ਅਸਫਵਾਲਾ ਸ਼ਹੀਦੀ ਸਮਾਰਕ ਤੋਂ ਸ਼ੁਰੂ ਕੀਤੀ ”ਰੁਜ਼ਗਾਰ ਬਚਾਓ ਸਾਇਕਲ ਯਾਤਰਾ”
ਫਾਜਿਲਕਾ, 27 ਜੂਨ (ਵਿਨੀਤ ਅਰੋੜਾ) – ਪੰਜਾਬ ਦੇ ਪ੍ਰਾਇਮਰੀ ਸਕੂਲਾਂ ਵਿੱਚ ਸੇਵਾ ਨਿਭਾ ਰਹੇ ਈ.ਜੀ.ਐਸ./ਏ.ਆਈ.ਈ./ਐਸ.ਟੀ.ਆਰ. ਅਧਿਆਪਕਾਂ ਵਲੋਂ ਰੈਗੂਲਗਰ ਸਰਵਿਸ, ਬੇਸਿਕ ਪੇ ਸਕੇਲ ਅਤੇ ਸਰਵਿਸ ਬੁੱਕ ਸ਼ੁਰੂ ਕਰਵਾਉਣ ਵਰਗੀਆਂ ਆਪਣੀਆਂ ਪ੍ਰਮੁੱਖ ਮੰਗਾਂ ਨੂੰ ਲੈ ਕੇ ਅੱਜ ਜਿਲ੍ਹਾ ਫਾਜ਼ਿਲਕਾ ਦੇ ਬਾਰਡਰ ਉਪਰ ਸਥਿੱਤ ਅਸਫਵਾਲਾ ਸ਼ਹੀਦੀ ਸਮਾਰਕ ਤੋਂ ਸੰਘਰਸ਼ ਦਾ ਬਿਗੁੱਲ ਬਜਾ ਦਿੱਤਾ।ਅੱਜ ਰੁਜ਼ਗਾਰ ਬਚਾਓ ਸੰਘਰਸ਼ ਕਮੇਟੀ ਪੰਜਾਬ ਵਲੋਂ ਕਮੇਟੀ ਦੇ ਸੂਬਾ ਕਨਵੀਨਰ ਪ੍ਰਿਤਪਾਲ ਸਿੰਘ ਫਾਜਿਲਕਾ ਅਤੇ ਕੁਲਦੀਪ ਸਿੰਘ ਪਾਬਲਾ ਦੀ ਅਗਵਾਈ ਹੇਠ ਸ਼ਹੀਦੀ ਸਮਾਰਕ ਤੇ ਭਾਰੀ ਇਕੱਤਰਤਾ ਕਰਕੇ ਆਪਣੀਆਂ ਜਾਇਜ਼ ਮੰਗਾਂ ਦੀ ਪ੍ਰਾਪਤੀ ਲਈ ਸੂਬਾ ਪੱਧਰੀ ”ਰੁਜ਼ਗਾਰ ਬਚਾਓ ਸਾਇਕਲ ਯਾਤਰਾ” ਸ਼ੁਰੁ ਕੀਤੀ। ਸਾਇਕਲ ਯਾਤਰਾ ਦੌਰਾਨ ਈ.ਜੀ.ਐਸ./ਏ.ਆਈ.ਈ./ਐਸ.ਟੀ.ਆਰ. ਅਧਿਆਪਕ ਅਤੇ ਅਧਿਆਪਕਾਵਾਂ ਪੰਜਾਬ ਦੇ ਸਾਰੇ ਜਿਲ੍ਹਿਆਂ ਵਿੱਚ ਜਾ ਕੇ ਸੂਬਾ ਸਰਕਾਰ ਦੀਆਂ ਸਿੱਖਿਆ ਅਤੇ ਰੁਜ਼ਗਾਰ ਵਿਰੋਧੀ ਨੀਤੀਆਂ ਦਾ ਭੰਡੀ ਪ੍ਰਚਾਰ ਕਰਦੇ ਹੋਏ ਆਪਣੀਆਂ ਹੱਕੀ ਮੰਗਾਂ ਲਈ ਜਨ ਸਮੱਰਥਨ ਮੰਗਣਗੇ।ਇਸ ਤੋਂ ਪਹਿਲਾਂ ਅੱਜ ਅਸਫਵਾਲਾ ਸ਼ਹੀਦੀ ਸਮਾਰਕ ਤੇ ਭਾਰੀ ਗਿਣਤੀ ਵਿੱਚ ਇਕੱਤਰ ਹੋਏ ਈ.ਜੀ.ਐਸ./ਏ.ਆਈ.ਈ./ਐਸ.ਟੀ.ਆਰ. ਅਧਿਆਪਕਾਂ ਦੀ ”ਰੁਜ਼ਗਾਰ ਬਚਾਓ ਸਾਇਕਲ ਯਾਤਰਾ” ਨੂੰ ਝੰਡੀ ਦੇ ਕੇ ਰਵਾਨਾ ਕਰਨ ਸਮੇਂ ਸੰਬੋਧਨ ਕਰਦਿਆਂ ਉੱਘੇ ਸਮਾਜ ਸੇਵਕ ਤੇ ਰਿਟੇਲ ਕਰਿਆਨਾ ਐਸੋਸੀਏਸ਼ਨ ਪੰਜਾਬ ਦੇ ਮੀਤ ਪ੍ਰਧਾਨ ਸੁਰਿੰਦਰ ਕਾਠਪਾਲ ਅਤੇ ਸਿੱਖਿਆ ਸੁਧਾਰ ਕਮੇਟੀ ਦੇ ਆਗੂ ਰਾਜ ਕਿਸ਼ੋਰ ਕਾਲੜਾ ਨੇ ਕਿਹਾ ਕਿ ਸੂਬਾ ਸਰਕਾਰ ਦੀਆਂ ਸਿੱਖਿਆ ਅਤੇ ਰੁਜ਼ਗਾਰ ਵਿਰੋਧੀ ਨੀਤੀਆਂ ਸਹੀ ਨਾ ਹੋਣ ਕਰਕੇ ਨੌਜਵਾਨਾਂ ਵਿੱਚ ਅਰਾਜਕਤਾ ਫੈਲ ਰਹੀ ਹੈ, ਜੋ ਸਮਾਜ ਲਈ ਚਿੰਤਾ ਦਾ ਵਿਸ਼ਾ ਹੈ।ਉਨ੍ਹਾਂ ਕਿਹਾ ਕਿ ਨੌਜਵਾਨਾਂ ਅੰਦਰ ਬੇਚੈਨੀ ਦੇਸ਼ ਲਈ ਘਾਤਕ ਹੁੰਦੀ ਹੈ।ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਨ੍ਹਾਂ ਈ.ਜੀ.ਐਸ./ਏ.ਆਈ.ਈ./ਐਸ.ਟੀ.ਆਰ. ਅਧਿਆਪਕਾਂ ਨੁੰ ਸਥਾਈ ਰੁਜ਼ਗਾਰ ਦੇਵੇ।ਇਸ ਮੌਕੇ ਸਾਇਕਲ ਯਾਤਰਾ ਕੱਢ ਰਹੇ ਅਧਿਆਪਕਾਂ ਵਲੌਂ ਡੀ.ਸੀ ਦਫਤਰ ਫਾਜਿਲਕਾ ਅੱਗੇ ਰੋਸ ਪ੍ਰਦਰਸ਼ਨ ਕਰਦਿਆਂ ਸਰਕਾਰ ਵਿਰੁੱਧ ਜੰਮ ਕੇ ਨਾਅਰਬਾਜ਼ੀ ਕਰਨ ਤੋਂ ਬਾਅਦ ਪ੍ਰਿਤਪਾਲ ਸਿੰਘ ਫਾਜਿਲਕਾ ਤੇ ਕੁਲਦੀਪ ਸਿੰਘ ਪਾਬਲਾ ਦੀ ਅਗਵਾਈ ਹੇਠ ਡਿਪਟੀ ਕਮਿਸ਼ਨ ਫਾਜ਼ਿਲਕਾ ਰਵਿੰਦਰ ਸਿੰਘ ਨੂੰ ਮੰਗ ਪੱਤਰ ਸਂੋਪਿਆ।
ਇਸ ਮੌਕੇ ”ਰੁਜ਼ਗਾਰ ਬਚਾਓ ਸੰਘਰਸ਼ ਕਮੇਟੀ ਪੰਜਾਬ” ਦੇ ਆਗੂਆਂ ਪ੍ਰਿਤਪਾਲ ਸਿੰਘ ਫਾਜਿਲਕਾ, ਧੀਰਜ ਕੁਮਾਰ ਮੁਕਤਸਰ, ਕੁਲਦੀਪ ਸਿੰਘ ਪਾਬਲਾ, ਮੰਗਾ ਸਿੰਘ ਅਜ਼ਾਦ, ਸੁਨੀਲ ਯਾਦਵ ਮੁਕਤਸਰ, ਗੁਰਤੇਜ ਸਿੰਘ ਟਾਂਡੀਆ, ਜਸਪਾਲ ਸਿੰਘ ਟਿਵਾਣਾ ਅਤੇ ਕੁਲਬੀਰ ਸਿੰਘ ਅਬੋਹਰ ਨੇ ਐਲਾਨ ਕੀਤਾ ਕਿ ਇਹ ਸੰਘਰਸ਼ ਹੱਕਾਂ ਦੀ ਪ੍ਰਾਪਤੀ ਤੱਕ ਜਾਰੀ ਰਹੇਗਾ ਅਤੇ ਸਰਕਾਰ ਦੇ ਤਬੂਤ ਵਿੱਚ ਆਖਰੀ ਕਿੱਲ ਸਾਬਤ ਹੋਵੇਗਾ।ਇੱਸ ਮੌਕੇ ਛਿੰਦਰ ਸਿੰਘ ਸੂਬਾ ਸਕੱਤਰ ਟੈੱਟ ਪਾਸ ਯੂਨੀਅਨ, ਪ੍ਰਤੀਮ ਸਿੰਘ ਮਿਡ-ਡੇ-ਮੀਲ ਯੂਨੀਅਨ, ਸੁਰਜੀਤ ਸਿੰਘ ਭਾਰਤੀ ਦੂਰਸੰਚਾਰ ਵਿਭਾਗ ਯੂਨੀਅਨ, ਸਰਾਜ ਸਿੰਘ ਸੂਬਾ ਪ੍ਰਧਾਨ ਰਾਏ-ਸਿੱਖ ਵਿਦਿਆਰਥੀ ਯੂਨੀਅਨ ਅਤੇ ਸਤੀਸ਼ ਵਰਮਾ ਦੇ ਜਨਰਲ ਸਕੱਤਰ ਪੰਜਾਬ ਰਾਜ ਕਰਮਚਾਰੀ ਦਲ ਤੋਂ ਇਲਾਵਾ ਜਸਵਿੰਦਰ ਸਿੰਘ ਮੱਲ੍ਹੀ (ਫਾਜ਼ਿਲਕਾ), ਮੱਖਣ ਸਿੰਘ ਗੁਲਾਬਾ, ਲਾਲੋ ਬਾਈ, ਸੰਤੋਸ਼ ਰਾਣੀ, ਹਰਮੀਤ ਕੌਰ ਪਟਿਆਲਾ, ਨਛੱਤਰ ਸਿੰਘ ਸਿਧਵਾਂ, ਬੀਰਬਲ ਕੁਸਲਾ ਮਾਨਸਾ, ਅਮਨਦੀਪ ਸਿੰਘ ਮਹਿਤਪੁਰ, ਸੁਮਿਤ ਕੌਸ਼ਲ ਜਲੰਧਰ, ਨਿਸ਼ਾਨ ਸਿੰਘ ਅਬੋਹਰ, ਸੁਰਜੀਤ ਸਿੰਘ ਰਾਏ,ਰਕੇਸ਼ ਉਤਰੇਜਾ, ਮੋਹਣ ਲਾਲ ਅਤੇ ਰਮੇਸ਼ ਚੰਦ ਹਾਜ਼ਰ ਸਨ।
Punjab Post Daily Online Newspaper & Print Media
