Thursday, March 5, 2026

ਸੰਗਤ ਦਰਸ਼ਨ ਲੋਕ ਸਮੱਸਿਆਵਾਂ ਨੂੰ ਹੱਲ ਕਰਨ ਦਾ ਸਭ ਤੋਂ ਕਾਰਗਰ ਪ੍ਰੋਗਰਾਮ-ਮਜੀਠੀਆ

ਚੇਅਰਮੈਨ ਖੱਬੇ ਰਾਜਪੂਤਾਂ ਅਤੇ ਵਾਈਸ ਚੇਅਰਮੈਨ ਰਾਮਦਿਵਾਲੀ ਨੂੰ ਅਹੁਦੇ ਤੇ ਬਿਠਾਇਆ

PPN0708201518

ਮਹਿਤਾ, 7 ਅਗਸਤ (ਕਵਲਜੀਤ ਜੋਧਾਨਗਰੀ) – ਮਾਲ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਮੁੱਖ ਮੰਤਰੀ ਪੰਜਾਬ ਵੱਲੋਂ ਲੋਕ ਕਲਿਆਣ ਲਈ ਕੀਤੇ ਜਾ ਰਹੇ ਕੰਮਾਂ ਦੀ ਤਾਰੀਫ ਕਰਦੇ ਕਿਹਾ ਕਿ ਸ. ਪ੍ਰਕਾਸ਼ ਸਿੰਘ ਬਾਦਲ ਵਾਂਗ ਕਿਸੇ ਵੀ ਸੂਬੇ ਦਾ ਮੁੱਖ ਮੰਤਰੀ ਪਿੰਡ-ਪਿੰਡ ਤੇ ਘਰ-ਘਰ ਜਾ ਕੇ ਲੋਕਾਂ ਦੀਆਂ ਮੁਸ਼ਿਕਲਾਂ ਹੱਲ ਨਹੀਂ ਕਰ ਸਕਦਾ। ਅੱਜ ਇੱਥੇ ਮਾਰਕੀਟ ਕਮੇਟੀ ਦੇ ਨਵ ਨਿਯਕਤ ਚੇਅਰਮੈਨ ਗੁਰਮੀਤ ਸਿੰਘ ਖੱਬੇ ਰਾਜਪੂਤਾਂ ਅਤੇ ਵਾਈਸ ਚੇਅਰਮੈਨ ਸਰਵਣ ਸਿੰਘ ਰਾਮਦਿਵਾਲੀ ਨੂੰ ਕੁਰਸੀ ਉਤੇ ਬਿਠਾਉਣ ਲਈ ਕਰਵਾਏ ਗਏ ਪ੍ਰਭਾਵਸ਼ਾਲੀ ਸਮਾਗਮ ਵਿਚ ਬੋਲਦੇ ਸ. ਮਜੀਠੀਆ ਨੇ ਕਿਹਾ ਕਿ ਵੱਡੀ ਉਮਰ ਵਿਚ ਵੀ ਸ. ਬਾਦਲ ਕੇਵਲ ਚੰਡੀਗੜ੍ਹ ਬੈਠ ਕੇ ਦਫਤਰੀ ਕੰਮ ਨਹੀਂ ਕਰਦੇ, ਬਲਕਿ ਪੰਜਾਬ ਦੇ ਕੋਨੇ-ਕੋਨੇ ਵਿਚ ਫਿਰ ਕੇ ਲੋਕਾਂ ਦੀ ਮੁਸ਼ਿਕਲਾਂ ਸੁਣਕੇ ਉਨਾਂ ਦਾ ਹੱਲ ਕਰ ਰਹੇ ਹਨ। ਉਨਾਂ ਕਿਹਾ ਕਿ ਮੁੱਖ ਮੰਤਰੀ ਸੰਗਤ ਦਰਸ਼ਨ ਵਿਚ ਪਿੰਡਾਂ ਦੇ ਲੋਕਾਂ ਦੇ ਸਾਂਝੇ ਮਸਲੇ ਤਾਂ ਮੌਕੇ ਉਤੇ ਹੀ ਹੱਲ ਕਰ ਦਿੰਦੇ ਹਨ ਅਤੇ ਬਾਕੀ ਰਹਿੰਦੇ ਨਿੱਜੀ ਮਸਲੇ ਵੀ ਉਨਾਂ ਦੇ ਧਿਆਨ ਵਿਚ ਆ ਜਾਣ ਕਾਰਨ ਛੇਤੀ ਹੱਲ ਹੋ ਜਾਂਦੇ ਹਨ।
ਉਨਾਂ ਦੱਸਿਆ ਕਿ ਹਾਲ ਵੀ ਵਿਚ ਮੁੱਖ ਮੰਤਰੀ ਨੇ ਹਲਕਾ ਜੰਡਿਆਲਾ ਗੁਰੂ ਵਿਚ ਪੰਜ ਦਿਨ ਸੰਗਤ ਦਰਸ਼ਨ ਕਰਕੇ ਕਰੀਬ 35 ਕਰੋੜ ਰੁਪਏ ਦੀ ਗਰਾਂਟ ਵੱਖ-ਵੱਖ ਪਿੰਡਾਂ ਨੂੰ ਦਿੱਤੀ ਹੈ, ਜਿਸ ਨਾਲ ਪਿੰਡਾਂ ਦੇ ਬਹੁਤੇ ਅਧੂਰੇ ਪਏ ਕੰਮ ਪੂਰੇ ਹੋ ਜਾਣੇ ਹਨ। ਉਨਾਂ ਕਿਹਾ ਕਿ ਹੁਣ ਮੁੱਖ ਮੰਤਰੀ ਸ. ਬਾਦਲ ਹਲਕਾ ਬਾਬਾ ਬਕਾਲਾ ਵਿਚ ਲਗਾਤਾਰ ਤਿੰਨ ਦਿਨ ਸੰਗਤ ਦਰਸ਼ਨ ਕਰਕੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰ ਰਹੇ ਹਨ।
ਉਨਾਂ ਸਾਉਣੀ ਦੇ ਇਸ ਸੀਜ਼ਨ ਵਿਚ ਲੋਕਾਂ ਨੂੰ ਮਿਲੀ ਰੱਜਵੀਂ ਬਿਜਲੀ ਬਾਰੇ ਬੋਲਦੇ ਕਿਹਾ ਕਿ ਇਹ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੀ ਸੋਚ ਦਾ ਹੀ ਨਤੀਜਾ ਹੈ, ਜਿੰਨਾਂ ਨੇ ਕਰੀਬ ਚਾਰ ਸਾਲ ਪਹਿਲਾਂ ਇਹ ਸੋਚ ਰੱਖਕੇ ਥਰਮਲ ਪਲਾਂਟ ਸ਼ੁਰੂ ਕੀਤੇ ਸਨ, ਕਿ ਸਾਡੇ ਪੰਜਾਬ ਨੂੰ ਲੋੜੀਂਦੀ ਬਿਜਲੀ ਮਿਲੇ। ਉਨਾਂ ਦੱਸਿਆ ਕਿ ਕਰੀਬ 30 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਏ ਇਨਾਂ ਥਰਮਲ ਪਲਾਂਟਾ ਦਾ ਹੀ ਨਤੀਜਾ ਹੈ ਕਿ ਇਸ ਵਾਰ ਗਰਮੀ ਵਿਚ ਲੋਕਾਂ ਨੂੰ ਬਿਜਲੀ ਕੱਟਾਂ ਨੇ ਨਹੀਂ ਸਤਾਇਆ। ਉਨਾਂ ਐਲਾਨ ਕੀਤਾ ਕਿ ਅਗਲੇ ਸਾਲ ਇਸ ਨਾਲੋਂ ਵੀ ਬਿਹਤਰ ਬਿਜਲੀ ਸਪਲਾਈ ਪੰਜਾਬ ਦੇ ਲੋਕਾਂ ਨੂੰ ਦਿੱਤੀ ਜਾ ਸਕੇਗੀ।
ਚੇਅਰਮੈਨ ਗੁਰਮੀਤ ਸਿੰਘ ਖੱਬੇ ਰਾਜਪੂਤਾਂ ਅਤੇ ਵਾਈਸ ਚੇਅਰਮੈਨ ਸਰਵਣ ਸਿੰਘ ਰਾਮਦਿਵਾਲੀ ਨੂੰ ਕੁਰਸੀ ‘ਤੇ ਬਿਠਾਉਂਦਿਆ ਸ. ਮਜੀਠੀਆ ਨੇ ਅਪੀਲ ਕੀਤੀ ਕਿ ਉਹ ਲੋਕਾਂ ਖਾਸ ਕਰਕੇ ਮਾਰਕੀਟ ਕਮੇਟੀ ਨਾਲ ਜੁੜੇ ਕਿਸਾਨਾਂ, ਆੜਤੀਆਂ ਅਤੇ ਮਜ਼ਦੂਰਾਂ ਦੇ ਮਸਲੇ ਇੰਨੀ ਸ਼ਿਦਤ ਨਾਲ ਹੱਲ ਕਰਨ, ਕਿ ਲੋਕ ਪਾਰਟੀ ਵੱਲੋਂ ਕੀਤੀ ਇਸ ਚੋਣ ਉਤੇ ਮਾਣ ਮਹਿਸੂਸ ਕਰਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਲਕਾ ਵਿਧਾਇਕ ਸ. ਬਲਜੀਤ ਸਿੰਘ ਜਲਾਲਉਸਮਾ, ਸ੍ਰੋਮਣੀ ਕਮੇਟੀ ਮੈਂਬਰ ਸ. ਅਮਰਜੀਤ ਸਿੰਘ ਬੰਡਾਲਾ ਤੇ ਭਗਵੰਤ ਸਿੰਘ ਸਿਆਲਕਾ ਨੇ ਵੀ ਇਕੱਠ ਨੂੰ ਸੰਬੋਧਨ ਕਰਦੇ ਅਕਾਲੀ ਦਲ ਵੱਲੋਂ ਕੀਤੀਆਂ ਇੰਨਾਂ ਨਿਯੁਕਤੀਆਂ ਲਈ ਧੰਨਵਾਦ ਕੀਤਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਤਲਬੀਰ ਸਿੰਘ ਗਿੱਲ, ਮੇਜਰ ਸ਼ਿਵੀ, ਸੁਖਵਿੰਦਰ ਸਿੰਘ ਗੋਲਡੀ ਅਤੇ ਹੋਰ ਹਸਤੀਆਂ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …

Leave a Reply