ਫੂਡ ਸਪਲਾਈ ਦਫਤਰ ਸਮਰਾਲਾ ਦਾ ਸਾਰਾ ਸਟਾਫ ਬਦਲਣ ਮੰਗ
ਸਮਰਾਲਾ, 4 ਅਗਸਤ (ਪ. ਪ) – ਅੱਜ ਸਮਰਾਲਾ ਸ਼ਹਿਰ ਅਤੇ ਪੇਂਡੂ ਇਲਾਕੇ ਦੇ ਡਿਪੂ ਹੋਲਡਰਾਂ ਵੱਲੋਂ ਖੁਰਾਕ ਤੇ ਸਪਲਾਈ ਵਿਭਾਗ ਅਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਵਿਰੁੱਧ ਬੀਤੇ ਕਈ ਦਿਨਾਂ ਤੋਂ ਚਲੀ ਆ ਰਹੀ ਹੜਤਾਲ ਨੂੰ ਅੱਗੇ ਵੀ ਜਾਰੀ ਰੱਖਣ ਦਾ ਮਤਾ ਪਾ ਕੇ ਐਲਾਨ ਕੀਤਾ ਗਿਆ। ਇਸ ਸਬੰਧੀ ਪੇਂਡੂ ਅਤੇ ਸ਼ਹਿਰੀ ਪ੍ਰਧਾਨ ਬਲਵਿੰਦਰ ਸਿੰਘ ਅਤੇ ਤਰਸੇਮ ਲਾਲ ਬਗਲੀ ਨੇ ਦੱਸਿਆ ਕਿ ਸਰਕਲ ਦਫਤਰ ਸਮਰਾਲਾ ਵੱਲੋਂ ਸਮੂਹ ਡਿਪੂ ਹੋਲਡਰਾਂ ਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਜਾ ਰਿਹਾ ਹੈ। ਜਿਸ ਤਹਿਤ ਮਹਿਕਮੇਂ ਨੇ ਡਿਪੂ ਹੋਲਡਰਾਂ ਨੂੰ ਨੀਲੇ ਕਾਰਡਾਂ ਦੀ ਕਣਕ- ਦਾਲ ਦੀ ਢੋਆ ਢੋਆਈ ਲਈ ਤੇ ਲੇਬਰ ਦਾ ਖਰਚ ਕਦੇ ਨਹੀਂ ਦਿੱਤਾ ਗਿਆ ਜਦਕਿ ਉਪਰੋਂ ਇਹ ਖਰਚ ਸਰਕਲ ਦਫਤਰ ਸਮਰਾਲਾ ਨੂੰ ਪ੍ਰਾਪਤ ਹੋ ਗਿਆ ਹੈ। ਦੂਜਾ ਹੁਣ ਤੱਕ ਸਮਰਾਲਾ ਸਰਕਲ ਦੇ ਸਾਰੇ ਡਿਪੂ ਹੋਲਡਰਾਂ ਦਾ ਸਾਰਾ ਰਿਕਾਰਡ ਜੋ ਵੰਡ ਸਬੰਧੀ ਹੈ, ਉਸਨੂੰ ਆਨ ਲਾਈਨ ਕਰਨ ਦਾ ਸਾਰਾ ਖਰਚ ਡਿਪੂ ਹੋਲਡਰਾਂ ਨੇ ਆਪਣੀ ਜੇਬ ਵਿੱਚੋਂ ਦਿੱਤਾ ਹੈ, ਉਸਦਾ ਖਰਚ ਵੀ ਕਿਸੇ ਡਿਪੂ ਹੋਲਡਰ ਨੂੰ ਨਹੀਂ ਦਿੱਤਾ ਗਿਆ, ਜਦਕਿ ਸਾਰਾ ਖਰਚ ਸਰਕਾਰ ਵੱਲੋਂ ਕੀਤਾ ਗਿਆ ਹੈ। ਕੇਂਦਰ ਸਰਕਾਰ ਵੱਲੋਂ ਦਿੱਤਾ ਕਮਿਸ਼ਨ ਵੀ ਪੰਜਾਬ ਸਰਕਾਰ ਨੇ ਕਿਸੇ ਡਿਪੂ ਹੋਲਡਰ ਨੂੰ ਨਹੀਂ ਦਿੱਤਾ, ਜਦਕਿ ਪੰਜਾਬ ਤੋਂ ਇਲਾਵਾ ਦੂਜੇ ਰਾਜਾਂ ਵਿੱਚ ਇਹ ਕਮਿਸ਼ਨ ਡਿਪੂ ਹੋਲਡਰਾਂ ਨੂੰ ਮਿਲ ਰਿਹਾ ਹੈ। ਖੁਰਾਕ ਤੇ ਸਪਲਾਈ ਦਫਤਰ ਸਮਰਾਲਾ ਦੇ ਸਮੂਹ ਸਟਾਫ ਦਾ ਵਤੀਰਾ ਸਮਰਾਲਾ ਦੇ ਸਮੂਹ ਡਿਪੂ ਹੋਲਡਰਾਂ ਪ੍ਰਤੀ ਸਦਾ ਹੀ ਮਾੜਾ ਹੀ ਰਿਹਾ ਹੈ, ਜਿਸ ਸਬੰਧੀ ਸਮੂਹ ਡਿਪੂ ਹੋਲਡਰਾਂ ਨੇ ਅੱਜ ਦੀ ਮੀਟਿੰਗ ਵਿੱਚ ਇਹ ਮਤਾ ਪਾਸ ਕੀਤਾ ਗਿਆ, ਜਦੋਂ ਤੱਕ ਸਮਰਾਲਾ ਦਫਤਰ ਦੇ ਸਾਰੇ ਸਟਾਫ ਨੂੰ ਇੱਥੋਂ ਬਦਲਿਆ ਨਹੀਂ ਜਾਂਦਾ, ਉੁਦੋਂ ਤੱਕ ਅਣਮਿੱਥੇ ਸਮੇਂ ਲਈ ਹੜਤਾਲ ਜਾਰੀ ਰਹੇਗੀ।
Punjab Post Daily Online Newspaper & Print Media