Sunday, March 22, 2026

ਖੇਤੀ ਵਿਭਿੰਨਤਾ ਤਹਿਤ ਜ਼ਿਲ੍ਹਾ ਪਠਾਨਕੋਟ ‘ਚ 1250 ਹੈਕਟੇਅਰ ਰਕਬਾ ਲੀਚੀ ਦੇ ਬਾਗਾਂ ਹੇਠ ਲਿਆਂਦਾ

PPN2406201509

ਪਠਾਨਕੋਟ, 24 ਜੂਨ (ਪ.ਪ) – ਪੰਜਾਬ ਸਰਕਾਰ ਵੱਲੋਂ ਖੇਤੀ ਵਿਭਿੰਨਤਾ ਤਹਿਤ ਬਾਗਬਾਨਾਂ ਨੂੰ ਨਵੇਂ ਬਾਗ ਲਗਾਉਣ ਲਈ ਉਤਸ਼ਾਹਿਤ ਕਰਨ ਦੇ ਨਾਲ ਨਾਲ ਜ਼ਿਲ੍ਹਾ ਪਠਾਨਕੋਟ ਅੰਦਰ 1250 ਹੈਕਟੇਅਰ ਰਕਬਾ ਲੀਚੀ ਦੇ ਬਾਗਾਂ ਹੇਠ ਲਿਆਂਦਾ ਗਿਆ ਹੈ ਅਤੇ ਜ਼ਿਲ੍ਹੇ ਅੰਦਰ ਕਸਬਾ ਸੁਜਾਨਪੁਰ ਵਿਖੇ 2 ਏਕੜ ਏਰੀਏ ਵਿੱਚ 2 ਕਰੋੜ ਰੁਪਏ ਦੀ ਲਾਗਤ ਨਾਲ ਲੀਚੀ ਅਸਟੇਟ ਬਣਾਈ ਜਾ ਰਹੀ ਹੈ। ਇਹ ਜਾਣਕਾਰੀ ਸ਼੍ਰੀ ਕੁਲਦੀਪ ਸਿੰਘ ਬੱਲ ਡਿਪਟੀ ਡਾਇਰੈਕਟਰ ਬਾਗਬਾਨੀ ਵਿਭਾਗ ਨੇ ਦਿੰਦਿਆ ਦੱਸਿਆ ਕਿ ਪਠਾਨਕੋਟ ਜ਼ਿਲ੍ਹਾ ਬਣਨ ਤੋਂ ਪਹਿਲਾਂ 850 ਹੈਕਟੇਅਰ ਰਕਬੇ ਵਿੱਚ ਲੀਚੀ ਦੇ ਬਾਗ ਲਗਾਏ ਗਏ ਸਨ ਅਤੇ ਜ਼ਿਲ੍ਹਾ ਬਣਨ ਤੋਂ ਬਾਅਦ 3 ਸਾਲਾਂ ਵਿੱਚ ਹੁਣ ਤੱਕ 400 ਹੈਕਟੇਅਰ ਰਕਬਾ ਲੀਚੀ ਦੇ ਨਵੇਂ ਬਾਗਾਂ ਹੇਠ ਲਿਆਂਦਾ ਗਿਆ ਹੈ ਅਤੇ ਇਸ ਸਾਲ ਦੌਰਾਨ 200 ਹੈਕਟੇਅਰ ਰਕਬਾ ਹੋਰ ਲੀਚੀ ਦੇ ਨਵੇਂ ਬਾਗਾਂ ਹੇਠ ਲਿਆਉਣ ਦਾ ਟੀਚਾ ਮਿਥਿਆ ਗਿਆ ਹੈ।
ਡਿਪਟੀ ਡਾਇਰੈਕਟਰ ਨੇ ਦੱਸਿਆ ਕਿ ਲੀਚੀ ਦੇ ਬਾਗਾਂ ਲਈ ਬਾਗਬਾਨਾਂ ਨੂੰ ਉਤਸ਼ਾਹਿਤ ਕਰਨ ਲਈ ਸੁਜਾਨਪੁਰ ਵਿਖੇ ਬਣਾਈ ਜਾ ਰਹੀ ਲੀਚੀ ਅਸਟੇਟ ਵਿੱਚ ਲੀਚੀ ਅਸਟੇਟ ਦੀ ਮੁੱਖ ਇਮਾਰਤ ਤੋਂ ਇਲਾਵਾ ਸਸਤੇ ਰੇਟਾਂ ‘ਤੇ ਕੀੜੇਮਾਰ ਅਤੇ ਉਲੀ ਨਾਸ਼ਕ ਦਵਾਈਆਂ ਉਪਲਬੱਧ ਕਰਵਾਉਣ ਲਈ ਇੱਕ ਦੁਕਾਨ, ਕਾਨਫਰੰਸ ਰੂਮ, ਸੜਕਾਂ ਅਤੇ ਬਾਗਬਾਨੀ ਵਿਭਾਗ ਦੇ ਦਫ਼ਤਰ ਦੀ ਇਮਾਰਤ ਦੀ ਉਸਾਰੀ ਕੀਤੀ ਜਾ ਰਹੀ ਹੈ ਅਤੇ ਬਾਗਬਾਨੀ ਲਈ ਕੰਮ ਆਉਣ ਵਾਲੇ ਸੰਦ ਜਿਵੇਂ ਟਰੈਕਟਰ, ਰੋਟਾਵੇਟਰ, ਵਾਟਰ ਫੀਡਰ, ਸਪਰੇ ਪੰਪ ਬਾਗਬਾਨਾਂ ਨੂੰ ਸਸਤੇ ਰੇਟਾਂ ‘ਤੇ ਕਿਰਾਏ ‘ਤੇ ਦਿੱਤੇ ਜਾਣਗੇ। ਸ਼੍ਰੀ ਬੱਲ ਨੇ ਅੱਗੇ ਦੱਸਿਆ ਕਿ ਜ਼ਿਲ੍ਹਾ ਪਠਾਨਕੋਟ ਦਾ ਪੋਣ ਪਾਣੀ ਲੀਚੀ ਦੇ ਬਾਗਾਂ ਦੇ ਅਨੁਕੂਲ ਹੈ। ਉਨ੍ਹਾਂ ਦੱਸਿਆ ਕਿ ਲੀਚੀ ਦੇ ਬਾਗਾਂ ਤੋਂ ਬਾਗਬਾਨਾਂ ਨੂੰ ਜਿੱਥੇ ਚੋਖੀ ਆਮਦਨ ਹੋ ਰਹੀ ਹੈ, ਉੱਥੇ ਇੰਨ੍ਹਾਂ ਬਾਗਾਂ ਵਿੱਚ ਬੇਰੋਜ਼ਗਾਰ ਵਿਅਕਤੀਆਂ ਅਤੇ ਘਰੇਲੂ ਔਰਤਾਂ ਨੂੰ ਰੋਜ਼ਗਾਰ ਵੀ ਮਿਲਦਾ ਹੈ।
ਸ਼੍ਰੀ ਐਸ.ਐਸ. ਪਰਮਾਰ ਅਗਾਹ ਵਧੂ ਬਾਗਬਾਨ ਨੇ ਦੱਸਿਆ ਕਿ ਉਨ੍ਹਾਂ ਨੇ 20 ਏਕੜ ਰਕਬੇ ਵਿੱਚ ਲੀਚੀ ਦਾ ਬਾਗ ਲਗਾਇਆ ਹੋਇਆ ਹੈ। ਇਸ ਤੋਂ ਉਨ੍ਹਾਂ ਨੂੰ ਚੰਗੀ ਆਮਦਨ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਹੀ ਉਨ੍ਹਾਂ ਦੇ ਨਾਲ ਲੱਗਦੇ ਏਰੀਏ ਵਿੱਚ ਰਜਿੰਦਰ ਸਿੰਘ ਨੇ 8 ਏਕੜ ਵਿੱਚ, ਸੁਖਦੇਵ ਸਿੰਘ ਸਰਪੰਚ ਨੰਗਲ ਨੇ 5 ਏਕੜ ਵਿੱਚ, ਮਾਸਟਰ ਮੁਲਖ ਰਾਜ ਨੇ 10 ਏਕੜ ਵਿੱਚ ਅਤੇ ਬੀ.ਡੀ. ਸ਼ਰਮਾ ਨੇ 3 ਏਕੜ ਵਿੱਚ ਲੀਚੀ ਦੇ ਬਾਗ ਲਗਾਏ ਹੋਏ ਹਨ। ਉਨ੍ਹਾਂ ਦੱਸਿਆ ਕਿ ਲੀਚੀ ਮਾਰਕੀਟਿੰਗ ਲਈ ਦਿੱਲੀ, ਕਲਕਤਾ ਅਤੇ ਮੁਬੰਈ ਵਿਖੇ ਹੋ ਰਹੀ ਹੈ। ਉਨ੍ਹਾਂ ਨੇ ਸਰਕਾਰ ਵੱਲੋਂ ਸੁਜਾਨਪੁਰ (ਪਠਾਨਕੋਟ) ਵਿਖੇ ਲੀਚੀ ਅਸਟੇਟ ਬਣਾਉਣ ਲਈ ਸਰਕਾਰ ਦਾ ਧੰਨਵਾਦ ਕਰਦਿਆਂ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਲੀਚੀ ਦੇ ਸੀਜ਼ਨ ਦੌਰਾਨ ਲੀਚੀ ਦੇ ਫਲ ਨੂੰ ਸਹੀ ਤਰੀਕੇ ਅਤੇ ਸਮੇਂ ਸਿਰ ਦਿੱਲੀ, ਕਲਕਤਾ, ਮੁਬੰਈ ਅਤੇ ਹੋਰ ਦੂਸਰੇ ਰਾਜਾਂ ਵਿੱਚ ਪਹੁੰਚਾਉਣ ਲਈ ਪਠਾਨਕੋਟ ਰੇਲਵੇ ਸਟੇਸ਼ਨ ਤੋਂ ਇੱਕ ਸਪੈਸ਼ਲ ਬੋਗੀ ਲਗਾਉਣ ਦਾ ਪ੍ਰਬੰਧ ਕਰੇ ਅਤੇ 12 ਘੰਟੇ ਨਿਰਵਿਘਨ ਬਿਜਲੀ ਬਾਗਬਾਨਾਂ ਨੂੰ ਮੁਹਈਆ ਕਰਵਾਈ ਜਾਵੇ। ਡਾ. ਦਰਸ਼ਨ ਪਾਲ ਅਤੇ ਡਾ. ਸ਼ਮੀ ਮਹਾਜਨ ਬਾਗਬਾਨੀ ਵਿਕਾਸ ਅਫ਼ਸਰ ਨੇ ਦੱਸਿਆ ਕਿ ਇਸ ਸਾਲ ਲੀਚੀ ਦੀ ਫਸਲ ਭਰਭੂਰ ਹੋਈ ਹੈ ਅਤੇ ਬਾਗਬਾਨਾਂ ਨੂੰ ਸਮੇਂ ਸਮੇਂ ਸਿਰ ਬਾਗਾਂ ਦੀ ਦੇਖ ਭਾਲ ਕਰਨ ਲਈ ਵਿਭਾਗ ਵੱਲੋਂ ਜਾਣਕਾਰੀ ਦਿੱਤੀ ਜਾਂਦੀ ਹੈ।

Check Also

ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …

Leave a Reply