ਸਭਾ ਦੇ ਮੈਂਬਰਾਂ ਦੋ ਮਿੰਟ ਦਾ ਮੌਨ ਧਾਰਨ ਕਰਕੇ ਦਿੱਤੀ ਸ਼ਰਧਾਂਜਲੀ
ਪੱਟੀ, 22 ਜੂਨ (ਅਵਤਾਰ ਸਿੰਘ ਢਿਲੋਂ, ਰਣਜੀਤ ਸਿੰਘ ਮਾਹਲਾ) – ਸਾਹਿਤ ਸਭਾ ਪੱਟੀ ਦੀ ਇੱਕਤਰਤਾ ਵੋਹਰਾ ਸਦਨ ਪੱਟੀ ਵਿਖੇ ਸਭਾ ਦੇ ਪ੍ਰਧਾਨ ਬਰਕਤ ਸਿੰਘ ਵੋਹਰਾ ਦੀ ਪ੍ਰਧਾਨਗੀ ਹੇਠ ਹੋਈ। ਇਸ ਇੱਕਤਰਤਾ ਵਿੱਚ ਸਭਾ ਦੇ ਸਮੂਹ ਅਹੁਦੇਦਾਰਾਂ, ਸਰਬ ਸ਼੍ਰੀ ਡਾ: ਰਘੂਨਾਥ ਜੈਨ, ਜਸਬੀਰ ਸਿੰਘ ਸੋਢੀ ਸਰਪ੍ਰਸਤ, ਮੈਡਮ ਸਵਿੰਦਰਦੀਪ ਮੀਤ ਪ੍ਰਧਾਨ, ਕਰਮ ਸਿੰਘ ਹੁੰਦਲ ਮੁੱਖ ਸਕੱਤਰ, ਚਰਨਜੀਤ ਸਿੰਘ ਰੱਖ਼ਰਾ ਸਕੱਤਰ, ਬੱਲੂ ਮਹਿਤਾ, ਪ੍ਰੈਸ ਸਕੱਤਰ, ਜੈਦੀਪ ਸਿੰਘ ਵੋਹਰਾ ਕੈਸ਼ੀਅਰ, ਪ੍ਰਿੰ: ਗੁਰਬਚਨ ਸਿੰਘ ਲਾਲੀ, ਸੁਰਜੀਤ ਧਾਮੀ, ਸਰਬਜੀਤ ਸਿੰਘ ਪੁਰੀ, ਗੁਰਮੀਤ ਸਿੰਘ ਮੀਤ, ਪ੍ਰਿੰਸ ਗੁਰਪ੍ਰੀਤ ਸਿੰਘ ਧੁੰਨਾ ਸਲਾਹਕਾਰ ਤੋਂ ਇਲਾਵਾ ਸਾਹਿਤ ਸਭਾ ਪੱਟੀ ਦੇ ਬਾਨੀ ਸ਼੍ਰੀ ਨਿਰਮਲ ਅਰਪਣ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।
ਇੱਕਤਰਤਾ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਨਿਰਮਲ ਅਰਪਣ ਨੇ ਕਿਹਾ ਕਿ ਨਾਮਵਰ ਪੱਤਰਕਾਰ ‘ਤੇ ਨਵਾਂ ਜ਼ਮਾਨਾ ਦੇ ਮੁੱਖ ਸੰਪਾਦਕ ਜਗਜੀਤ ਸਿੰਘ ਆਨੰਦ ਦੀ ਮੌਤ ਨਾਲ ਪੱਤਰਕਾਰਤਾ ‘ਤੇ ਸਾਹਿਤ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।ਉਨ੍ਹਾਂ ਨੇ ਕਿਹਾ ਕਿ ਸਵਰਗਵਾਸੀ ਸ਼੍ਰੀ ਜਗਜੀਤ ਸਿੰਘ ਆਨੰਦ ਅਤੇ ਡਾ: ਸਾਧੂ ਸਿੰਘ ਹਮਦਰਦ ਦਾ ਸਾਹਿਤ ਸਭਾ ਪੱਟੀ ਨੂੰ ਸਾਹਿਤਕ ਦੁਨੀਆਂ ਨਾਲ ਜੋੜਣ ਸੰਬੰਧੀ ਵਿਲੱਖਣ ਯੋਗਦਾਨ ਹੈ। ਸ਼੍ਰੀ ਅਰਪਣ ਨੇ ਕਿਹਾ ਕਿ ਸਨ 1961/62 ਵਿੱਚ ਸਾਹਿਤ ਸਭਾ ਪੱਟੀ ਵੱਲੋਂ ਕਰਵਾਏ ਗਏ ਸਾਹਿਤਕ ਸਮਾਗਮ ਵਿੱਚ ਹਿੰਦੁਸਤਾਨ ਦੇ ਹਰ ਪ੍ਰਦੇਸ਼ ਵਿੱਚੋਂ ਨਾਮਵਰ ਸ਼ਾਇਰਾਂ ‘ਤੇ ਲੇਖਕਾਂ ਨੇ ਸ਼ਿਰਕਤ ਕੀਤੀ ਸੀ। ਉਸ ਸਮੇਂ ਸ਼੍ਰੀ ਆਨੰਦ ਜੀ ਵੱਲੋਂ ਕੀਤੇ ਗਏ ਵਿਸ਼ੇਸ਼ ਉਪਰਾਲੇ ਕਾਰਨ ਹੀ ਏਸ਼ੀਆ ਅਤੇ ਅਫਰੀਕਾ ਦੀ ਸਾਂਝੀ ਸੰਸਥਾ ਦੇ ਜਨਰਲ ਸਕੱਤਰ ਜਨਾਬ ਸਜ਼ਾਦ ਜ਼ਹੀਰ ਵੀ ਇਸ ਸਮਾਗਮ ਵਿੱਚ ਪੁੱਜੇ ਸਨ ਅਤੇ ਉਨ੍ਹਾਂ ਨੇ ਆਪਣੇ ਹੱਥੀ ਸੁਖਬੀਰ ਅਤੇ ਨਵਤੇਜ ਨੂੰ ਸਨਮਾਨਿਤ ਕਰਨ ਉਪਰੰਤ ਆਪਣੇ ਇਤਿਹਾਸਕ ਭਾਸ਼ਣ ਵਿੱਚ ਕਿਹਾ ਸੀ ਕਿ ਹਿੰਦੁਸਤਾਨ ਵਿੱਚ ਜਿਹੜਾ ਸਾਹਿਤ ਮਨ ਪ੍ਰਚਾਵੇ ਲਈ ਲਿਖਿਆ ਜਾ ਰਿਹਾ ਸੀ ਉਸ ਦਾ ਮੁੂੰਹ-ਮੁਹਾਂਦਰਾ ਬਦਲਣ ਵਿੱਚ ਮੁੰਸ਼ੀ ਪ੍ਰੇਮਚੰਦ ਨੇ ਬਹੁਤ ਵੱਡਾ ਰੋਲ ਅਦਾ ਕੀਤਾ। ਉਹ ਮੂਵਮੈਂਟ ਵਕਤ ਪਾ ਕੇ ਭਾਰਤ ਦੇ ਪੂਰੇ ਸਾਹਿਤਕ ਖੇਤਰ ਵਿੱਚ ਹਾਵੀ ਹੋ ਚੁੱਕੀ ਸੀ, ਸਮੇਂ ਦੇ ਬਦਲਾਅ ਨੇ ਇਹ ਮੂਵਮੈਂਟ ਨੂੰ ਐਸੀ ਢਾਹ ਲਾਈ ਕਿ ਇਸ ਨੇ 1965 ਤੱਕ ਆਪਣਾ ਵਜੂਦ ਗੁਆ ਲਿਆ। ਉਨ੍ਹਾਂ ਨੇ ਕਿਹਾ ਕਿ ਸੀ ਅੱਜ ਪੱਟੀ ਦਾ ਸਮਾਗਮ ਅਗਾਂਹ ਵੱਧੂ ਵਿਚਾਰ ਧਾਰਾ ਨਾਲ ਜੁੜੇ ਲੇਖਕਾਂ ਦਾ ਆਖਰੀ ਸਮਾਗਮ ਹੈ।
ਸ਼੍ਰੀ ਅਰਪਣ ਨੇ ਕਿਹਾ ਕਿ ਸਾਹਿਤ ਸਭਾ ਪੱਟੀ ਵੱਲੋਂ ਕਰਵਾਏ ਜਾਂਦੇ ਸਮਾਗਮਾਂ ਜਗਜੀਤ ਸਿੰਘ ਆਪਣੇ ਜੀਵਨ ਕਾਲ ਵਿੱਚ ਮਹਿਜ ਇੱਕ ਸੱਦਾ ਪੱਤਰ ਭੇਜਣ ‘ਤੇ ਹਾਜ਼ਰ ਹੋ ਜਾਂਦੇ ਸਨ ਅਤੇ ਆਪਣੇ ਅਣਮੁੱਲੇ ਵਿਚਾਰਾਂ ਨਾਲ ਸਭਾ ਦੀ ਰਹਿਨੁੁਮਾਈ ਕਰਦੇ ਸਨ। ਉਨ੍ਹਾਂ ਨੇ ਕਿਹਾ ਕਿ ਸਾਹਿਤ ਸਭਾ ਪੱਟੀ ਵੱਲੋਂ ਸ਼੍ਰੀ ਜਗਜੀਤ ਸਿੰਘ ਆਨੰਦ ਦੇ ਪਾਏ ਗਏ ਯੋਗਦਾਨ ਨੂੰ ਕਦੇ ਨਹੀਂ ਭੁਲਾਇਆ ਜਾ ਸਕਦਾ। ਇੱਕਤਰਤਾ ਦੇ ਅਖੀਰ ਵਿੱਚ ਸਮੂਹ ਹਾਜ਼ਰੀਨ ਨੇ ਦੋ ਮਿੰਟ ਦਾ ਮੌਨ ਧਾਰਨ ਕਰਕੇ ਸਵ: ਸ਼੍ਰੀ ਜਗਜੀਤ ਸਿੰਘ ਆਨੰਦ ਨੂੰ ਨਿੱਘੀ ਸ਼ਰਧਾਂਜਲੀ ਭੇਂਟ ਕੀਤੀ।
Punjab Post Daily Online Newspaper & Print Media