
ਸੰਦੌੜ, 26 ਜੁਲਾਈ (ਹਰਮਿੰਦਰ ਸਿੰਘ ਭੱਟ) – ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਸਰਕਾਰੀ ਕਾਲਜਾਂ ਅੰਦਰ ਫੀਸਾਂ ‘ਚ ਕੀਤੇ ਗਏ ਵਾਧੇ ਖਿਲਾਫ ਅਤੇ ਵਿਦਿਆਰਥੀਆਂ ਦੀਆਂ ਹੋਰਨਾਂ ਮੰਗਾਂ ਦੀ ਪੂਰਤੀ ਲਈ ਅੱਜ ਪੰਜਾਬ ਸਟੂਡੈਂਟਸ ਯੂਨੀਅਨ ਨੇ ਸਰਕਾਰੀ ਕਾਲਜ ਮਾਲੇਰਕੋਟਲਾ ਅੰਦਰ ਰੈਲੀ ਕਰਕੇ ਪ੍ਰਿੰਸੀਪਲ ਨੂੰ ਮੰਗ ਪੱਤਰ ਦਿੱਤਾ। ਰੈਲੀ ਨੂੰ ਸੰਬੋਧਨ ਕਰਦਿਆਂ ਪੀ.ਐਸ.ਯੂ. ਦੀ ਜ਼ਿਲ੍ਹਾ ਆਗੂ ਜਸਪ੍ਰੀਤ ਕੌਰ, ਸ਼ੰਕਰ ਬਦਰਾ ਅਤੇ ਸੁਖਦੀਪ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਨਿਯਮਾਂ ਅਨੁਸਾਰ ਸਰਕਾਰੀ ਕਾਲਜਾਂ ਅੰਦਰ ਰੈਗੂਲਰ ਕਲਾਸਾਂ ਦੀ ਸ਼ੁਰੂਆਤ 15 ਜੁਲਾਈ ਤੋਂ ਸ਼ੁਰੂ ਹੁੰਦੀ ਹੈ ਪਰੰਤੂ ਇਸ ਕਾਲਜ ਅੰਦਰ ਅਜੇ ਤੱਕ ਪ੍ਰੋਫੈਸਰਾਂ (ਲੈਕਚਰਾਰ) ਦਾ ਸਟਾਫ ਵੀ ਪੂਰਾ ਨਹੀਂ ਹੋਇਆ। ਵਿਦਿਆਰਥੀ ਆਗੂਆਂ ਨੇ ਕਿਹਾ ਕਿ ਪਿਛਲੇ ਦਿਨੀ ਪੀ.ਐਸ.ਯੂ. ਦੇ ਵਫਦ ਨੇ ਬੀ.ਏ. ਦੀਆਂ ਸੀਟਾਂ ਸਬੰਧੀ ਪ੍ਰਿੰਸੀਪਲ ਨੂੰ ਮਿਲ ਕੇ 720 ਤੋਂ 1000 ਦੇ ਕਰੀਬ ਸੀਟਾਂ ਦੀ ਗਿਣਤੀ ਵਧਾਈ ਸੀ। ਪੰਜਾਬ ਸਟੂਡੈਂਟਸ ਯੂਨੀਅਨ ਨੇ ਅੱਜ ਇਨ੍ਹਾਂ ਮੰਗਾਂ ਦੀ ਪੂਰਤੀ ਲਈ ਕਾਲਜ ਪ੍ਰਿੰਸੀਪਲ ਮੁਹੰਮਦ ਜਮੀਲ ਨੂੰ ਮੰਗ ਪੱਤਰ ਦੇ ਕੇ ਇਨ੍ਹਾਂ ਮੰਗਾਂ ਨੂੰ ਜਲਦੀ ਤੋਂ ਜਲਦੀ ਪੂਰਾ ਕਰਨ ਦੀ ਮੰਗ ਕੀਤੀ। ਕਾਲਜ ਪ੍ਰਿੰਸੀਪਲ ਨੇ 1 ਅਗਸਤ ਤੱਕ ਕਲਾਸਾਂ ਰੈਗੂਲਰ ਲਗਾਉਣੀਆਂ ਸ਼ੁਰੂ ਕੀਤੇ ਜਾਣ ਦਾ ਭਰੋਸਾ ਦਿੱਤਾ। ਵਿਦਿਆਰਥੀ ਆਗੂਆਂ ਨੇ ਬਾਅਦ ਵਿਚ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਾਡੀਆਂ ਮੰਗਾਂ ਜਲਦੀ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਅਗਲੇ ਦਿਨਾਂ ‘ਚ ਤਿੱਖਾ ਸੰਘਰਸ਼ ਅਰੰਭਿਆ ਜਾਵੇਗਾ।
Check Also
ਖ਼ਾਲਸਾ ਕਾਲਜ ਵੱਲੋਂ ਤਿਰੰਗਾ ਰੈਲੀ, ਰਾਸ਼ਟਰੀ ਝੰਡੇ-ਤਿਰੰਗੇ ਦੀ ਮਹੱਤਤਾ ਪ੍ਰਤੀ ਕੀਤਾ ਜਾਗਰੂਕ
ਅੰਮ੍ਰਿਤਸਰ, 21 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖ਼ਾਲਸਾ ਕਾਲਜ ਵਿਖੇ ਦੇਸ਼-ਵਿਆਪੀ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ …
Punjab Post Daily Online Newspaper & Print Media