਹਾਰਵੈਸਟਰ ‘ਤੇ 50 ਫੀਸਦੀ ਵੱਧ ਤੋਂ ਵੱਧ 72,500 ਅਤੇ ਬਲਾਕ ਮਿਲਕ ਕੂਲਰ ‘ਤੇ 50 ਫੀਸਦੀ ਵੱਧ ਤੋਂ ਵੱਧ 2.25 ਲੱਖ ਰੁਪਏ ਦੀ ਸਬਸਿਡੀ ਦਿੱਤੀ ਜਾਂਦੀ ਹੈ।ਪਸ਼ੂਆਂ ਦਾ ਬੀਮੇ ਦਾ ਪ੍ਰੀਮੀਅਮ ਤਿੰਲ ਸਾਲਾਂ ਲਈ 75 ਫੀਸਦੀ ਅਤੇ ਪਹਿਚਾਣ ਚਿਪ, ਆਰ.ਐਫ.ਡੀ.ਟੈਗ ਦੀ ਪੂਰੀ ਕੀਮਤ ਵਿਭਾਗ ਵੱਲੋਂ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਅਨੁਸੂਚਿਤ ਵਰਗ ਦੇ ਲੋਕਾਂ ਲਈ 2 ਦੁਧਾਰੂ ਪਸ਼ੂਆਂ ਦੀ ਖਰੀਦ ਤੇ 33 ਫੀਸ਼ਦੀ ਸਬਸਿਡੀ ਤੇ ਬੀਮੇ ਦਾ ਪ੍ਰੀਮੀਅਮ 100 ਫੀਸਦੀ ਵਿਭਾਗ ਵੱਲੋਂ ਦਿੱਤਾ ਜਾਂਦਾ ਹੈ। ਸ. ਧੁੱਗਾ ਨੇ ਨੌਜਵਾਨਾਂ ਨੂੰ ਸੂਬਾ ਸਰਕਾਰ ਦੀਆਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲੈਣ ਅਤੇ ਡੇਅਰੀ ਦੇ ਧੰਦੇ ਨੂੰ ਨਵੀਂ ਲੀਹਾਂ ਤੇ ਲੈ ਕੇ ਜਾਣ ਦਾ ਸੱਦਾ ਦਿੱਤਾ ਹੈ।
Check Also
ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ
ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ …
Punjab Post Daily Online Newspaper & Print Media