
ਅੰਮ੍ਰਿਤਸਰ,16 ਜੁਲਾਈ (ਚਰਨਜੀਤ ਸਿੰਘ ਛੀਨਾ) – ਮਿਆਰੀ ਖੋਜ ਅਤੇ ਸਿਖਿਆ, ਵਿਤੀ ਮਜ਼ਬੂਤੀ, ਅੰਤਰਰਾਸ਼ਟਰੀ ਪੱਧਰ ਦੇ ਸਿਲੇਬਸ ਬਣਾਉਣ ਤੋਂ ਇਲਾਵਾ ਯੂਨੀਵਰਸਿਟੀ ਵਿਦਿਆਰਥੀਆਂ, ਅਧਿਆਪਕਾਂ ਤੇ ਕਰਮਚਾਰੀਆਂ ਦੀ ਸਿਹਤ ਸਬੰਧੀ ਸਹੂਲਤਾਂ ਨੂੰ ਹੋਰ ਮਜਬੂਤ ਕਰਨਾ ਯੂਨੀਵਰਸਿਟੀ ਦੇ ਅਗਲੇ ਤਿੰਨ ਸਾਲ ਦੇ ਏਜੰਡੇ ਵਿਚ ਸ਼ਾਮਿਲ ਹੋਵੇਗਾ।
ਇਹ ਵਿਚਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ-ਚਾਂਸਲਰ, ਪ੍ਰੋਫੈਸਰ ਅਜਾਇਬ ਸਿੰਘ ਬਰਾੜ ਨੇ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਵਜੋਂ ਛੇ ਵਰ੍ਹੇ ਸਫਲਤਾਪੂਰਵਕ ਪੂਰੇ ਹੋਣ ਮੌਕੇ ਅਤੇ ਆਪਣੀ ਤੀਜੀ ਟਰਮ ਦੀ ਸ਼ੁਰੁਆਤ ਮੌਕੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਯੂਨੀਵਰਸਿਟੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਦੇ ਆਡੀਟੋਰੀਅਮ ਵਿਖੇ ਪੇਸ਼ ਕੀਤੇ। ਇਸ ਮੌਕੇ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਅਧਿਆਪਕ ਹਾਜ਼ਰ ਸਨ। ਪ੍ਰੋ. ਬਰਾੜ ਨੇ ਆਪਣੀ ਕਾਮਯਾਬੀ ਦਾ ਸਿਹਰਾ ਯੂਨੀਵਰਸਿਟੀ ਨਾਲ ਸਬੰਧਤ ਅਧਿਆਪਕਾਂ, ਕਰਮਚਾਰੀਆਂ, ਵੱਖ-ਵੱਖ ਕਾਲਜਾਂ ਦੇ ਪ੍ਰਿੰਸੀਪਲ, ਖੋਜਾਰਥੀਆਂ ਅਤੇ ਵਿਦਿਆਰਥੀਆਂ ਨੂੰ ਦਿੰਦਿਆਂ ਯੂਨੀਵਰਸਿਟੀ ਦੇ ਹੋਰ ਵਿਕਾਸ ਲਈ ਭਵਿੱਖ ਵਿਚ ਹੋਰ ਸਹਿਯੋਗ ਦੇਣ ਲਈ ਕਿਹਾ ਤਾਂ ਜੋ ਯੂਨੀਵਰਸਿਟੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਹੋਰ ਨਾਮਣਾ ਖੱਟ ਸਕੇ।
ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਯੂਨੀਵਰਸਿਟੀ ਦੇ ਸਰਵਪੱਖੀ ਵਿਕਾਸ ਲਈ ਤਨਦੇਹੀ ਅਤੇ ਲਗਨ ਨਾਲ ਸੁਹਿਰਦ ਉਪਰਾਲੇ ਕੀਤੇ ਗਏ ਹਨ ਅਤੇ ਉਹ ਭਵਿੱਖ ਵਿਚ ਵੀ ਅਜਿਹਾ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਜਦ ਉਹ ਯੂਨੀਵਰਸਿਟੀ ਵਿਚ ਵਾਈਸ-ਚਾਂਸਲਰ ਵਜੋਂ ਆਏ ਸਨ ਤਾਂ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਗਿਣਤੀ ਘੱਟ ਸੀ ਪਰ ਹੁਣ ਇਹ ਗਿਣਤੀ ਤਿੰਨ ਗੁਣਾ ਵੱਧ ਗਈ ਹੈ।ਉਨ੍ਹਾਂ ਕਿਹਾ ਕਿ ਇਸ ਕਾਰਜ ਲਈ ਸਿਖਿਆ ਦੇ ਮਿਆਰ ਨਾਲ ਕੋਈ ਸਮਝੌਤਾ ਨਹੀਂ ਕੀਤਾ ਗਿਆ ਅਤੇ ਆਹਲਾ ਦਰਜੇ ਦੇ ਅਧਿਆਪਕ ਦੇਸ਼ ਦੇ ਵੱਖ-ਵੱਖ ਕੋਨਿਆਂ ਤੋ ਲੱਭ ਕੇ ਯੂਨੀਵਰਸਿਟੀ ਵਿਖੇ ਲਾਏ ਗਏ। ਇਸ ਤੋਂ ਇਲਾਵਾ ਵਿਦਿਆਰਥੀਆਂ ਦੀ ਸਹੂਲਤ ਲਈ ਯੂਨੀਵਰਸਿਟੀ ਵੱਲੋਂ ਹੋਸਟਲਾਂ ਤੇ ਵਿਭਾਗਾਂ ਤੋਂ ਇਲਾਵਾ ਹੋਰ ਬੁਨਿਆਦੀ ਢਾਂਚੇ ਵਿਚ ਵੀ ਵਾਧਾ ਕੀਤਾ ਗਿਆ ਹੈ। ਉਨਾਂ੍ਹ ਕਿਹਾ ਕਿ ਯੂਨੀਵਰਸਿਟੀ ਦੇ ਸਿਲੇਬਸ ਨੂੰ ਅੰਤਰਰਾਸ਼ਟਰੀ ਪੱਧਰ ਦਾ ਬਣਾਉਣ ਲਈ ਕਮੇਟੀ ਦਾ ਗਠਨ ਕੀਤਾ ਜਾਵੇਗਾ ਤਾਂ ਜੋ ਵਿਦਿਆਰਥੀ ਸਿਖਿਆ ਦੇ ਪੱਧਰ ‘ਤੇ ਵਿਸ਼ਵੀ ਪੱਧਰ ਦੀਆਂ ਚੁਣੌਤੀਆਂ ਦਾ ਸਾਹਮਣਾ ਕਰ ਸਕਣ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵਿਦਿਆਰਥੀਆਂ, ਅਧਿਆਪਕਾਂ ਤੇ ਕਰਮਚਾਰੀਆਂ ਦੀ ਸਿਹਤ ਸੰਭਾਲ ਲਈ ਵੱਧ ਤੋਂ ਵੱਧ ਉਪਰਾਲੇ ਕੀਤੇ ਜਾ ਰਹੇ ਹਨ।
ਪ੍ਰੋ. ਬਰਾੜ ਨੇ ਕਿਹਾ ਕਿ ਯੂਨੀਵਰਸਿਟੀ ਨੇ ਸਿਖਿਆ ਖੋਜ, ਖੇਡਾਂ ਅਤੇ ਸਭਿਆਚਾਰ ਗਤੀਵਿਧੀਆਂ ਵਿਚ ਰਾਸ਼ਟਰੀ ਤੇ ਅੰਤਰ-ਰਾਸ਼ਟਰੀ ਪੱਧਰ ਤੇ ਆਪਣੀ ਵਿਲਖਣ ਪਹਿਚਾਣ ਬਣਾਈ ਅਤੇ ਵੱਖ-ਵੱਖ ਖੇਤਰਾਂ ਵਿਚ ਵਡਮੁੱਲੀਆ ਪ੍ਰਾਪਤੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਨੈਸ਼ਨਲ ਅਸੈਸਮੈਂਟ ਐਂਡ ਐਕਰੀਡੀਟੀਸ਼ਨ ਕੌਂਸਲ, ਬੰਗਲੌਰ (ਨੈਕ) ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ 4 ਵਿਚੋਂ 3.51 ਵਧੀਆ ਸਕੋਰ ਨਾਲ ਨਿਵਾਜਿਆ ਗਿਆ ਸੀ ਅਤੇ ਦੇਸ਼ ਦੀਆਂ ਵਧੀਆ ਅੱਠ ਯੂਨੀਵਰਸਿਟੀਆਂ ਵਿਚ ਸ਼ਮੂਲ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਯੂਨੀਵਰਸਿਟੀ ਨੂੰ ਯੂ.ਪੀ.ਈ. ਅਤੇ ਸੀ.ਪੀ.ਈ.ਪੀ.ਏ. ਇਨ ਲਾਈਫ ਸਾਇੰਸਜ਼ ਦੇ ਵੱਕਾਰੀ ਟਾਈਟਲਾਂ ਨਾਲ ਸਨਮਾਨਿਆ ਜਾ ਚੁੱਕਾ ਹੈ। ਇਹ ਯੂਨੀਵਰਸਿਟੀ ਖਿੱਤੇ ਦੀ ਪਹਿਲੀ ਯੂਨੀਵਰਸਿਟੀ ਹੈ ਜਿਸਨੇ ਚੁਆਇਸ ਬੇਸਡ ਕੌਂਟੀਨਿਊਅਸ ਇਵੈਲਿਊਏਸ਼ਨ ਐਂਡ ਕਰੈਡਿਟ ਸਿਸਟਮ ਨੂੰ ਸ਼ੁਰੂ ਕੀਤਾ। ਇਸ ਦੇ ਸ਼ੁਰੂ ਕਰਨ ਨਾਲ ਨਾ ਸਿਰਫ ਸਿਖਿਆ ਦਾ ਪੱਧਰ ਉੱਚਾ ਹੋਇਆ ਸਗੋਂ ਇਮਤਿਹਾਨਾਂ ਅਤੇ ਮੁਲਾਂਕਣ ਪ੍ਰਣਾਲੀ ਵਿਚ ਵੀ ਪਾਰਦਰਸ਼ਤਾ ਆਈ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਆਹਲਾ ਦਰਜੇ ਦੇ ਅਤਿ-ਆਧੁਨਿਕ ਬੁੁਨਿਆਦੀ ਢਾਂਚੇ ਨਾਲ ਲੈਸ ਹੈ ਅਤੇ ਖੋਜਾਰਥੀਆਂ ਦੀ ਸਹੂਲਤ ਲਈ ਮਹਿੰਗੇ ਵਿਗਿਆਨਕ ਉਪਕਰਨ ਵਿਸ਼ੇਸ਼ ਤੌਰ ‘ਤੇ ਤਿਆਰ ਕੀਤੀ ਇਮਾਰਤ ਤੋਂ ਇਲਾਵਾ ਹੋਰਨਾਂ ਪ੍ਰਯੋਗਸ਼ਾਲਾਵਾਂ ਵਿਚ ਲਗਾਏ ਗਏ ਹਨ। ਯੂਨੀਵਰਸਿਟੀ ਵੱਲੋਂ ਦਾਖਲਾ ਪ੍ਰਣਾਲੀ ਆਨਲਾਈਨ ਸ਼ੁਰੂ ਕੀਤੀ ਗਈ ਹੈ, ਜਿਸ ਦਾ ਬਹੁਤ ਸਾਰੇ ਵਿਦਿਆਰਥੀ ਲਾਹਾ ਲੈ ਰਹੇ ਹਨ। ਇਸੇ ਕਾਰਜਕਾਲ ਦੌਰਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਨਾਰਥ-ਜ਼ੋਨ ਅੰਤਰ-ਯੂਨੀਵਰਸਿਟੀ ਯੂਥ ਫੈਸਟੀਵਲ ਦੀ ‘ਓਵਰਆਲ ਚੈਪੀਅਨਸ਼ਿਪ’ ਟਰਾਫੀ 2009 ਤੋ ਲਗਾਤਾਰ ਛੇਵੀ ਵਾਰ ਜਿੱਤੀ ਗਈ ਹੈ। ਆਲ ਇੰਡੀਆ ਪੱਧਰ ਤੇ ਵੀ 2009 ਤੋਂ ਹੁਣ ਤਕ ਨੈਸ਼ਨਲ ਯੂਥ ਫੈਸਟੀਵਲ ਦੀ ਦੋ ਵਾਰ ਚੈਂਪੀਅਨਸ਼ਿਪ ਟਰਾਫੀ ਅਤੇ 2014-15 ਸਮੇਤ ਚਾਰ ਵਾਰ ਓਵਰਆਲ ਫਸਟ ਰਨਅਰਜ਼ ਅੱਪ ਟਰਾਫੀ ਪ੍ਰਾਪਤ ਕਰਨ ਦਾ ਮਾਣ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਮਿਲਿਆ ਹੈ। ਖੇਡਾਂ ਦੇ ਖੇਤਰ ਵਿਚ ਯੂਨੀਵਰਸਿਟੀ ਵੱਲੋਂ ਦੇਸ਼ ਦੀ ਸਰਵਉੱਚ ਮੌਲਾਨਾ ਅਬੁਲ ਕਲਾਮ ਅਜ਼ਾਦ ਟਰਾਫੀ 22 ਵਾਰ ਜਿੱਤਣ ਤੋਂ ਇਲਾਵਾ ਹੋਰ ਟਰਾਫੀਆਂ ਹਾਸਲ ਕੀਤੀਆਂ।
ਯੂਨੀਵਰਸਿਟੀ ਦੇ ਪਲੇਸਮੈਂਟ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਰਸਮੀ ਪੜ੍ਹਾਈ ਮੁਕਮੰਲ ਕਰਨ ਤੋਂ ਪਹਿਲਾਂ ਹੀ ਵੱਖ-ਵੱਖ ਬਹੁ-ਰਾਸ਼ਟਰੀ ਕੰਪਨੀਆਂ ਵਿਚ ਚੰਗੀ ਸਾਲਾਨਾ ਤਨਖਾਹ ‘ਤੇ ਕੈਂਪਸ ਪਲੇਸਮੈਂਟ ਰਾਹੀਂ ਨੌਕਰੀਆਂ ਲਈ ਚੁਣਿਆਂ ਜਾਂਦਾ ਹੈ। ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਪੂਰੇ ਵਿਸ਼ਵ ਵਿਚ ਹਨ ਅਤੇ ਚੰਗੇ ਅਹੁਦਿਆਂ ‘ਤੇ ਕਾਰਜਸ਼ੀਲ਼ ਹਨ।
Punjab Post Daily Online Newspaper & Print Media