
ਨਵੀਂ ਦਿੱਲੀ 10 ਅਪ੍ਰੈਲ (ਅੰਮ੍ਰਿਤ ਲਾਲ ਮੰਨਣ)- ਸਿੱਖੀ ਦੇ ਮਹੱਲ ਦੀ ਉਸਾਰੀ ਲਈ ਨੀਂਹ ਰੱਖਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਜਬਰ, ਜ਼ੁਲਮ ਅਤੇ ਅਨਿਆਇ ਦੇ ਵਿਰੁਧ ਜੋ ਸੰਘਰਸ਼ ਅਰੰਭਿਆ ਗਿਆ ਸੀ, ਉਸਨੂੰ ਸਦੀਵਤਾ ਪ੍ਰਦਾਨ ਕਰ, ਜਬਰ, ਜ਼ੁਲਮ ਅਤੇ ਅਨਿਆਇ ਦੇ ਖਾਤਮੇ ਤਕ ਜਾਰੀ ਰਖਣ ਦੇ ਉਦੇਸ਼ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਅਨੰਦ ਪੁਰ ਸਾਹਿਬ ਵਿਖੇ ਇੱਕ ਅਦੁਤੀ ਪ੍ਰੀਖਿਆ ਲੈ ਕੇ ਖਾਲਸਾ ਪੰਥ ਦੀ ਸਿਰਜਨਾ ਕੀਤੀ, ਜਿਸਦੀ ਯਾਦ ਵਿੱਚ ‘ਖਾਲਸਾ ਸਿਰਜਨਾ ਦਿਵਸ’ ਅਰਥਾਤ ਵਿਸਾਖੀ ਦਾ ਪੁਰਬ ਮੰਨਾਉਣ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰਦੁਆਰਾ ਮਜਨੂੰ ਟਿੱਲਾ (ਨੇੜੇ ਖੈਬਰ ਪਾਸ) ਵਿਖੇ ਸੋਮਵਾਰ 14 ਅਪ੍ਰੈਲ ਨੂੰ ਅੰਮ੍ਰਿਤ ਵੇਲੇ ਤੋਂ ਵਿਸ਼ੇਸ਼ ਗੁਰਮਤਿ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ, ਇਹ ਜਾਣਕਾਰੀ ਦਿੰਦਿਆਂ ਸ. ਪਰਮਜੀਤ ਸਿੰਘ ਰਾਣਾ ਚੇਅਰਮੈਨ ਧਰਮ ਪ੍ਰਚਾਰ ਕਮੇਟੀ (ਦਿੱਲੀ ਸਿੱਖ ਗੁਰਦੁਆਰਾ ਕਮੇਟੀ) ਨੇ ਦਸਿਆ ਕਿ ਇਸ ਸਮਾਗਮ ਦੀ ਅਰੰਭਤਾ ਸ੍ਰੀ ਗੁਰੂ ਹਰਿਕ੍ਰਿਸ਼ਨ ਸੁਖਮਨੀ ਸੇਵਕ ਜੱਥੇ ਵਲੋਂ ਸੁਖਮਨੀ ਸਾਹਿਬ ਅਤੇ ਨਿਤਨੇਮ ਦੇ ਪਾਠ ਨਾਲ ਕੀਤੀ ਜਾਇਗੀ। ਉਪਰੰਤ ਭਾਈ ਕੁਲਵੰਤ ਸਿੰਘ ਪ੍ਰਭਾਤ (ਹਜ਼ੂਰੀ ਰਾਗੀ ਗੁਰਦੁਆਰਾ ਸੀਸ ਗੰਜ ਸਾਹਿਬ) ਦਾ ਕੀਰਤਨੀ ਜੱਥਾ ਆਸਾ ਦੀ ਵਾਰ ਦਾ ਕੀਰਤਨ ਕਰੇਗਾ ਅਤੇ ਭਾਈ ਸਤਨਾਮ ਹੈਡ ਗ੍ਰੰਥੀ ਗੁਰ-ਸ਼ਬਦ ਵਿਚਾਰਾਂ ਰਾਹੀਂ ਖਾਲਸਾ ਸਿਰਜਨਾ ਦਿਵਸ ਦੀ ਮਹਤੱਤਾ ਬਾਰੇ ਵਿਸਥਾਰ ਨਾਲ ਆਪਣੇ ਵਿਚਾਰ ਪ੍ਰਗਟ ਕਰਨਗੇ। ਇਸ ਮੌਕੇ ਤੇ ਭਾਈ ਮਹਾ ਸਿੰਘ ਸੋਢੀ, ਭਾਈ ਹਰਜੀਤ ਸਿੰਘ ਗੁਰਦੀਪ ਸਿੰਘ, ਭਾਈ ਬਲਬੀਰ ਸਿੰਘ (ਚੰਡੀਗੜ੍ਹ), ਭਾਈ ਅਪਾਰਦੀਪ ਸਿੰਘ (ਇੰਗਲੈਂਡ), ਭਾਈ ਗੁਰਦੇਵ ਸਿੰਘ (ਆਸਟ੍ਰੇਲੀਆ), ਭਾਈ ਨਰਿੰਦਰ ਸਿੰਘ (ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ) ਅਤੇ ਸ਼੍ਰੋਮਣੀ ਰਾਗੀ ਭਾਈ ਬਲਬੀਰ ਸਿੰਘ (ਅੰਮ੍ਰਿਤਸਰ) ਦੇ ਕਰਿਤਨੀ ਜੱਥੇ ਗੁਰਬਾਣੀ ਦੇ ਰਸਭਿੰਨੇ ਕਰਿਤਨ ਅਤੇ ਢਾਡੀ ਜੱਥਾ ਭਾਈ ਲਖਵਿੰਦਰ ਸਿੰਘ ਖਾਲਸਾ ਸਿਰਜਨਾ ਦੇ ਗੁਰੂ ਸਾਹਿਬਾਂ ਵਲੋਂ ਵਰਤਾਏ ਗਏ ਕੌਤਕ ਦੇ ਪ੍ਰਸੰਗ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨਗੇ। ਇਸ ਮੌਕੇ ਤੇ ਸੇਵਾ ਪੰਥੀ ਬਾਬਾ ਬਚਨ ਸਿੰਘ (ਕਾਰਸੇਵਾ) ਸੰਗਤਾਂ ਨੂੰ ਨਾਮ ਸਿਮਰਨ ਕਰਾਣਗੇ ਅਤੇ ਪੰਥਕ ਮੁਖੀ ਪੰਥਕ ਵਿਚਾਰਾਂ ਸਾਂਝੀਆਂ ਕਰਦਿਆਂ ਸੰਗਤਾਂ ਦੇ ਦਰਸ਼ਨ ਕਰ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਭਰਨਗੇ। ਇਸੇ ਮੌਕੇ ਕਵੀ ਦਰਬਾਰ ਵੀ ਹੋਵੇਗਾ ਜਿਸ ਵਿੱਚ ਪੰਜਾਬੀ ਦੇ ਪ੍ਰਸਿੱਧ ਕਵੀ ਵਿਸਾਖੀ ਦੇ ਪੁਰਬ ਦੇ ਸਬੰਧ ਵਿੱਚ ਆਪਣੀਆਂ ਸਜਰੀਆਂ ਰਚਨਾਵਾਂ ਪੇਸ਼ ਕਰਨਗੇ। ਸਮਾਗਮ ਦਾ ਸਿੱਧਾ ਪ੍ਰਸਾਰਣ ਚੜ੍ਹਦੀਕਲਾ ਟਾਈਮ ਟੀਵੀ ਅਤੇ ਗੁਰਦੁਆਰਾ ਕਮੇਟੀ ਦੀ ਵੇੱਬਸਾਈਟ www.dsgmc.in ਪੁਰ ਹੋਵੇਗਾ। ਇਸੇ ਦਿਨ ਸਵੇਰੇ ਗਿਆਰਾਂ ਵੱਜੇ ਗੁਰਦੁਆਰਾ ਮਜਨੂੰ ਟਿੱਲਾ ਵਿਖੇ ਅੰਮ੍ਰਿਤ ਸੰਚਾਰ ਸਮਾਗਮ ਹੋਵੇਗਾ ਅਤੇ ਦੁਪਹਿਰ ਦੋ ਵਜੇ ਤੋਂ ਸ਼ਾਮ ਪੰਜ ਵਜੇ ਤਕ ਦਿੱਲੀ ਦੀਆਂ ਸ਼ਸਤ੍ਰ ਵਿਦਿਆ ਦਲ ਦੀਆਂ ਪਾਰਟੀਆਂ ਦੇ ਜਵਾਨ ਬੀਰ ਰਸੀ ਕਰਤਬਾਂ ਦਾ ਪ੍ਰਦਰਸ਼ਨ ਕਰਨਗੇ। ਸਮਾਗਮ ਵਿਚ ਬੋਰਡ ਦੀ ਬਾਰ੍ਹਵੀਂ ਪ੍ਰੀਖਿਆ ਦੇ ਪੰਜਾਬੀ ਵਿਸ਼ੇ ਵਿੱਚ ਪੰਝਤਰ (੭੫) ਪ੍ਰਤੀਸ਼ਤ ਜਾਂ ਵੱਧ ਨੰਬਰ ਲੈਣ ਵਾਲੇ ਵਿਦਿਆਰਥੀਆਂ ਨੂੰ ਸਿਰੋਪਾ ਅਤੇ ਨਕਦ ਇਨਾਮ ਦੇ ਕੇ ਗੁਰਦੁਆਰਾ ਕਮੇਟੀ ਵਲੌਂ ਸਨਮਾਨਤ ਕੀਤਾ ਜਾਇਗਾ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media