ਪੰਜਾਬ ਨੂੰ ਤੰਬਾਕੂ ਮੁਕਤ ਰਾਜ ਦਾ ਐਵਾਰਡ ਮਿਲਣ ‘ਤੇ ਸੂਬਾ ਵਾਸੀਆਂ ਨੂੰ ਦਿੱਤੀ ਵਧਾਈ

ਬਟਾਲਾ, 29 ਮਈ (ਨਰਿੰਦਰ ਸਿੰਘ ਬਰਨਾਲ) – ਮਾਤਾ ਸੁਲੱਖਣੀ ਸਿਵਲ ਹਸਪਤਾਲ ਬਟਾਲਾ ਵਿੱਚ 3.31 ਕਰੋੜ ਦੀ ਲਾਗਤ ਨਾਲ 30 ਬੈੱਡ ਦੇ ਨਵੇਂ ਬਣਾਏ ਗਏ ਜੱਚਾ-ਬੱਚਾ ਵਾਰਡ ਦਾ ਉਦਘਾਟਨ ਅੱਜ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਸੁਰਜੀਤ ਕੁਮਾਰ ਜਿਆਣੀ ਵੱਲੋਂ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਐੱਸ.ਡੀ.ਐੱਮ. ਬਟਾਲਾ ਜਸਪਾਲ ਸਿੰਘ, ਸਿਵਲ ਸਰਜਨ ਗੁਰਦਾਸਪੁਰ ਡਾ. ਰਜਨੀਸ਼ ਸੂਦ, ਐੱਸ.ਐਮ.ਓ. ਬਟਾਲਾ ਡਾ. ਸੁਖਦੀਪ ਸਿੰਘ, ਜ਼ਿਲ੍ਹਾ ਸਿਹਤ ਅਫਸਰ ਡਾ. ਬੀ.ਐੱਸ. ਬਾਜਵਾ, ਸਾਬਕਾ ਸੰਸਦੀ ਸਕੱਤਰ ਜਗਦੀਸ਼ ਸਾਹਨੀ, ਡਾ. ਭੱਲਾ, ਭਾਜਪਾ ਜ਼ਿਲ੍ਹਾ ਪ੍ਰਧਾਨ ਸੁਰੇਸ਼ ਭਾਟੀਆ ਵੀ ਹਾਜ਼ਰ ਸਨ।
ਜੱਚਾ-ਬੱਚਾ ਵਾਰਡ ਦਾ ਉਦਘਾਟਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲ ਕਰਦਿਆਂ ਸਿਹਤ ਮੰਤਰੀ ਸ੍ਰੀ ਸੁਰਜੀਤ ਕੁਮਾਰ ਜਿਆਣੀ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਇਹ ਪਹਿਲੀ ਤਰਜੀਹ ਹੈ ਕਿ ਸੂਬੇ ਦੇ ਲੋਕਾਂ ਨੂੰ ਸਰਕਾਰੀ ਹਸਪਤਾਲਾਂ ‘ਚ ਉੱਚ ਕੋਟੀ ਦੀਆਂ ਸਿਹਤ ਸਹੂਲਤਾਂ ਦਿੱਤੀਆਂ ਜਾਣ। ਉਨ੍ਹਾਂ ਕਿਹਾ ਕਿ ਬਟਾਲਾ ਹਸਪਤਾਲ ‘ਚ ਜੋ ਅੱਜ 30 ਬੈੱਡ ਦੇ ਜੱਚਾ-ਬੱਚਾ ਵਾਰਡ ਦਾ ਉਦਘਾਟਨ ਕੀਤਾ ਗਿਆ ਹੈ ਇਹ ਵੀ ਇਨ੍ਹਾਂ ਕੋਸ਼ਿਸ਼ਾਂ ਦਾ ਨਤੀਜਾ ਹੈ। ਸਿਹਤ ਮੰਤਰੀ ਨੇ ਕਿਹਾ ਕਿ ਮਾਤਾ ਸੁਲੱਖਣੀ ਸਿਵਲ ਹਸਪਤਾਲ ਬਟਾਲਾ ‘ਚ ਬਣਿਆ ਇਹ ਜੱਚਾ-ਬੱਚਾ ਵਾਰਡ ਬਾਕੀ ਹਸਪਤਾਲ ਤੋਂ ਬਿਲਕੁਲ ਵੱਖਰਾ ਹੋਵੇਗਾ ਅਤੇ ਇਸ ਵਿੱਚ ਓਪਰੇਸ਼ਨ ਥੀਏਟਰ, ਲੈਬਾਰਟਰੀ ਆਦਿ ਵੀ ਵੱਖਰੇ ਬਣਾਏ ਗਏ ਹਨ। ਉਨ੍ਹਾਂ ਕਿਹਾ ਕਿ ਇਸ ਵਾਰਡ ਵਿੱਚ ਜੱਚਾ-ਬੱਚਾ ਦੇ ਇਲਾਜ ਲਈ ਹਰ ਤਰਾਂ ਦੀ ਆਧੁਨਿਕ ਮਸ਼ੀਨਰੀ ਤੇ ਹੋਰ ਸਾਜੋ ਸਮਾਨ ਮੁਹੱਈਆ ਕਰਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਸਾਰਾ ਵਾਰਡ ਹੀ ਵਾਤਾਅਨਕੂਲ ਹੋਵੇਗਾ ਅਤੇ ਸੁਰੱਖਿਆ ਦੇ ਪੱਖ ਤੋਂ ਇਥੇ ਸੀ.ਸੀ.ਟੀ.ਵੀ. ਕੈਮਰੇ ਵੀ ਲਗਾਏ ਗਏ ਹਨ। ਸਿਹਤ ਮੰਤਰੀ ਨੇ ਕਿਹਾ ਕਿ ਇਸ ਨਵੇਂ ਬਣੇ ਜੱਚਾ-ਬੱਚਾ ਵਾਰਡ ਲਈ ਸਪੈਸ਼ਲਿਟ ਗਾਇਨਾਲੋਜਿਸਟ, ਮਾਹਰ ਡਾਕਟਰ ਤੇ ਹੋਰ ਸਟਾਫ ਤਾਇਨਾਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਵਾਰਡ ਵਿੱਚ ਸੁਰੱਖਿਅਤ ਜਣੇਪੇ ਲਈ ਹਰ ਆਧੁਨਿਕ ਸਹੂਲਤ ਉਪਲੱਬਧ ਹੋਵੇਗੀ ਅਤੇ ਬਟਾਲਾ ਸਿਵਲ ਹਸਪਤਾਲ ਦਾ ਇਹ ਜੱਚਾ-ਬੱਚਾ ਵਾਰਡ ਗਰਭਵਤੀ ਮਹਿਲਾਵਾਂ, ਛੋਟੇ ਬੱਚਿਆਂ ਲਈ ਬਹੁਤ ਵੱਡੀ ਸਹੂਲਤ ਸਾਬਤ ਹੋਵੇਗਾ।
ਇੱਕ ਸੁਆਲ ਦੇ ਜੁਆਬ ਵਿੱਚ ਸਿਹਤ ਮੰਤਰੀ ਸ੍ਰੀ ਜਿਆਣੀ ਨੇ ਕਿਹਾ ਕਿ ਸਿਹਤ ਵਿਭਾਗ ਵਿੱਚ ਸਟਾਫ ਦੀ ਕੋਈ ਘਾਟ ਨਹੀਂ ਹੈ ਅਤੇ ਸਿਹਤ ਵਿਭਾਗ ਵਿੱਚ ਸਮੇਂ-ਸਮੇਂ ਲੋੜ ਮੁਤਾਬਕ ਸਟਾਫ ਦੀ ਭਰਤੀ ਚੱਲਦੀ ਰਹਿੰਦੀ ਹੈ। ਸ੍ਰੀ ਜਿਆਣੀ ਨੇ ਕਿਹਾ ਕਿ ਛੇਤੀ ਹੀ ਸਿਹਤ ਵਿਭਾਗ ਵੱਲੋਂ 404 ਐੱਮ.ਬੀ.ਬੀ.ਐੱਸ. ਡਾਕਟਰਾਂ ਦੀ ਭਰਤੀ ਕੀਤੀ ਜਾ ਰਹੀ ਹੈ। ਇਸ ਮੌਕੇ ਉਨ੍ਹਾਂ ਡਾਕਟਰੀ ਪੇਸ਼ੇ ਸਬੰਧੀ ਗੱਲ ਕਰਦਿਆਂ ਕਿਹਾ ਕਿ ਡਾਕਟਰ ਅੱਜ ਵੀ ਮਰੀਜਾਂ ਲਈ ਰੱਬ ਦਾ ਰੂਪ ਹਨ ਅਤੇ ਡਾਕਟਰਾਂ ਨੂੰ ਆਪਣੇ ਇਸ ਨੋਬਲ ਕਿੱਤੇ ਦੀ ਮਾਣ ਮਰਿਆਦਾ ਨੂੰ ਕਾਇਮ ਰੱਖਦੇ ਹੋਏ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਦੇਣ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ ਅਤੇ ਇਸ ਕੰਮ ਵਿੱਚ ਡਾਕਟਰ ਆਪਣੀ ਡਿਊਟੀ ਨੂੰ ਪੂਰੀ ਲਗਨ ਤੇ ਸੇਵਾ ਭਾਵਨਾ ਨਾਲ ਨਿਭਾਉਣ।
ਨਵੀਂ ਦਿੱਲੀ ਵਿਖੇ ਵਿਸ਼ਵ ਸਿਹਤ ਸੰਗਠਨ ਵੱਲੋਂ ਪੰਜਾਬ ਨੂੰ ਤੰਬਾਕੂ ਮੁਕਤ ਰਾਜ ਦਾ ਅਵਾਰਡ ਮਿਲਣ ‘ਤੇ ਸਿਹਤ ਮੰਤਰੀ ਨੇ ਸਮੂਹ ਪੰਜਾਬੀਆਂ ਤੇ ਸਿਹਤ ਵਿਭਾਗ ਨੂੰ ਇਸ ਲਈ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਗੁਰੂ ਤੇ ਪੈਗੰਬਰਾਂ ਦੀ ਧਰਤੀ ਹੈ ਅਤੇ ਇਸ ਪਾਵਨ ਧਰਤੀ ਦਾ ਤੰਬਾਕੂ ਮੁਕਤ ਹੋਣਾ ਸੱਚਮੁੱਚ ਬਹੁਤ ਖੁਸ਼ੀ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਾਰੇ ਜ਼ਿਲ੍ਹੇ ਤੰਬਾਕੂ ਮੁਕਤ ਹੋ ਗਏ ਹਨ ਅਤੇ ਸੂਬੇ ਨੂੰ ਤੰਬਾਕੂ ਮੁਕਤ ਕਰਾਉਣ ਲਈ ਸਿਹਤ ਵਿਭਾਗ ਦੇ ਨਾਲ ਸਿਵਲ ਦੇ ਹੋਰ ਵਿਭਾਗਾਂ, ਪੁਲਿਸ ਵਿਭਾਗ ਅਤੇ ਸਭ ਤੋਂ ਵੱਡਾ ਯੋਗਦਾਨ ਸੂਬੇ ਦੇ ਲੋਕਾਂ ਦਾ ਹੈ। ਸ੍ਰੀ ਜਿਆਣੀ ਨੇ ਕਿਹਾ ਕਿ ਉਹ ਭਵਿੱਖ ਵਿੱਚ ਵੀ ਸੂਬੇ ਦੇ ਲੋਕਾਂ ਤੋਂ ਅਜਿਹੇ ਹਾਂ-ਪੱਖੀ ਸਹਿਯੋਗ ਦੀ ਉਮੀਦ ਰੱਖਦੇ ਹਨ।
Punjab Post Daily Online Newspaper & Print Media