
ਪਠਾਨਕੋਟ, 10 ਅਗਸਤ (ਪ.ਪ) – ਪੰਜਾਬ ਸਰਕਾਰ ਵੱਲੋਂ ਸੂਬੇ ਦੀਆਂ ਮੁੱਖ ਸੜਕਾਂ ਨੂੰ ਚਾਰ ਅਤੇ ਛੇ ਮਾਰਗੀ ਬਣਾਇਆ ਜਾ ਰਿਹਾ ਹੈ। ਇਹ ਪ੍ਰਗਟਾਵਾ ਸ਼੍ਰੀ ਅਸ਼ਵਨੀ ਸ਼ਰਮਾ ਵਿਧਾਇਕ ਹਲਕਾ ਪਠਾਨਕੋਟ ਨੇ 2173.40 ਲੱਖ ਰੁਪਏ ਦੀ ਲਾਗਤ ਨਾਲ ਚੱਕੀ ਪੁੱਲ ਤੋਂ ਮਾਮੂਨ ਤੱਕ ਜਾਣ ਵਾਲੇ ਹਾਈਵੇ ਨੂੰ ਚਾਰ ਮਾਰਗੀ ਬਣਾਉਣ ਦੇ ਕੰਮ ਦੀ ਸ਼ੁਰੂਆਤ ਰਿਬਨ ਕੱਟ ਕੇ ਕਰਵਾਉਣ ਉਪਰੰਤ ਇੱਕ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੀ ਅਨਿਲ ਵਾਸੂਦੇਵਾ ਮੇਅਰ ਨਗਰ ਨਿਗਮ ਪਠਾਨਕੋਟ, ਅਨਿਲ ਰਾਮਪਾਲ ਮੰਡਲ ਪ੍ਰਧਾਨ ਅਤੇ ਇਲਾਕੇ ਦੇ ਪੱਤਵੰਤੇ ਹਾਜ਼ਰ ਸਨ।
ਸ਼੍ਰੀ ਸ਼ਰਮਾ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਪਿੰਡ ਸੈਲੀ ਕੁਲੀਆਂ ਤੋਂ ਮਾਮੂਨ ਚੌਕ ਤੱਕ ਨੈਸ਼ਨਲ ਹਾਈਵੇ ਨੰਬਰ-154(ਪੁਰਾਣਾ ਨੈਸ਼ਨਲ ਹਾਈਵੇ-20) ਨੂੰ ਚਾਰ ਮਾਰਗੀ ਕੀਤਾ ਜਾ ਰਿਹਾ ਹੈ ਅਤੇ ਇਹ ਮਾਰਗ ਪੰਜਾਬ ਤੇ ਹਿਮਾਚਲ ਪ੍ਰਦੇਸ਼ ਨੂੰ ਜੋੜਦਾ ਹੈ ਅਤੇ ਆਰਮੀ ਖੇਤਰ ਹੋਣ ਕਾਰਨ ਇਸ ਸੜਕ ‘ਤੇ ਫੌਜ ਦੇ ਵਾਹਨਾਂ ਦੀ ਆਵਾਜਾਈ ਰਹਿੰਦੀ ਹੈ। ਜਿਸ ਕਰਕੇ ਇਸ ਸੜਕ ਨੂੰ ਚਾਰ ਮਾਰਗੀ ਬਣਾਉਣ ਦੀ ਜ਼ਰੂਰਤ ਸੀ। ਉਨ੍ਹਾਂ ਦੱਸਿਆ ਕਿ ਇਸ ਸੜਕ ਦੇ ਚਾਰ ਮਾਰਗੀ ਬਣਨ ਨਾਲ ਲੋਕਾਂ ਨੂੰ ਟ੍ਰੈਫਿਕ ਦੀ ਸਮੱਸਿਆ ਤੋਂ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਆਉਣ ਵਾਲੇ 14 ਮਹੀਨਿਆਂ ਦੇ ਅੰਦਰ ਅੰਦਰ ਇਸ ਮਾਰਗ ਦਾ ਕੰਮ ਪੂਰਾ ਕਰਕੇ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ।
ਇਸ ਉਪਰੰਤ ਸ਼੍ਰੀ ਅਸ਼ਵਨੀ ਸ਼ਰਮਾ ਨੇ ਵਿਧਾਨ ਸਭਾ ਹਲਕਾ ਪਠਾਨਕੋਟ ਦੇ ਵੱਖ ਵੱਖ ਸਰਕਾਰੀ ਪ੍ਰਾਇਮਰੀ ਤੇ ਐਲੀਮੈਂਟਰੀ ਸਕੂਲਾਂ, ਬੇਲੀ ਚਾਂਗਾਂ, ਭੂਰ, ਨੰਗਲ, ਤਲਵਾੜਾਂ ਜੱਟਾਂ, ਤਲਵਾੜਾਂ ਗੁਜੱਰਾਂ, ਕੌਂਤਰਪੁਰ, ਚੱਕ ਚਿਮਨਾ, ਢਾਕੀ ਸੈਦਾਂ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਅਬਾਦਗੜ੍ਹ ਦਾ ਦੌਰਾ ਕੀਤਾ ਅਤੇ ਸਕੂਲੀ ਬੱਚਿਆਂ ਨੂੰ ਕਿਤਾਬਾਂ, ਕਾਪੀਆਂ, ਪੈਨਸਲਾਂ ਤੇ ਹੋਰ ਲਿਖਣ ਸਮਗਰੀ ਵੰਡੀ। ਇਸ ਤੋਂ ਇਲਾਵਾ ਉਨ੍ਹਾਂ ਨੇ ਬੱਚਿਆਂ ਨੂੰ ਮਿਠਾਈ ਵੰਡ ਕੇ ਆਜ਼ਾਦੀ ਦਿਵਸ ਦੀ ਖੁਸ਼ੀ ਵੀ ਸਾਂਝੀ ਕੀਤੀ। ਉਨ੍ਹਾਂ ਬੱਚਿਆਂ ਨੂੰ ਦੇਸ਼ ਪ੍ਰੇਮ ਪ੍ਰਤੀ ਜਾਗਰੂਕ ਕਰਦੇ ਹੋਏ ਆਜ਼ਾਦੀ ਦੇ ਪਰਵਾਨਿਆਂ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਜੀਵਨ ‘ਤੇ ਰੋਸ਼ਨੀ ਪਾਈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਅੱਜ ਅਸੀਂ ਆਜ਼ਾਦੀ ਨਿੱਘ ਮਾਣ ਰਹੇ ਹਾਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਵਸ਼੍ਰੀ ਜਰਨੈਲ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ (ਅ), ਸ਼੍ਰੀਮਤੀ ਪਰਮਜੀਤ ਕੌਰ ਬੀ.ਪੀ.ਈ.ਓ., ਪ੍ਰਦੀਪ ਰੈਣਾ, ਨਿਰਮਲ ਸਿੰਘ ਸੀਨੀਅਰ ਡਿਪਟੀ ਮੇਅਰ, ਵੀਨਾ ਪਰਮਾਰ ਡਿਪਟੀ ਮੇਅਰ, ਵਿਜੇ ਕੁਮਾਰ ਮੰਡਲ ਪ੍ਰਧਾਨ, ਅਮਰੀਕ ਸਿੰਘ ਜ਼ਿਲ੍ਹਾ ਪ੍ਰਧਾਨ, ਸੁਲਖਨ ਸਿੰਘ ਪ੍ਰਧਾਨ ਬੀ.ਸੀ. ਸੈਲ, ਨਰਿੰਦਰ ਸਿੰਘ, ਰਾਮਪਾਲ ਵਿੱਕੀ, ਡਾ. ਸੰਜੇ, ਸਤਪਾਲ ਖੁਲੱਰ, ਡਾ. ਬਲਦੇਵ ਮਲਪੋਤਰਾ, ਅਸ਼ਵਨੀ ਗੋਪੀ, ਰਵੀ ਪਰਮਾਰ, ਰੋਹਿਤ ਪੂਰੀ, ਨੀਤਿਨ ਲਾਡੀ ਅਤੇ ਇਲਾਕੇ ਦੇ ਸਰਪੰਚ-ਪੰਚ ਵੀ ਹਾਜ਼ਰ ਸਨ।
Punjab Post Daily Online Newspaper & Print Media