70 ਲੱਖ ਰੁਪਏ ਦੀ ਲਾਗਤ ਵਾਲੇ ਅਤੀ-ਆਧੁਨਿਕ ਸੁਵਿਧਾ ਕੇਂਦਰ ਦਾ ਕੀਤਾ ਉਦਘਾਟਨ
ਬਠਿੰਡਾ, 21 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਭਾਰਤ ਪ੍ਰਤੀ ਚੀਨ, ਅਮਰੀਕਾ ਵਰਗੇ ਵੱਡੇ ਦੇਸ਼ਾਂ ਦੇ ਨਾਲ-ਨਾਲ ਗੁਆਂਢੀ ਅਤੇ ਛੋਟੇ ਦੇਸ਼ਾਂ ਦਾ ਨਜ਼ਰੀਆ ਬਦਲ ਗਿਆ ਹੈ। ਉਹ ਅੱਜ ਬਠਿੰਡਾ ਵਿਖੇ ਕਰੀਬ 70 ਲੱਖ ਰੁਪਏ ਦੀ ਲਾਗਤ ਨਾਲ ਬਣੇ ਅਤੀ-ਆਧੁਨਿਕ ਸੁਵਿਧਾ ਕੇਂਦਰ ਦੇ ਉਦਘਾਟਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸ਼੍ਰੀ ਮੋਦੀ ਵਲੋਂ ਸਾਰੇ ਦੇਸ਼ਾਂ ਨਾਲ ਇਕ ਵਧੀਆ ਰਿਸ਼ਤਾ ਕਾਇਮ ਕੀਤਾ ਜਾ ਰਿਹਾ ਹੈ, ਜਿਸ ਨਾਲ ਜਿੱਥੇ ਬਾਕੀ ਦੇਸ਼ ਹਰ ਖੇਤਰ ਵਿਚ ਉਭਰਦੇ ਭਾਰਤ ਨੂੰ ਵੱਖਰੀ ਨਜ਼ਰ ਨਾਲ ਦੇਖ ਰਹੇ ਹਨ, ਉਥੇ ਵਿਦੇਸ਼ਾਂ ਵਿਚ ਵੱਸਦੇ ਭਾਰਤੀਆਂ ਦਾ ਰੁਤਬਾ ਵੀ ਵਧਿਆ ਹੈ।ਬੀਬੀ ਬਾਦਲ ਨੇ ਕਿਹਾ ਕਿ ਹੁਣ ਵਿਦੇਸ਼ੀ ਨਿਵੇਸ਼ਕਾਂ ਵਲੋਂ ਵੱਡੇ ਪੱਧਰ ‘ਤੇ ਦੇਸ਼ ਵਿਚ ਪੂੰਜੀ ਨਿਵੇਸ਼ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਕਾਂਗਰਸ ਨੇ ਤਾਂ ਆਪਣੇ ਕਾਰਜਕਾਲ ਵਿਚ ਘਪਲਿਆਂ ਤੋਂ ਸਿਵਾਏ ਕੁਝ ਨਹੀਂ ਕੀਤਾ ਅਤੇ ਉਨ੍ਹਾਂ ਦੇ ਮੰਤਰੀ ਆਪਣੀਆਂ ਹੀ ਚਲਾ ਰਹੇ ਸਨ, ਜਦਕਿ ਪ੍ਰਧਾਨ ਮੰਤਰੀ ਦਾ ਕੋਈ ਰੁਤਬਾ ਹੀ ਨਹੀਂ ਸੀ। ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ ਵਿਚ ਘਪਲਿਆਂ ਕਾਰਨ ਦੇਸ਼ ਦੀ ਬਦਨਾਮੀ ਹੋ ਰਹੀ ਸੀ, ਪਰ ਹੁਣ ਸ਼੍ਰੀ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਨਾਲ ਪੂਰੀ ਦੁਨੀਆਂ ਵਿਚ ਭਾਰਤ ਦਾ ਰੁਤਬਾ ਬਹਾਲ ਹੋਇਆ ਹੈ ਅਤੇ ਦੇਸ਼ ਨੂੰ ਵੱਖਰੀ ਨਜ਼ਰ ਨਾਲ ਦੇਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼੍ਰੀ ਮੋਦੀ ਗਰੀਬਾਂ ਦੀ ਪੀੜਾ ਨੂੰ ਭਲੀਭਾਂਤ ਸਮਝਦੇ ਹਨ, ਜਿਸ ਸਦਕਾ ਉਨ੍ਹਾਂ ਨੇ ਜਨ-ਧਨ, ਜੀਵਨ ਬੀਮਾ ਅਤੇ ਪੈਨਸ਼ਨ ਯੋਜਨਾਵਾਂ ਦੀ ਸ਼ੁਰੂਆਤ ਕੀਤੀ ਹੈ, ਪਰ ਦੂਜੇ ਪਾਸੇ ਕਾਂਗਰਸੀ ਨੇਤਾ ਗਰੀਬਾਂ ਕੋਲ ਜਾ ਕੇ ਕੇਵਲ ਫੋਟੋਆਂ ਖਿਚਵਾਉਣ ਵਿਚ ਹੀ ਰੁੱਝੇ ਹੋਏ ਹਨ।
ਬੀਬੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪੰਜਾਬ ਵਿਚ ਸੂਬਾ ਵਾਸੀਆਂ ਨੂੰ ਇਕੋ ਛੱਤ ਥੱਲੇ ਸਾਰੀਆਂ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਵਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ-ਮੰਤਰੀ ਪੰਜਾਬ ਸz. ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸz. ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਸੂਬਾ ਸਰਕਾਰ ਵਲੋਂ ਅਤੀ-ਆਧੁਨਿਕ ਸੁਵਿਧਾ ਕੇਂਦਰਾਂ ਦੇ ਨਾਲ-ਨਾਲ ਪਿੰਡਾਂ ਵਿਚ ਸੇਵਾ ਕੇਂਦਰ ਵੀ ਖੋਲ੍ਹੇ ਜਾ ਰਹੇ ਹਨ, ਤਾਂ ਜੋ ਜਨਤਾ ਨੂੰ ਸੇਵਾਵਾਂ ਹਾਸਲ ਕਰਨ ਲਈ ਕਿਸੇ ਵੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਸੂਬਾ ਸਰਕਾਰ ਵਲੋਂ ਆਮ ਜਨਤਾ ਨੂੰ ਸੇਵਾਵਾਂ ਮੁਹੱਈਆ ਕਰਵਾਉਣ ਲਈ ਹਰ ਜ਼ਿਲ੍ਹੇ ਵਿਚ ਯੂਨੀਫਾਇਡ ਸਰਵਿਸਜ਼ ਡਿਲੀਵਰੀ ਸੈਂਟਰਾਂ ਦੀ ਸਥਾਪਨਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬਠਿੰਡਾ ਦਾ ਕਰੀਬ 70 ਲੱਖ ਰੁਪਏ ਦੀ ਲਾਗਤ ਨਾਲ ਬਣੇ ਇਸ ਅਤੀ-ਆਧੁਨਿਕ ਸੁਵਿਧਾ ਕੇਂਦਰ ਨੂੰ ਵੀ ਉਕਤ ਪੈਟਰਨ ‘ਤੇ ਹੀ ਡਿਜ਼ਾਇਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ 6500 ਵਰਗ ਫੁੱਟ ਵਿਚ ਫੈਲੇ ਇਸ ਸੁਵਿਧਾ ਕੇਂਦਰ ਵਿਚ ਹਜ਼ਾਰਾਂ ਵਿਅਕਤੀ ਪ੍ਰਤੀ ਦਿਨ 41 ਸੇਵਾਵਾਂ ਸਮੇਂ-ਸਿਰ ਹਾਸਲ ਕਰ ਸਕਣਗੇ ਅਤੇ ਉਹ ਆਪਣੀ ਫਾਈਲ ਦਾ ਸਟੇਟਸ ਵੀ ਚੈਕ ਕਰ ਸਕਣਗੇ। ਉਨ੍ਹਾਂ ਕਿਹਾ ਕਿ ਸੁਵਿਧਾ ਕੇਂਦਰ ਦੀ ਪਾਰਦਰਸ਼ਤਾ ਬਰਕਰਾਰ ਰੱਖਣ ਲਈ ਇਸਨੂੰ ਸ਼ੀਸ਼ੇ ਇਸਤੇਮਾਲ ਕਰਕੇ ਬਣਾਇਆ ਗਿਆ ਹੈ, ਤਾਂ ਜੋ ਆਮ ਜਨਤਾ ਦੇ ਸਾਹਮਣੇ ਹੀ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਸਕਣ।
ਫੂਡ ਪ੍ਰੋਸੈਸਿੰਗ ਮੰਤਰੀ ਨੇ ਕਿਹਾ ਕਿ ਜਿੱਥੇ ਪੰਜਾਬ ਸਰਕਾਰ ਵਲੋਂ ਪੰਜਾਬ ਵਾਸੀਆਂ ਦਾ ਜੀਵਨ ਪੱਧਰ ਉਚਾ ਚੁੱਕਣ ਲਈ ਲਗਾਤਾਰ ਤਹੱਈਆ ਕੀਤਾ ਜਾ ਰਿਹਾ ਹੈ, ਉਥੇ ਕੇਂਦਰ ਸਰਕਾਰ ਵਲੋਂ ਫਾਜ਼ਿਲਕਾ, ਫਗਵਾੜਾ ਅਤੇ ਲੁਧਿਆਣਾ ਸਮੇਤ ਪੰਜਾਬ ਨੂੰ ਤਿੰਨ ਮੈਗਾ ਫੂਡ ਪਾਰਕ ਦਿੱਤੇ ਜਾ ਚੁੱਕੇ ਹਨ, ਇਸ ਤੋਂ ਇਲਾਵਾ ਏਮਜ਼ ਅਤੇ ਚਹੁੰ-ਮਾਰਗੀ ਸੜਕੀ ਪ੍ਰੋਜੈਕਟ ਵੀ ਸੂਬੇ ਨੂੰ ਮਿਲੇ ਹਨ। ਉਨ੍ਹਾਂ ਕਿਹਾ ਕਿ 200 ਏਕੜ ਵਿਚ ਕਰੀਬ 1600 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲਾ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼) ਸੂਬੇ ਲਈ ਵਰਦਾਨ ਸਿੱਧ ਹੋਵੇਗਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨ.ਡੀ.ਏ ਸਰਕਾਰ ਨੇ ਥੋੜ੍ਹੇ ਸਮੇਂ ਵਿਚ ਹੀ ਸੂਬੇ ਨੂੰ ਅਨੇਕਾਂ ਮਹੱਤਵਪੂਰਨ ਪ੍ਰੋਜੈਕਟ ਦਿੱਤੇ ਹਨ ਅਤੇ ਨੇੜਲੇ ਭਵਿੱਖ ਵਿਚ ਪੰਜਾਬ ਨੂੰ ਅਜਿਹੇ ਹੋਰ ਕਈ ਹੋਰ ਮਹੱਤਵਪੂਰਨ ਪ੍ਰੋਜੈਕਟ ਮਿਲਣਗੇ।ਉਨ੍ਹਾਂ ਕਿਹਾ ਕਿ ਐਨ.ਡੀ.ਏ. ਸਰਕਾਰ ਵਲੋਂ ਪੰਜਾਬ ਨੂੰ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ, ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਅਤੇ ਪੋਸਟ ਗ੍ਰੈਜੂਏਟ ਹਾਰਟੀਕਲਚਰ ਰਿਸਰਚ ਐਂਡ ਐਜੂੁਕੇਸ਼ਨ ਇੰਸਟੀਚਿਊਟ ਦੀ ਸਥਾਪਨਾ ਵਰਗੇ ਵੱਕਾਰੀ ਪ੍ਰੋਜੈਕਟ ਮਿਲਣੇ ਸੂਬੇ ਲਈ ਮਾਣ ਵਾਲੀ ਗੱਲ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਬਸੰਤ ਗਰਗ, ਐਸ.ਐਸ.ਪੀ. ਕੁਲਦੀਪ ਚਹਿਲ, ਮੇਅਰ ਬਲਵੰਤ ਨਾਥ ਰਾਏ, ਓ.ਐਸ.ਡੀ ਡਿਪਟੀ ਸੀ.ਐਮ. ਮਨੀਸ਼ ਕੁਮਾਰ, ਸਹਾਇਕ ਮੀਡੀਆ ਸਲਾਹਕਾਰ ਹਰਜਿੰਦਰ ਸਿੰਘ ਸਿੱਧੂ, ਵਧੀਕ ਡਿਪਟੀ ਕਮਿਸ਼ਨਰ (ਜ) ਸੁਮੀਤ ਜਾਰੰਗਲ, ਨਗਰ ਨਿਗਮ ਦੇ ਕਮਿਸ਼ਨਰ ਦਲਵਿੰਦਰਜੀਤ ਸਿੰਘ, ਐਸ.ਡੀ.ਐਮ. ਦਮਨਜੀਤ ਸਿੰਘ ਮਾਨ, ਜ਼ਿਲ੍ਹਾ ਪ੍ਰੈਸ ਸਕੱਤਰ ਸ਼੍ਰੋਮਣੀ ਅਕਾਲੀ ਦਲ ਡਾ. ਓਮ ਪ੍ਰਕਾਸ਼ ਤੋਂ ਇਲਾਵਾ ਹੋਰ ਸ਼ਖਸ਼ੀਅਤਾਂ ਵੀ ਹਾਜ਼ਰ ਸਨ।
Punjab Post Daily Online Newspaper & Print Media
