29 ਜੂਨ ਬਰਸੀ ‘ਤੇ ਵਿਸ਼ੇਸ਼:
-ਜਥੇਦਾਰ ਅਵਤਾਰ ਸਿੰਘ
ਪ੍ਰਧਾਨ,
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ।
ਸਿੱਖ ਇਤਿਹਾਸ ਵਿਚ 18ਵੀਂ ਸਦੀ ਦਾ ਇਤਿਹਾਸ ਸਿੱਖ ਸੰਘਰਸ਼ ਦੀ ਜਦੋ-ਜਹਿਦ ਦੀ ਮੂੰਹ ਬੋਲਦੀ ਤਸਵੀਰ ਹੈ।ਇਹ ਸਮਾਂ ਹਿੰਦੁਸਤਾਨ ਵਿਚ ਮੁਗ਼ਲ ਸ਼ਾਸਨ ਦੇ ਅੰਤ ਅਤੇ ਸਿੱਖ ਰਾਜ ਦੇ ਸਥਾਪਿਤ ਹੋਣ ਦਾ ਹੈ। ਸਿੱਖ ਸ਼ਹਾਦਤਾਂ ਦੇ ਰਸਤੇ ਤੁਰ ਕੇ ਖ਼ਾਲਸਾਈ ਰਾਜ ਦੀ ਸਥਾਪਨਾ ਲਈ ਜੂਝ ਰਹੇ ਸਨ।ਸਿੱਖ ਮਿਸਲਾਂ ਨੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿਚ ਸਥਾਪਿਤ ਹੋ ਕੇ ਸੁਤੰਤਰ ਰਾਜ ਸਥਾਪਿਤ ਕਰ ਲਏ ਸਨ।ਹੁਣ ਇਨ੍ਹਾਂ ਰਾਜਾਂ ਦੇ ਏਕੀਕਰਨ ਕਰਨ ਲਈ ਇਕ ਮਹਾਂਨਾਇਕ ਦੀ ਲੋੜ ਸੀ ਜੋ ਸਿੱਖ ਰਾਜ ਦੀ ਸਥਾਪਨਾ ਕਰ ਸਕੇ।ਸਿੱਖ ਰਾਜ ਦੀ ਸਥਾਪਨਾ ਦੇ ਸੁਪਨੇ ਨੂੰ ਸਾਕਾਰ ਕਰਨ ਹਿੱਤ ਇਤਿਹਾਸ ਦੀ ਇਸ ਮੰਗ ਨੂੰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਪੂਰਾ ਕੀਤਾ। ਸਿੱਖ ਰਾਜ ਦੀ ਸਥਾਪਨਾ ਸਰਕਾਰ-ਏ-ਖ਼ਾਲਸਾ ਦੇ ਰੂਪ ਵਿਚ ਸਾਹਮਣੇ ਆਈ।
ਮਹਾਰਾਜਾ ਰਣਜੀਤ ਸਿੰਘ ਦਾ ਜਨਮ ਨਵੰਬਰ, 1780 ਈ: ਵਿਚ ਗੁਜਰਾਂਵਾਲਾ ਵਿਖੇ ਸ਼ੁਕਰਚੱਕੀਆ ਮਿਸਲ ਦੇ ਸਰਦਾਰ ਮਹਾਂ ਸਿੰਘ ਦੇ ਘਰ ਹੋਇਆ। ਬਚਪਨ ਤੋਂ ਹੀ ਮਹਾਰਾਜਾ ਰਣਜੀਤ ਸਿੰਘ ਬਹਾਦਰ ਅਤੇ ਨਿਡਰ ਹੋਣ ਦੇ ਨਾਲ-ਨਾਲ ਘੋੜ ਸਵਾਰੀ, ਤਲਵਾਰਬਾਜ਼ੀ, ਤੈਰਾਕੀ ਆਦਿ ਬੀਰ ਰੁਚੀਆਂ ਦੇ ਸ਼ੌਕੀਨ ਸਨ। ਸਮੇਂ ਦੇ ਬੀਤਣ ਨਾਲ ਸਿੱਖ ਧਰਮ ਦੀ ਪ੍ਰੇਰਣਾ ਸਦਕਾ ਮਹਾਰਾਜਾ ਨਿਰਭੈਤਾ, ਨਿਰਵੈਰਤਾ, ਸਹਿਣਸ਼ੀਲਤਾ ਤੇ ਉਦਾਰਤਾ ਵਰਗੇ ਦੈਵੀ ਗੁਣਾਂ ਦੇ ਧਾਰਨੀ ਬਣ ਗਏ। ਮਹਾਰਾਜੇ ਵਿਚਲੀ ਸਾਹਸ, ਬਹਾਦਰੀ, ਦਲੇਰੀ ਨੇ ਉਨ੍ਹਾਂ ਨੂੰ ਚੜ੍ਹਦੀ ਜਵਾਨੀ ਵਿਚ ਹੀ ਸਿੱਖ ਰਾਜ ਨੂੰ ਸੰਗਠਿਤ ਕਰਨ ਵੱਲ ਪ੍ਰੇਰਿਆ।
ਮਹਾਰਾਜਾ ਰਣਜੀਤ ਸਿੰਘ ਨੇ 1799 ਈ: ਵਿਚ ਲਾਹੌਰ ‘ਤੇ ਕਬਜ਼ਾ ਕਰਕੇ ਪੰਜਾਬ ਵਿਚ ਖ਼ਾਲਸਾ ਰਾਜ ਸਥਾਪਿਤ ਕੀਤਾ। ਸਥਾਪਿਤ ਕੀਤੇ ਰਾਜ ਨੂੰ ਸਰਕਾਰ-ਏ-ਖ਼ਾਲਸਾ ਕਿਹਾ ਗਿਆ। ਰਾਜ ਦੀ ਮੋਹਰ ਉੱਪਰ ਸ੍ਰੀ ਅਕਾਲ ਸਹਾਇ ਅਤੇ ਸਿੱਕਿਆਂ ਉੱਤੇ ਨਾਨਕ ਸਹਾਇ ਜਾਂ ਗੋਬਿੰਦ ਸਹਾਇ ਉਕਰਿਆ ਗਿਆ। ਮਹਾਰਾਜਾ ਆਪਣੇ ਦਿਨ ਦੇ ਕੰਮਾਂਕਾਰਾਂ ਦੀ ਸ਼ੁਰੂਆਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕਰਕੇ ਕਰਦੇ। ਜਿੱਤ ਤੋਂ ਬਾਅਦ ਸ਼ੁਕਰਾਨੇ ਲਈ ਮਹਾਰਾਜ ਸ਼ਬਦ-ਗੁਰੁੂ ਸਾਹਮਣੇ ਨਤਮਸਤਕ ਹੁੰਦੇ। ਉਨ੍ਹਾਂ ਦੇ ਰਾਜ ਦੀ ਸਭ ਤੋਂ ਵੱਡੀ ਗੱਲ ਇਹ ਸੀ ਕਿ ਉਸ ਵਿਚ ਸਿੱਖਾਂ ਦੀ ਗਿਣਤੀ ਸਿਰਫ 8 ਪ੍ਰਤੀਸ਼ਤ ਸੀ। ਬਾਕੀ 92 ਪ੍ਰਤੀਸ਼ਤ ਜਨਤਾ ਹਿੰਦੂ ਜਾਂ ਇਸਲਾਮ ਧਰਮ ਦੀ ਧਾਰਨੀ ਸੀ। ਉਨ੍ਹਾਂ ਦੇ ਰਾਜ ਵਿਚ ਹਰੇਕ ਧਰਮ ਵਾਲਾ ਆਜ਼ਾਦਾਨਾ ਮਾਹੌਲ ਦਾ ਅਨੰਦ ਮਾਣਦਾ ਸੀ। ਕੱਟੜਵਾਦ, ਤੰਗਦਿਲੀ ਤੋਂ ਮਹਾਰਾਜਾ ਕੋਹਾਂ ਦੂਰ ਸਨ। ਮਹਾਰਾਜਾ ਦੇ ਮਨ ਅੰਦਰ ਸਾਰੇ ਧਰਮਾਂ ਦਾ ਸਤਿਕਾਰ ਸੀ। ਇਸ ਉਦਾਰ ਨੀਤੀ ਕਰਕੇ ਹੀ ਉਨ੍ਹਾਂ ਨੇ ਨਾ ਕੇਵਲ ਸਿੱਖ ਗੁਰਦੁਆਰਿਆਂ ਦੇ ਨਾਂ ਵੱਡੀਆਂ ਜਗੀਰਾਂ ਲਗਵਾਈਆਂ ਬਲਕਿ ਮੰਦਰਾਂ ਤੇ ਮਸਜਿਦਾਂ ਦੇ ਨਿਰਮਾਣ ਵਾਸਤੇ ਵੀ ਭਾਰੀ ਖਜ਼ਾਨੇ ਦਿੱਤੇ।
ਮਹਾਰਾਜੇ ਦੀ ਅੰਗਰੇਜ਼ਾਂ ਨਾਲ ਹੋਈ ਅੰਮ੍ਰਿਤਸਰ ਦੀ ਸੰਧੀ ਨੇ ਸਮੁੱਚੇ ਸਿੱਖ ਖੇਤਰ ਨੂੰ ਸਰਕਾਰੇ-ਏ-ਖ਼ਾਲਸਾ ਬਣਾਉਣ ਦੀ ਮਹਾਰਾਜੇ ਦੀ ਅਭਿਲਾਖਾ ਨੇ ਪੂਰਾ ਨਾ ਹੋਣ ਦਿੱਤਾ, ਪਰ ਫਿਰ ਵੀ ਉਨ੍ਹਾਂ ਦੇ ਰਾਜ ਦੀਆਂ ਹੱਦਾਂ ਚੀਨ, ਦੱਰਾ ਖੈਬਰ ਤੇ ਅਫ਼ਗਾਨਿਸਤਾਨ ਨਾਲ ਜਾ ਲੱਗਦੀਆਂ ਸਨ। ਮਹਾਰਾਜੇ ਦੀ ਦੂਰ ਦ੍ਰਿਸ਼ਟੀ, ਤਾਕਤ, ਖ਼ਾਲਸਾ ਫ਼ੌਜ ਤੋਂ ਤਾਂ ਅੰਗਰੇਜ਼ ਵੀ ਥਰ-ਥਰ ਕੰਬਦੇ ਸਨ। ਇਸੇ ਕਾਰਨ ਮਹਾਰਾਜੇ ਦੇ ਜਿਉੂਂਦੇ ਜੀਅ ਅੰਗਰੇਜ਼ ਸਿੱਖ ਰਾਜ ਨੂੰ ਹਥਿਆਉਣ ਬਾਰੇ ਸੋਚਣ ਦਾ ਹੀਆ ਨਾ ਕਰ ਸਕੇ।ਜਿੱਥੇ ਮਹਾਰਾਜਾ ਆਪ ਇਕ ਮਹਾਨ ਜਰਨੈਲ ਸੀ, ਉੱਥੇ ਉਹ ਬਹਾਦਰ ਜਰਨੈਲਾਂ ਦੇ ਵੀ ਕਦਰਦਾਨ ਵੀ ਸਨ। ਸ. ਹਰੀ ਸਿੰਘ ਨਲੂਆ, ਅਕਾਲੀ ਫੂਲਾ ਸਿੰਘ ਪ੍ਰਤੀ ਮਹਾਰਾਜੇ ਦਾ ਸਤਿਕਾਰ ਇਸ ਤੱਥ ਦੀ ਪ੍ਰੋੜਤਾ ਕਰਦਾ ਹੈ। ਇਸ ਦੇ ਨਾਲ-ਨਾਲ ਮਹਾਰਾਜਾ ਲਿਖਾਰੀਆਂ ਤੇ ਵਿਦਵਾਨਾਂ ਦੇ ਵੀ ਬਹੁਤ ਕਦਰਦਾਨ ਸਨ। ਮੁਨਸ਼ੀ ਸੋਹਣ ਲਾਲ, ਦੀਵਾਨ ਅਮਰ ਨਾਥ, ਗਨੇਸ਼ ਦਾਸ, ਕਾਦਰਯਾਰ ਤੇ ਹਾਸ਼ਮ ਸ਼ਾਹ ਮਹਾਰਾਜੇ ਦੇ ਸਤਿਕਾਰ ਤੇ ਪਿਆਰ ਦੇ ਪਾਤਰ ਸਨ।
ਮਹਾਰਾਜਾ ਕੁਦਰਤ ਵਿਚ ਕਾਦਰ ਦਾ ਦੀਦਾਰ ਕਰਦੇ ਸਨ। ਉਹ ਬਾਗ-ਬਗੀਚੇ ਲਗਾਉਣ ਵਿਚ ਖਾਸ ਦਿਲਚਸਪੀ ਰੱਖਦੇ ਸਨ। ਉਹ ਆਪਣੇ ਦਰਬਾਰੀਆਂ ਤੇ ਸਰਦਾਰਾਂ ਨੂੰ ਵੀ ਬਾਗ-ਬਗੀਚੇ ਲਗਾਉਣ ਲਈ ਉਤਸ਼ਾਹਿਤ ਕਰਦੇ ਰਹਿੰਦੇ ਸਨ। ਉਨ੍ਹਾਂ ਨੇ ਕਈ ਬਾਗ ਨਵੇਂ ਆਬਾਦ ਕਰਵਾਏ ਤੇ ਕਈ ਉਜੜਿਆਂ ਬਾਗ਼ਾਂ ਨੂੰ ਪੁਨਰ ਅਬਾਦ ਕਰਵਾਇਆ। ਦੀਨਾਨਾਥ ਦਾ ਬਗੀਚਾ, ਲਾਹੌਰ ਦਾ ਬਦਾਮੀ ਬਾਗ, ਦੀਵਾਨ ਰਤਨ ਚੰਦ ਦੜ੍ਹੀਵਾਲ ਦਾ ਬਾਗ, ਰਾਮ ਬਾਗ, ਅੰਮ੍ਰਿਤਸਰ, ਸ਼ਾਹ ਆਲਮ ਗੇਟ, ਲਾਹੌਰ ਦੇ ਹਜ਼ੂਰੀ ਬਾਗ ਉਨ੍ਹਾਂ ਦੇ ਸਮੇਂ ਦੇ ਪ੍ਰਸਿੱਧ ਬਾਗ ਸਨ।ਇਸ ਤੋਂ ਇਲਾਵਾ ਦੀਨਾਨਗਰ, ਬਟਾਲੇ, ਮੁਲਤਾਨ ਅਤੇ ਕਈ ਹੋਰ ਥਾਵਾਂ ‘ਤੇ ਵੀ ਉਨ੍ਹਾਂ ਨੇ ਪ੍ਰਸਿੱਧ ਬਾਗ ਬਣਵਾਏ।
ਮਹਾਰਾਜਾ ਰਣਜੀਤ ਸਿੰਘ ਦਾ ਨਿਆਂ ਪ੍ਰਬੰਧ ਅਤਿ ਸਲਾਹੁਣਯੋਗ ਸੀ, ਕਿਉਂਕਿ ਉਨ੍ਹਾਂ ਦੇ ਰਾਜ ਵਿਚ ਕਿਸੇ ਨੂੰ ਵੀ ਮੌਤ ਦੀ ਸਜ਼ਾ ਨਹੀਂ ਸੀ ਦਿੱਤੀ ਜਾਂਦੀ। ਗਲਤੀ ਕਰਨ ਵਾਲਿਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਕੰਮ ਤੋਂ ਬਰਖ਼ਾਸਤ ਕਰਨ, ਤਨਖਾਹ ਕੱਟਣ, ਜਗੀਰ ਖੋਹ ਲੈਣ, ਜੁਰਮਾਨਾ ਲਾਉਣ, ਕੈਦ ਕਰਨ ਵਰਗੀਆਂ ਸਜ਼ਾਵਾਂ ਦਿੱਤੀਆਂ ਜਾਂਦੀਆਂ ਸਨ। ਉਨ੍ਹਾਂ ਦੇ ਰਾਜ ਵਿਚ ਅਹੁਦਿਆਂ ਦੀ ਵੰਡ ਕਰਨ ਲੱਗਿਆਂ, ਧਰਮ, ਜਾਤੀ ਨੂੰ ਆਧਾਰ ਨਹੀਂ ਸੀ ਬਣਾਇਆ ਜਾਂਦਾ।ਮਹਾਰਾਜਾ ਰਣਜੀਤ ਸਿੰਘ ਹਰ ਖੇਤਰ ਵਿਚ ਆਪਣੇ ਰਾਜ ਨੂੰ ਉੱਚਾ ਚੁੱਕਣਾ ਚਾਹੁੰਦੇ ਸਨ।ਉਨ੍ਹਾਂ ਦੇ ਰਾਜ ਵਿਚ ਹਰ ਮਨੁੱਖ ਆਜ਼ਾਦੀ ਨਾਲ ਜੀਵਨ ਬਸਰ ਕਰਦਾ ਸੀ। ਸ਼ਾਹ ਮੁਹੰਮਦ ਦਾ ਮਹਾਰਾਜੇ ਦੇ ਰਾਜ ਬਾਰੇ ਕਥਨ ਹੈ:
ਮਹਾਬਲੀ ਰਣਜੀਤ ਹੋਇਆ ਪੈਦਾ,
ਨਾਲ ਜ਼ੋਰ ਦੇ ਮੁਲਕ ਹਿਲਾਇ ਗਿਆ।
ਮੁਲਤਾਨ ਕਸ਼ਮੀਰ, ਪਸ਼ੌਰ ਚੰਬਾ,
ਜੰਮੂ, ਕਾਂਗੜਾ ਕੋਟ ਨਿਵਾਇ ਗਿਆ।
ਸ਼ਾਹ ਮੁਹੰਮਦਾ ਜਾਣ ਪਚਾਸ ਬਰਸਾਂ,
ਅਛਾ ਰਜ ਕੇ ਰਾਜ ਕਮਾਇ ਗਿਆ।
ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਤੇਜ ਪ੍ਰਤਾਪ ਸੱਚਮੁੱਚ ਚਮਕਦੇ ਸੂਰਜ ਵਾਂਗ ਸੀ। ਉਸਦੀ ਸ਼ਕਤੀ ਅਟਕ ਦੇ ਅੱਥਰੇਪਣ ਨੂੰ ਅਟਕਾਉਣ ਦੇ ਸਮਰੱਥ ਸੀ।ਉਸ ਦੀ ਤੇਗ ਦੀ ਤਿੱਖੀ ਧਾਰ ਅੱਗੇ ਕਾਬਲ, ਕੰਧਾਰ ਦੇ ਜ਼ਾਲਮ ਪਠਾਣਾਂ ਨੇ ਸੀਸ ਨਿਵਾ ਦਿੱਤੇ। ਫ਼ਤਹਿ ਸਦਾ ਉਸ ਦੇ ਪੈਰ ਚੁੰਮਦੀ ਸੀ। ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ, ਜਿਸ ਨੇ ਅਠਾਰਵੀਂ ਸਦੀ ਵਿਚ ਖਿੰਡਰੀ-ਪੁੰਡਰੀ ਤੇ ਲਹੂ-ਲੂਹਾਨ ਹੋਈ ਖ਼ਾਲਸੇ ਦੀ ਸ਼ਕਤੀ ਦਾ ਏਕੀਕਰਨ ਕਰਦਿਆਂ ਇਕ ਮਜ਼ਬੂਤ ਖ਼ਾਲਸਾ ਰਾਜ ਦੀ ਸਥਾਪਨਾ ਕੀਤੀ, ਉਸ ਦੀ ਕੀਤੀ ਘਾਲ ਕਮਾਈ ਉੱਪਰ ਅੱਜ ਵੀ ਸਮੁੱਚਾ ਪੰਥ ਮਾਣ ਕਰਦਾ ਹੈ।
ਮਹਾਰਾਜਾ ਰਣਜੀਤ ਸਿੰਘ ਉਦਾਰ ਬਿਰਤੀ ਦਾ ਨਿਆਇਸ਼ੀਲ ਸ਼ਾਸਕ ਸੀ।ਉਹ ਆਪਣੇ ਆਪ ਨੂੰ ਰਾਜਾ ਅਖਵਾਉਣ ਦੀ ਥਾਂ ਭਾਈ ਸਾਹਿਬ, ਸਿੰਘ ਸਾਹਿਬ ਅਖਵਾ ਕੇ ਖੁਸ਼ ਹੁੰਦੇ ਸਨ। ਆਪਣੇ ਰਾਜ ਨੂੰ ‘ਸਰਕਾਰ-ਏ-ਖ਼ਾਲਸਾ’ ਅਤੇ ਦਰਬਾਰ ਨੂੰ ‘ਖ਼ਾਲਸਾ ਦਰਬਾਰ’ ਅਖਵਾਉਂਦੇ ਸਨ ਅਤੇ ਜੋ ਵੀ ਮਹਾਰਾਜੇ ਦੇ ਸੰਪਰਕ ਵਿਚ ਆਉਂਦਾ ਪ੍ਰਭਾਵਿਤ ਹੋਏ ਬਿਨ੍ਹਾਂ ਨਾ ਰਹਿੰਦਾ। ਮਹਾਰਾਜੇ ਦਾ ਰਾਜ-ਭਾਗ ਗੁਰੁੂ ਸਾਹਿਬ ਦੇ ਕਥਨ ‘ਰਾਜਾ ਤਖਤ ਟਿਕੈ ਗੁਣੀ ਭੈ ਪੰਚਾਇਣ ਰਤ’ ਦਾ ਪੂਰਕ ਸੀ ਪਰ ਪੰਜਾਬ ਦੇ ਸੁਨਹਿਰੀ ਯੁੱਗ ਦਾ ਪਤਨ ਜੂਨ 1839 ਈ: ਨੂੰ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਨਾਲ ਹੀ ਸ਼ੁਰੂ ਹੋ ਗਿਆ। ਮਹਾਰਾਜੇ ਦਾ ਸਸਕਾਰ ਛੋਟੀ ਰਾਵੀ ਦੇ ਕੰਢੇ ਲਾਹੌਰ ਕਿਲੇ ਦੇ ਬਾਹਰ ਗੁਰਦੁਆਰਾ ਡੇਰਾ ਸਾਹਿਬ ਦੇ ਸਾਹਮਣੇ ਕੀਤਾ ਗਿਆ। 1947 ਈ: ਵਿਚ ਹੋਈ ਵੰਡ ਕਾਰਨ ਇਹ ਸਭ ਯਾਦਗਾਰਾ ਪੱਛਮੀ ਪੰਜਾਬ ਵਿਚ ਰਹਿ ਗਈਆਂ।ਉਪਰੋਕਤ ਗੁਣਾਂ ਦੇ ਧਾਰਨੀ ਮਹਾਰਾਜੇ ਦੇ ਉਪਕਾਰਾਂ ਨੂੰ ਸਿੱਖ ਕੌਮ ਹਮੇਸ਼ਾਂ ਯਾਦ ਰੱਖੇਗੀ। ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਹਰ ਸਾਲ ਵਾਂਗ 29 ਜੂਨ ਨੂੰ ਦੇਸ਼ਾਂ-ਵਿਦੇਸ਼ਾਂ ਵਿਚ ਮਨਾਈ ਜਾ ਰਹੀ ਹੈ।
-ਜਥੇਦਾਰ ਅਵਤਾਰ ਸਿੰਘ
ਪ੍ਰਧਾਨ,
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ।