ਨਤੀਜਾ 90.53 ਪ੍ਰਤੀਸ਼ਤ, 800 ਤੋਂ ਵੱਧ ਵਿਦਿਆਰਥੀਆਂ ਨੇ ਪ੍ਰਾਪਤ ਕੀਤੇ 90 ਫੀਸਦੀ ਤੋਂ ਵੱਧ ਅੰਕ
ਨਵੀਂ ਦਿੱਲੀ, 27 ਮਈ (ਅੰਮ੍ਰਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚਲਦੇ 11 ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦਾ ਇਸ ਸਾਲ 12ਵੀਂ ਜਮਾਤ ਦਾ ਕੁਲ ਔਸਤ ਨਤੀਜਾ 90.53 ਫੀਸਦੀ ਆਉਣ ਦਾ ਦਾਅਵਾ ਕਮੇਟੀ ਵੱਲੋਂ ਕੀਤਾ ਗਿਆ ਹੈ।ਮੀਡੀਆ ਨੂੰ ਜਾਰੀ ਬਿਆਨ ਵਿੱਚ ਸਕੂਲੀ ਸਿੱਖਿਆ ਐਜੂਕੇਸ਼ਨ ਕਾਉਂਸਲ ਦੇ ਨਵੇਂ ਥਾਪੇ ਗਏ ਚੇਅਰਮੈਨ ਹਰਮੀਤ ਸਿੰਘ ਕਾਲਕਾ ਨੇ ਸਮੂਹ ਸਕੂਲਾਂ ਦੇ ਪ੍ਰਿੰਸੀਪਲਾਂ ਨਾਲ ਹੋਈ ਬੈਠਕ ਦੌਰਾਨ ਨਤੀਜਿਆਂ ਬਾਰੇ ਸਾਹਮਣੇ ਆਈ ਜਾਣਕਾਰੀ ਨੂੰ ਸਾਂਝਾ ਕੀਤਾ ਹੈ। ਕਾਲਕਾ ਨੇ ਦੱਸਿਆ ਕਿ ਇਸ ਵਰ੍ਹੇ 12ਵੀਂ ਜਮਾਤ ਦੀ ਪ੍ਰਿਖਿਆ 1901 ਬੱਚਿਆਂ ਨੇ ਦਿੱਤੀ ਸੀ ਜਿਸ ਵਿਚੋਂ 1721 ਬੱਚੇ ਪਾਸ, 52 ਫੇਲ ਅਤੇ 128 ਬੱਚਿਆਂ ਦੀ ਕਮਪਾਰਟਮੈਂਟ ਆਈ ਹੈ। ਕਾਲਕਾ ਨੇ ਮੌਜੂਦਾ ਕੁਲ ਪਾਸ ਫਿਸਦ ਦਾ ਔਸਤ 90.53 ਦੱਸਣ ਦੇ ਨਾਲ ਹੀ ਕਮਪਾਰਟਮੈਂਟ ਪ੍ਰਿਖਿਆ ਤੋਂ ਬਾਅਦ ਇਹ ਆਂਕੜਾ ਲਗਭਗ 95 ਫਿਸਦੀ ਤੱਕ ਪੁੱਜਣ ਦਾ ਵੀ ਦਾਅਵਾ ਕੀਤਾ ਹੈ।
ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਰਨਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਵੱਲੋਂ ਕੀਤੇ ਗਏ ਵਿਦਿਅਕ ਸੁਧਾਰਾਂ ਦੇ ਸਿਰ ਇਸ ਮਾਣਮੱਤੇ ਨਤੀਜਿਆਂ ਦਾ ਸਹਿਰਾ ਬਣਦੇ ਹੋਏ ਕਾਲਕਾ ਨੇ ਪੁਰਾਨੀ ਕਮੇਟੀ ਦੇ ਪ੍ਰਬੰਧ ਦੌਰਾਨ ਕਮੇਟੀ ਦੇ ਸਕੁੂਲਾਂ ਦਾ ਔਸਤ ਨਤੀਜਾ 50 ਤੋਂ 60 ਫਿਸਦ ਰਹਿਣ ਦੀ ਵੀ ਗੱਲ ਕਹੀ। ਕਮੇਟੀ ਵੱਲੋਂ ਲਗਭਗ 800 ਅਧਿਆਪਕਾਂ ਨੂੰ ਨਵੀਂ ਤਕਨੀਕਾ ਨਾਲ ਪੜਾਈ ਕਰਵਾਉਣ ਦੀ ਵਿਦੇਸ਼ੀ ਐਨ.ਜੀ.ਓ ਹੈਲਗਾ ਟੋਡ ਫਾਉਂਡੇਸ਼ਨ ਦੇ ਸਹਿਯੋਗ ਨਾਲ ਕਰਵਾਈ ਗਈ ਟ੍ਰੈਨਿੰਗ ਦੇ ਨਾਲ ਹੀ ਕਮੇਟੀ ਸਕੂਲਾਂ ਵਿੱਚ ਬੱਚਿਆਂ ਨੂੰ ਸਿਫਾਰਸ਼ਾਂ ਦੇ ਅਧਾਰ ‘ਤੇ 9ਵੀਂ ਅਤੇ 11ਵੀਂ ਜਮਾਤ ਵਿੱਚ ਸਹਾਇਕ ਅੰਕਾ ਨਾਲ ਪਾਸ ਕਰਨ ਦੇ ਬੰਦ ਕੀਤੇ ਗਏ ਰੁਝਾਨ ਨੂੰ ਵੀ ਇਨ੍ਹਾਂ ਬਹਿਤਰ ਨਤੀਜਿਆਂ ਦੀ ਨੀਹ ਰੱਖਣ ਦਾ ਕਾਲਕਾ ਨੇ ਵੱਡਾ ਕਾਰਣ ਦੱਸਿਆ।
ਪਾਸ ਹੋਏ 1721 ਵਿਦਿਆਰਥੀਆਂ ਚੋਂ ਲਗਭਗ 800 ਵਿਦਿਆਰਥੀਆਂ ਦੇ ਔਸਤ ਨੰਬਰ 90 ਫਿਸਦੀ ਤੋਂ ਉਪਰ ਆਉਣ ਦਾ ਕਾਲਕਾ ਨੇ ਦਾਅਵਾ ਕਰਦੇ ਹੋਏ ਕਈ ਵਿਦਿਆਰਥੀਆਂ ਦੇ ਕਈ ਵਿਸ਼ਿਆਂ ਵਿੱਚ 100 ਫਿਸਦੀ ਨੰਬਰ ਪ੍ਰਾਪਤ ਕਰਨ ਦੀ ਵੀ ਗੱਲ ਕਹੀ। ਕਮੇਟੀ ਵੱਲੋਂ 90 ਫਿਸਦੀ ਤੋਂ ਉਪਰ ਨੰੰਬਰ ਲੈਣ ਵਾਲੇ ਸਮੂਹ ਵਿਦਿਆਰਥੀਆਂ ਨੂੰ ਪਿਛਲੇ ਸਾਲ ਦੀ ਤਰ੍ਹਾਂ ਹੀ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਐਕਸੀਲੈਂਸ ਅਵਾਰਡ ਦੇਣ ਦਾ ਵੀ ਕਮੇਟੀ ਵੱਲੋਂ ਕਾਲਕਾ ਨੇ ਐਲਾਨ ਕੀਤਾ। ਦਿੱਲੀ ਦੇ ਸਮੂਹ ਪਬਲਿਕ ਸਕੂਲਾਂ ਦੇ ਪਿਛਲੇ ਵਾਰ ਦੇ ਆਏ ਕੁਲ ਪਾਸ ਫਿਸਦ 92.9 ਫਿਸਦ ਤੋਂ ਘੱਟ ਕੇ ਇਸ ਵਾਰ 85.48 ਫਿਸਦ ਹੋਣ ਦੇ ਬਾਵਜੂਦ ਕਮੇਟੀ ਸਕੂਲਾਂ ਵੱਲੋਂ ਲਗਾਤਾਰ ਆਪਣੇ ਪਾਸ ਫਿਸਦ ਵਿੱਚ ਕੀਤੇ ਜਾ ਰਹੇ ਵਾਧੇ ਦੇ ਰੁਝਾਨ ਨੂੰ ਅੱਗੇ ਵੀ ਇਸੇ ਤਰ੍ਹਾਂ ਕਾਇਮ ਰੱਖਣ ਦਾ ਵੀ ਕਾਲਕਾ ਨੇ ਅਹਿਦ ਲਿਆ। ਕਮੇਟੀ ਦੇ ਸਕੂਲਾਂ ਚੋਂ ਸਭ ਤੋਂ ਵਧੀਆਂ ਪਾਸ ਫਿਸਦ ਲੋਨੀ ਰੋਡ ਸਕੂਲ ਦਾ 98.48 ਹੋਣ ਦੇ ਨਾਲ ਹੀ ਨਾਨਕ ਪਿਆਉ 96.29, ਇੰਡੀਆ ਗੇਟ 95.85, ਕਰੋਲ ਬਾਗ 94.02, ਪੰਜਾਬੀ ਬਾਗ 93.70, ਹਰਿਗੋਬਿੰਦ ਐਨਕਲੇਵ 92.47, ਤਿਲਕ ਨਗਰ 90.56, ਵਸੰਤ ਵਿਹਾਰ 89.91, ਕਾਲਕਾ ਜੀ 85.22, ਹੇਮਕੁੰਟ ਕਲੋੌਨੀ 77.0 ਅਤੇ ਫਤਿਹ ਨਗਰ 76.36 ਪਾਸ ਫੀਸਦ ਨਤੀਜੇ ਆਉਣ ਦੀ ਵੀ ਕਾਲਕਾ ਨੇ ਜਾਣਕਾਰੀ ਦਿੱਤੀ।
Punjab Post Daily Online Newspaper & Print Media