
ਨਵੀਂ ਦਿੱਲੀ, 14 ਜੂਨ (ਅੰਮ੍ਰਿਤ ਲਾਲ ਮੰਨਣ) – ਸ੍ਰੀ ਆਨੰਦਪੁਰ ਸਾਹਿਬ ਨਗਰ ਦੀ ਸਥਾਪਨਾ ਦੇ ੩੫੦ਵੇਂ ਸਾਲ ਮੌਕੇ ਦਿੱਲੀ ਸਿੱੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਜਾਏ ਗਏ ਨਗਰ ਕੀਰਤਨ ‘ਚ ਅੱਜ ਹਜ਼ਾਰਾ ਸੰਗਤਾਂ ਨੇ ਹਾਜਰੀ ਭਰੀ। ਨਗਰ ਕੀਰਤਨ ਗੁਰਦੁਆਰਾ ਰਕਾਬਗੰਜ ਸਾਹਿਬ ਨਵੀਂ ਦਿੱਲੀ ਤੋਂ ਆਰੰਭ ਹੋ ਕੇ ਦੇਰ ਰਾਤ ਨੂੰ ਫਤਿਹਗੜ ਸਾਹਿਬ ਪੰਜਾਬ ਵਿਖੇ ਪੁੱਜਾ।ਜੈਕਰਿਆਂ ਦੀ ਗੁੰਜ ‘ਚ ਗੁਰਦੁਆਰਾ ਬੰਗਲਾ ਸਾਹਿਬ ਦੇ ਹੈਡ ਗ੍ਰੰਥੀ ਭਾਈ ਰਣਜੀਤ ਸਿੰਘ ਵੱਲੋਂ ਅਰਦਾਸ ਕਰਨ ਉਪਰੰਤ ਨਗਰ ਕੀਰਤਨ ਦੀ ਸ਼ੁਰੂਆਤ ਹੋਈ। ਇਸ ਨਗਰ ਕੀਰਤਨ ‘ਚ ਨਗਾੜਾ, ਪੰਜ ਪਿਆਰੇ, ਪਾਲਕੀ ਸਾਹਿਬ, ਐਂਬੁਲੈਂਸ ਦੀਆਂ ਗੱਡੀਆਂ ਦੇ ਨਾਲ ਹੀ ਸੰਗਤਾਂ ਦੀਆਂ ਲਗਭਗ ੧੦੦ ਤੋਂ ਵੱਧ ਬੱਸਾਂ ਵੀ ਸ਼ਾਮਿਲ ਸਨ।
ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਨਗਰ ਕੀਰਤਨ ਨੂੰ ਇਤਿਹਾਸਿਕ ਦੱਸਦੇ ਹੋਏ ਦਿੱਲੀ ਦੀ ਸੰਗਤ ਦਾ ਸ੍ਰੀ ਆਨੰਦਪੁਰ ਸਾਹਿਬ ਨਗਰ ਨਾਲ ਵਿਸ਼ੇਸ਼ ਰਿਸ਼ਤਾ ਹੋਣ ਦਾ ਵੀ ਦਾਅਵਾ ਕੀਤਾ। ਦਿੱਲੀ ਦੀ ਸੰਗਤ ਵੱਲੋਂ ਥਾਂ-ਥਾਂ ‘ਤੇ ਕੀਤੇ ਜਾ ਰਹੇ ਸਵਾਗਤਾਂ ਦਾ ਧੰਨਵਾਦ ਕਰਦੇ ਹੋਏ ਜੀ.ਕੇ. ਨੇ ਸਿੱਖ ਇਤਿਹਾਸ ਨੂੰ ਸੰਭਾਲਣ ਵਾਸਤੇ ਇਸ ਤਰ੍ਹਾਂ ਦੇ ਉਪਰਾਲਿਆਂ ਨੂੰ ਕਮੇਟੀ ਵੱਲੋਂ ਅੱਗੇ ਵੀ ਜਾਰੀ ਰੱਖਣ ਦੀ ਗੱਲ ਕਹੀ। ਦਿੱਲੀ ਫਤਿਹ ਦਿਵਸ ਨੂੰ ਸਿੱਖ ਇਤਿਹਾਸ ਦਾ ਭੁੱਲਿਆ ਵਿਸਰਿਆ ਅੰਗ ਦੱਸਦੇ ਹੋਏ ਜੀ.ਕੇ. ਨੇ ਕਮੇਟੀ ਵੱਲੋਂ ਬੀਤੇ ੨ ਸਾਲਾਂ ਦੌਰਾਨ ਉਸ ਖੂੰਜੇ ਹੋਏ ਇਤਿਹਾਸ ਨੂੰ ਸੰਭਾਲਣ ਵਾਸਤੇ ਕੀਤੀਆਂ ਗਈਆਂ ਪਹਿਲ ਕਦਮੀਆਂ ਤੋਂ ਵੀ ਸੰਗਤਾ ਨੂੰ ਜਾਣੂੰ ਕਰਵਾਇਆ।
ਨਗਰ ਕੀਰਤਨ ਦੇ ਪਹਿਲੇ ਦਿੰਨ ਦਾ ਪਹਿਲਾ ਪੜਾਵ ਸਿੰਧੂ ਬਾਰਡਰ, ਦੂਜਾ ਪੜਾਵ ਗੁਰਦੁਆਰਾ ਸਿੰਘ ਸਭਾ ਪਾਨੀਪਤ, ਤੀਜਾ ਪੜਾਵ ਗੁਰਦੁਆਰਾ ਪਿਪਲੀ ਸਾਹਿਬ ਤੇ ਗੁਰਦੁਆਰਾ ਪਾਤਸ਼ਾਹੀ ਛੇਂਵੀ ਕੁਰਕਸ਼ੇਤਰ, ਚੌਥਾ ਪੜਾਵ ਗੁਰਦੁਆਰਾ ਪੰਜੋਖੜਾ ਸਾਹਿਬ ਅੰਬਾਲਾ ਕੈਂਟ, ਪੰਜਵਾ ਪੜਾਵ ਗੁਰਦੁਆਰ ਮੰਜੀ ਸਾਹਿਬ ਅੰਬਾਲਾ, ਛੇਂਵਾ ਪੜਾਵ ਸ਼ੰਭੂ ਬਾਰਡਰ ਪੰਜਾਬ, ਸਤਵਾਂ ਪੜਾਵ ਰਾਜਪੂਰਾ ਅਤੇ ਅੱਠਵਾਂ ਪੜਾਵ ਗੁਰਦੁਆਰਾ ਫਤਿਹਗੜ ਸਾਹਿਬ ਵਿਖੇ ਤੈਅ ਰੂਟ ਮੁਤਾਬਿਕ ਹੋਇਆ।ਨਗਰ ਕੀਰਤਨ ‘ਚ ਸ਼ਾਮਿਲ ਹਜ਼ਾਰਾ ਸੰਗਤਾਂ ਰਾਤ ਨੂੰ ਗੁਰਦੁਆਰਾ ਫਤਿਹਗੜ ਸਾਹਿਬ ਵਿਖੇ ਵਿਸ਼ਰਾਮ ਕਰਨ ਉਪਰੰਤ ਸਵੇਰੇ ੧੫ ਜੂਨ ਨੂੰ ਗੁਰੂ ਜਸ ਗਾਇਨ ਕਰਦੀਆਂ ਹੋਈਆਂ ਸ੍ਰੀ ਆਨੰਦਪੁਰ ਸਾਹਿਬ ਵੱਲ ਰਵਾਨਾ ਹੋਣਗੀਆਂ।
ਇਸੇ ਤਰ੍ਹਾਂ ਹੀ ਦੂਜੇ ਦਿੰਨ ਗੁਰਦੁਆਰਾ ਫਤਿਹਗੜ ਸਾਹਿਬ ਤੋਂ ਆਰੰਭ ਹੋਏ ਨਗਰ ਕੀਰਤਨ ਦਾ ਪਹਿਲਾ ਪੜਾਵ ਗੁਰਦੁਆਰਾ ਬਾਬਾ ਧੰਨ-ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਕੁਰਾਲੀ, ਦੂਜਾ ਪੜਾਵ ਗੁਰਦੁਆਰਾ ਭੱਠਾ ਸਾਹਿਬ ਰੋਪੜ ਤੋਂ ਗੁਰਦੁਆਰਾ ਕੀਰਤਪੁਰ ਸਾਹਿਬ ਹੁੰਦੇ ਹੋਏ ਤਖ਼ਤ ਸ੍ਰੀ ਕੇਸਗੜ ਸਾਹਿਬ, ਸ੍ਰੀ ਆਨੰਦਪੁਰ ਸਾਹਿਬ ਵਿਖੇ ਪੁੱਜੇਗਾ। ਇਸ ਮੌਕੇ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਮਹਿੰਦਰਪਾਲ ਸਿੰਘ ਚੱਡਾ, ਮੀਤ ਪ੍ਰਧਾਨ ਸਤਪਾਲ ਸਿੰਘ, ਜੁਆਇੰਟ ਸਕੱਤਰ ਅਮਰਜੀਤ ਸਿੰਘ ਪੱਪੂ, ਸੀਨੀਅਰ ਅਕਾਲੀ ਆਗੂ ਅਵਤਾਰ ਸਿੰਘ ਹਿੱਤ, ਉਂਕਾਰ ਸਿੰਘ ਥਾਪਰ, ਰਵਿੰਦਰ ਸਿੰਘ ਖੁਰਾਨਾ, ਤਨਵੰਤ ਸਿੰਘ, ਹਰਮੀਤ ਸਿੰਘ ਕਾਲਕਾ, ਜਤਿੰਦਰ ਸਿੰਘ ਸ਼ੰਟੀ, ਧਰਮ ਪ੍ਰਚਾਰ ਕਮੇਟੀ ਦੇ ਮੁੱਖੀ ਪਰਮਜੀਤ ਸਿੰਘ ਰਾਣਾ, ਮੈਂਬਰ ਕੁਲਵੰਤ ਸਿੰਘ ਬਾਠ, ਕੁਲਮੋਹਨ ਸਿੰਘ, ਪਰਮਜੀਤ ਸਿੰਘ ਚੰਢੋਕ, ਹਰਦੇਵ ਸਿੰਘ ਧਨੋਆ, ਹਰਜਿੰਦਰ ਸਿੰਘ, ਜੀਤ ਸਿੰਘ,ਦਰਸ਼ਨ ਸਿੰਘ,ਇੰਦਰਜੀਤ ਸਿੰਘ ਮੌਂਟੀ, ਮਨਮੋਹਨ ਸਿੰਘ, ਜਸਬੀਰ ਸਿੰਘ ਜੱਸੀ, ਗੁਰਮੀਤ ਸਿੰਘ ਮੀਤਾ, ਕੁਲਵੰਤ ਸਿੰਘ ਬਾਠ, ਜਤਿੰਦਰਪਾਲ ਸਿੰਘ ਗੋਲਡੀ ਅਤੇ ਚਮਨ ਸਿੰਘ ਮੌਜੂਦ ਸਨ।
Punjab Post Daily Online Newspaper & Print Media