Saturday, March 21, 2026
Breaking News

ਸੂਬਾ ਸਰਕਾਰ ਵੱਲੋਂ ਸਾਰੇ ਜ਼ਿਲ੍ਹਿਆਂ ‘ਚ ਮੱਛੀ ਪਾਲਣ ਦੇ ਧੰਦੇ ‘ਤੇ ਸਬਸਿਡੀ 50 ਫੀਸਦੀ ਕੀਤੀ

ਸੂਬੇ ਦੇ 12 ਮੱਛੀ ਪਾਲਣ ਸਿਖਲਾਈ ਕੇਂਦਰਾਂ ਵਿੱਚ ਨਵੀਨਤਮ ਕੋਰਸ 6 ਜੁਲਾਈ ਤੋਂ

PPN0707201501

ਬਟਾਲਾ, 7 ਜੁਲਾਈ (ਨਰਿੰਦਰ ਬਰਨਾਲ) – ਪੰਜਾਬ ਸਰਕਾਰ ਵੱਲੋਂ ਮੱਛੀ ਪਾਲਣ ਦੇ ਧੰਦੇ ਨੂੰ ਉਤਸ਼ਾਹਤ ਕਰਨ ਲਈ ਵਿਆਪਕ ਯੋਜਨਾਵਾਂ ਤਿਆਰ ਕੀਤੀਆਂ ਗਈਆਂ ਹਨ ਤਾਂ ਜੋ ਨੀਲੀ ਕ੍ਰਾਂਤੀ ਰਾਹੀਂ ਸੂਬੇ ਕਿਸਾਨ ਵੱਧ ਤੋਂ ਵੱਧ ਮੁਨਾਫਾ ਕਮਾ ਸਕਣ। ਮੱਛੀ ਪਾਲਣ ਵਿਭਾਗ ਵੱਲੋਂ ਸੂਬੇ ‘ਚ ਮੱਛੀ ਪਾਲਣ ਦੇ ਧੰਦੇ ਨੂੰ ਉਤਸ਼ਾਹਤ ਕਰਨ ਲਈ ਕਿਸਾਨਾਂ ਨੂੰ ਮੱਛੀ ਪਾਲਣ ਦੀ ਤਕਨੀਕੀ ਸਿਖਲਾਈ, ਛੱਪੜਾਂ ਵਿੱਚ ਪੂੰਗ ਪਾਉਣ ਤੋਂ ਲੈ ਕੇ ਮੰਡੀਕਰਨ ਤੱਕ ਸਭ ਤਰਾਂ ਦੀ ਅਗਵਾਈ ਦਿੱਤੀ ਜਾ ਰਹੀ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪੰਜਾਬ ਦੇ ਮੁੱਖ ਸੰਸਦੀ ਸਕੱਤਰ ਸ. ਦੇਸਰਾਜ ਸਿੰਘ ਧੁੱਗਾ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿਚ ਮੱਛੀ ਪਾਲਣ ‘ਤੇ 50 ਫੀਸਦੀ ਸਬਸਿਡੀ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਪੰਜਾਬ ਦੇ ਸੇਮ ਪ੍ਰਭਾਵਿਤ ਇਲਾਕਿਆਂ ਵਿੱਚ ਹੀ ਸਬਸਿਡੀ ਦਿੱਤੀ ਜਾਂਦੀ ਸੀ ਪਰ ਮੱਛੀ ਪਾਲਕਾਂ ਦੀ ਮੰਗ ਉੱਤੇ ਹੁਣ ਸਾਰੇ ਪੰਜਾਬ ਵਿੱਚ ਇਸ ਧੰਦੇ ਨੂੰ ਪ੍ਰਫੁਲਿੱਤ ਕਰਨ ਲਈ 50 ਫੀਸਦੀ ਸਬਸਿਡੀ ਦਿੱਤੀ ਜਾਵੇਗੀ।ਉਨ੍ਹਾਂ ਦੱਸਿਆ ਕਿ 1 ਏਕੜ ਰਕਬੇ ਵਿੱਚ ਮੱਛੀ ਪਾਲਣ ਵਾਲੇ ਕਿਸਾਨ ਨੂੰ ਵਿਭਾਗੀ ਮਿਆਰਾਂ ਅਨੁਸਾਰ ਕੀਤੀ ਛੱਪੜ ਦੀ ਪੁਟਾਈ ਉਪਰੰਤ 60 ਹਜ਼ਾਰ ਰੁਪਏ, ਖਾਧ ਖੁਰਾਕ ਲਈ 20 ਹਜ਼ਾਰ ਰੁਪਏ ਅਤੇ ਪਾਣੀ ਵਿੱਚ ਆਕਸੀਜਨ ਦੀ ਮਾਤਰਾ ਵਧਾਉਣ ਲਈ ਏਅਰਏਟਰ ਦੀ ਖਰੀਦ ਉੱਤੇ 18 ਹਜ਼ਾਰ ਰੁਪਏ ਸਬਸਿਡੀ ਦਿੱਤੀ ਜਾਵੇਗੀ।
ਮੁੱਖ ਸੰਸਦੀ ਸਕੱਤਰ ਸ. ਦੇਸਰਾਜ ਸਿੰਘ ਧੁੱਗਾ ਨੇ ਕਿਹਾ ਕਿ ਕਿਸਾਨਾਂ ਨੂੰ ਮੱਛੀ ਪਾਲਣ ਧੰਦੇ ਸਬੰਧੀ ਤਕਨੀਕੀ ਜਾਣਕਾਰੀ ਦੇਣ ਲਈ ਇਕ ਖਾਸ ਸਿਖਲਾਈ ਕੋਰਸ ਮੱਛੀ ਪਾਲਣ ਵਿਭਾਗ ਦੇ ਸਾਰੇ 12 ਕੇਂਦਰਾਂ ‘ਤੇ 6 ਜੁਲਾਈ ਤੋੋਂ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਕੋਰਸ ਵਿੱਚ ਕੌਮੀ ਪੱਧਰ ਦੇ ਮਾਹਿਰ ਵਿਗਿਆਨੀ 5 ਦਿਨਾਂ ਦੀ ਸਿਖਲਾਈ ਦੇਣਗੇ। ਜਿਨ੍ਹਾਂ ਕੇਂਦਰਾਂ ‘ਤੇ ਸਿਖਲਾਈ ਦਿੱਤੀ ਜਾਣੀ ਹੈ ਉਨ੍ਹਾਂ ਵਿਚ ਹਯਾਤ ਨਗਰ (ਗੁਰਦਾਸਪੁਰ), ਅਬੁਲ ਖੁਰਾਣਾ (ਸ੍ਰੀ ਮੁਕਤਸਰ ਸਾਹਿਬ), ਕਤਲੀ (ਰੂਪਨਗਰ), ਫੱਗਣ ਮਾਜਰਾ-ਬਾਗੜੀਆ (ਫਤਹਿਗੜ੍ਹ ਸਾਹਿਬ), ਸਰਦੂਲਗੜ੍ਹ, ਬਾਘਾ ਪੁਰਾਣ (ਮੋਗਾ), ਸੰਗਰੂਰ, ਮਾਲਵਾਲ (ਫਿਰੋਜ਼ਪੁਰ), ਅੰਮ੍ਰਿਤਸਰ, ਧੰਦੂਆ (ਨਵਾਂਸ਼ਹਿਰ), ਬੀੜ ਸ਼ਿਕਾਰਗਾਹ ਕਾਂਜਲੀ (ਕਪੂਰਥਲਾ) ਅਤੇ ਹਰਿਆਣਾ (ਹੁਸ਼ਿਆਰਪੁਰ) ਪ੍ਰਮੁੱਖ ਹਨ। ਸ. ਧੁੱਗਾ ਨੇ ਦੱਸਿਆ ਕਿ ਸਫਲਤਾਪੂਰਵਕ ਸਿਖਲਾਈ ਪ੍ਰਾਪਤ ਕਰਨ ਵਾਲੇ ਮੱਛੀ ਪਾਲਕ ਨੂੰ ਆਸਾਨ ਦਰਾਂ ‘ਤੇ ਵਿੱਤੀ ਸਹਾਇਤਾ ਅਤੇ ਵਿਭਾਗ ਵਲੋਂ ਸਬਸਿਡੀ ਦਿੱਤੀ ਜਾਵੇਗੀ। ਸ੍ਰੀ ਧੁੱਗਾ ਨੇ ਅਪੀਲ ਕੀਤੀ ਕਿ ਮੱਛੀ ਪਾਲਣ ਦਾ ਧੰਦਾ ਸ਼ੁਰੂ ਕਰਨ ਦਾ ਇਹ ਇੱਕ ਢੁਕਵਾਂ ਸਮਾਂ ਹੈ ਇਸ ਲਈ ਤੁਰੰਤ ਇਸ ਕਿੱਤੇ ਨੂੰ ਅਪਣਾਉਣ ਦੇ ਚਾਹਵਾਨ ਕਿਸਾਨ ਤੇ ਮੱਛੀ ਪਾਲਕ ਆਪਣੇ-ਆਪਣੇ ਜ਼ਿਲ੍ਹੇ ਦੇ ਸਹਾਇਕ ਡਾਇਰੈਕਟਰ ਮੱਛੀ ਪਾਲਣ ਦੇ ਨਾਲ ਸੰਪਰਕ ਕਰਨ।

Check Also

ਵਿਧਾਇਕ ਡਾ. ਅਜੇ ਗੁਪਤਾ ਨੇ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਵਾਲੀ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ) – ਕੇਂਦਰੀ ਵਿਧਾਨ ਸਭਾ ਹਲਕੇ ਦੇ ਵਿਧਾਇਕ ਡਾ. ਅਜੇ ਗੁਪਤਾ …

Leave a Reply