
ਅੰਮ੍ਰਿਤਸਰ, 3 ਅਗਸਤ (ਗੁਰਪ੍ਰੀਤ ਸਿੰਘ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਕਿਸੇ ਵੀ ਦੁਨਿਆਵੀ ਵਿਅਕਤੀ ਜਾਂ ਆਪਣੇ ਆਪ ਨੂੰ ਬਾਬਾ ਅਖਵਾਉਣ ਵਾਲੇ ਦੀ ਤਸਵੀਰ ਸਿੱਖ ਗੁਰੂ
ਸਾਹਿਬਾਨ ਦੇ ਬਰਾਬਰ ਨਹੀਂ ਲਗਾਈ ਜਾ ਸਕਦੀ।
ਇਥੋਂ ਜਾਰੀ ਪੈ੍ਰੱਸ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਜਿਸ ਅਖੌਤੀ ਸਾਧ (ਆਸਾਰਾਮ) ਤੇ ਬਲਾਤਕਾਰ ਤੇ ਹੋਰ ਸੰਗੀਨ ਜੁਰਮ ਲੱਗੇ ਹੋਣ ਤੇ ਉਹ ਉਨ੍ਹਾਂ ਕੇਸਾਂ ਦਾ ਅਦਾਲਤਾਂ ਵਿੱਚ ਸਾਹਮਣਾ ਕਰ ਰਿਹਾ ਹੋਵੇ ਅਜਿਹੇ ਘਟੀਆ ਵਿਅਕਤੀਆਂ ਦੀਆਂ ਤਸਵੀਰਾਂ ਸਿੱਖ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਨਾਲ ਛਾਪ ਕੇ ਰਾਜਸਥਾਨ ਦੇ ਜੋਧਪੁਰ ਵਿੱਚ ਬੱਚਿਆਂ ਦੇ ਭਵਿੱਖ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਸਿੱਖ ਗੁਰੂ ਸਾਹਿਬਾਨ ਮਹਾਨ ਪਰਉਪਕਾਰੀ, ਦਿਆਲੂ ਤੇ ਸੱਚ ਦਾ ਰਸਤਾ ਦਿਖਾਉਣ ਵਾਲੇ ਸਨ, ਪਰ ਜਿਹੜੇ ਵਿਅਕਤੀ (ਆਸਾਰਾਮ) ਦੀ ਤਸਵੀਰ ਨਾਲ ਦਿਖਾਈ ਗਈ ਹੈ ਉਹ ਬਲਾਤਕਾਰੀ ਹੈ।ਉਨ੍ਹਾਂ ਕਿਹਾ ਕਿ ਰਾਜਸਥਾਨ ਅਤੇ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਤੂਰੰਤ ਇਸ ਦਾ ਨੋਟਿਸ ਲਿਆ ਜਾਵੇ ਤੇ ਇਸ ਬਲਾਤਕਾਰੀ ਵਿਅਕਤੀ ਤੇ ਹੋਰਨਾਂ ਵਿਅਕਤੀਆਂ ਦੀਆਂ ਤਸਵੀਰਾਂ ਨੂੰ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਨਾਲੋਂ ਹਟਾਇਆ ਜਾਵੇ।ਉਨ੍ਹਾਂ ਕਿਹਾ ਕਿ ਇਸ ਗੱਲ ਦੀ ਇਨਕੁਆਰੀ ਹੋਵੇ ਕਿ ਅਜਿਹੀਆਂ ਹਰਕਤਾਂ ਕਿਨਾ ਲੋਕਾਂ ਦੇ ਕਹਿਣ ਤੇ ਹੋ ਰਹੀਆਂ ਹਨ ਤੇ ਇਸ ਸਾਜਿਸ਼ ਵਿੱਚ ਕੌਣ-ਕੌਣ ਲੋਕ ਸ਼ਾਮਲ ਹਨ।
ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਦੇਸ਼ ਧਰਮ ਲਈ ਚੰਗਾ ਕੰਮ ਕਰਦਾ ਹੈ ਤਾਂ ਉਸ ਦੀ ਪ੍ਰਸੰਸਾ ਕਰਨੀ ਚਾਹੀਦੀ ਹੈ ਉਸ ਦੇ ਕੀਤੇ ਕੰਮਾਂ ਦੀ ਮਿਸਾਲ ਵੀ ਦਿੱਤੀ ਜਾ ਸਕਦੀ ਹੈ, ਪਰ ਇਸ ਦਾ ਮਤਲਬ ਇਹ ਨਹੀਂ ਕਿ ਉਨ੍ਹਾਂ ਲੋਕਾਂ ਦੀਆਂ ਤਸਵੀਰਾਂ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਦੇ ਬਰਾਬਰ ਲਗਾਈਆਂ ਜਾਣ।ਉਨ੍ਹਾਂ ਕਿਹਾ ਕਿ ਅਜਿਹੀਆਂ ਕਿਤਾਬਾਂ ਜਿਨ੍ਹਾਂ ਉਪਰ ਇਹ ਤਸਵੀਰਾਂ ਛਾਪੀਆਂ ਗਈਆਂ ਹਨ ਉਹ ਤੁਰੰਤ ਜਬਤ ਕੀਤੀਆਂ ਜਾਣ ਤੇ ਅੱਗੇ ਤੋਂ ਕਿਸੇ ਵੀ ਦੁਨਿਆਵੀ ਵਿਅਕਤੀ ਦੀ ਤਸਵੀਰ ਗੁਰੂ ਸਾਹਿਬਾਨ ਦੀ ਤਸਵੀਰ ਦੇ ਬਰਾਬਰ ਨਾ ਛਾਪੇ ਜਾਣ ਨੂੰ ਯਕੀਨੀ ਬਣਾਇਆ ਜਾਵੇ।
Punjab Post Daily Online Newspaper & Print Media