ਦੋ ਮਹੀਨਿਆਂ ਤੱਕ ਕੂੜਾ ਡੰਪ ਵਿਚੋਂ ਬਦਬੂ ਨਹੀਂ ਸਗੋਂ ਸੁੰਦਰ ਦਰਖਤ ਲੱਗੇ ਨਜ਼ਰ ਆਉਣਗੇ
ਅੰਮ੍ਰਿਤਸਰ, 13 ਅਗਸਤ (ਗੁਰਚਰਨ ਸਿੰਘ)- ਭਗਤਾਂਵਾਲਾ ਦਾ ਕੂੜਾ ਡੰਪ, ਜਿਸ ਨੇ ਲੰਮੇ ਅਰਸੇ ਤੋਂ ਇਲਾਕਾ ਨਿਵਾਸੀਆਂ ਨੂੰ ਧਰਨੇ-ਮੁਜ਼ਾਹਰੇ ਲਗਾਉਣ ਲਈ ਮਜ਼ਬੂਰ ਕੀਤਾ ਹੋਇਆ ਸੀ, ਨੂੰ ਅਗਲੇ 2 ਮਹੀਨਿਆਂ ਵਿਚ ਨਵੀਂ ਦਿੱਖ ਦੇ ਕੇ ਇਸ ਸਥਾਨ ‘ਤੇ ਸੁੰਦਰ ਦਰਖਤ ਲੱਗੇ ਨਜ਼ਰ ਆਉਣਗੇ। ਉਕਤ ਸ਼ਬਦਾਂ ਦਾ ਪ੍ਰਗਟਾਵਾ ਕਮਿਸ਼ਨਰ ਕਾਰਪੋਰੇਸ਼ਨ ਸ੍ਰੀ ਪ੍ਰਦੀਪ ਸਭਰਵਾਲ ਨੇ ਡੰਪ ਦਾ ਦੌਰਾ ਕਰਨ ਮੌਕੇ ਕੀਤਾ। ਉਨਾਂ ਦੱਸਿਆ ਕਿ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ, ਜਿੰਨਾਂ ਨੇ ਬੀਤੇ ਐਤਵਾਰ ਇਹ ਮੁੱਦਾ ਧਿਆਨ ਵਿਚ ਆਉਂਦੇ ਸਾਰ ਹੀ ਕੂੜਾ ਡੰਪ ‘ਤੇ ਜਾ ਕੇ ਮੌਕਾ ਵੇਖਿਆ ਸੀ, ਦੀਆਂ ਹਦਾਇਤਾਂ ‘ਤੇ ਕਾਰਵਾਈ ਕਰਦੇ ਵਿਭਾਗ ਨੇ ਇਸ ਕੂੜਾ ਡੰਪ ‘ਤੇ ਚੱਲ ਰਹੇ ਕੰਮ ਲਈ 9.33 ਕਰੋੜ ਰੁਪਏ ਦੀ ਹੋਰ ਰਾਸ਼ੀ ਜਾਰੀ ਕਰ ਦਿੱਤੀ ਹੈ, ਜਿਸ ਨਾਲ ਇਸ ਡੰਪ ਦੇ ਨੇੜੇ ਰਹਿਣ ਵਾਲੇ ਲੋਕਾਂ ਨੂੰ ਆਉਂਦੀ ਬਦਬੂ ਦੂਰ ਕਰਕੇ ਇੱਥੇ ਹਰੀ ਪੱਟੀ ਕਾਇਮ ਕਰ ਦਿੱਤੀ ਜਾਵੇਗੀ। ਉਨਾਂ ਦੱਸਿਆ ਕਿ ਉਪ ਮੁੱਖ ਮੰਤਰੀ ਨੇ ਐਤਵਾਰ ਨੂੰ ਮੌਕਾ ਵੇਖ ਕੇ ਕਾਰਪੋਰੇਸ਼ਨ ਅਧਿਕਾਰੀਆਂ ਨੂੰ ਇਸ ਲਈ ਵਿਉਂਤਬੰਦੀ ਕਰਨ ਦੀ ਹਦਾਇਤ ਕੀਤੀ ਸੀ, ਸੋ ਅਸੀਂਂ ਮੰਗਲਵਾਰ ਤੱਕ ਸਾਰਾ ਪ੍ਰਾਜੈਕਟ ਤਿਆਰ ਕਰਕੇ ਬੁੱਧਵਾਰ ਨੂੰ ਚੰਡੀਗੜ੍ਹ ਉਪ ਮੁੱਖ ਮੰਤਰੀ ਸ. ਬਾਦਲ ਨੂੰ ਮਿਲੇ। ਇਸ ਮੀਟਿੰਗ ਵਿੱਚ ਮਾਲ ਤੇ ਲੋਕ ਸੰਪਰਕ ਮੰਤਰੀ ਸz ਬਿਕਰਮ ਸਿੰਘ ਮਜੀਠੀਆ ਵੀ ਨਾਲ ਸਨ ਜਿੰਨਾਂ ਨੇ ਸਾਰਾ ਪ੍ਰਾਜੈਕਟ ਵਿਚਾਰ ਕੇ 9.33 ਕਰੋੜ ਰੁਪਏ ਦੀ ਰਾਸ਼ੀ ਤਰੁੰਤ ਜਾਰੀ ਕਰ ਦਿੱਤੀ ਅਤੇ ਕੰਮ ਨੂੰ ਦੋ ਮਹੀਨਿਆਂ ਦੇ ਅੰਦਰ-ਅੰਦਰ ਨੇਪਰੇ ਚਾੜਨ ਦਾ ਹੁੱਕਮ ਕੀਤਾ ਹੈ। ਉਪ ਮੁੱਖ ਮੰਤਰੀ ਨੇ ਸਖਤ ਤਾੜਨਾ ਕੀਤੀ ਕਿ ਜੇਕਰ ਇਹ ਪ੍ਰਾਜੇਕਟ ਦੋ ਮਹੀਨਿਆਂ ਵਿੱਚ ਨੇਪਰੇ ਨਾ ਚੜਿਆ ਤਾਂ ਢਿੱਲ ਮੱਠ ਕਰਨ ਵਾਲੇ ਕਾਰਪੋਰੇਸ਼ਨ ਅਧਿਕਾਰੀਆਂ ਵਿਰੁੱਧ ਸਖਤ ਕਾਰਵਾਈ ਵੀ ਕੀਤੀ ਜਾਵੇਗੀ।
ਸ੍ਰੀ ਸਭਰਵਾਲ ਨੇ ਦੱਸਿਆ ਕਿ ਇਸ ਰਾਸ਼ੀ ਨਾਲ ਕੂੜੇ ਦੇ ਢੇਰ ਨੂੰ ਪੱਧਰਾ ਕਰਕੇ ਉਸ ‘ਤੇ ਮਿੱਟੀ ਦੀ ਮੋਟੀ ਤਹਿ ਪਾ ਦਿੱਤੀ ਜਾਵੇਗੀ, ਜਿਸ ‘ਤੇ ਕਰੀਬ 156 ਲੱਖ ਰੁਪਏ ਦਾ ਖਰਚਾ ਆਵੇਗਾ। ਇਸ ਤੋਂ ਇਲਾਵਾ ਭਗਤਾਂਵਾਲਾ ਗੇਟ ਚੌਂਕ ਤੋਂ ਇੱਬਣ ਕਲਾਂ ਤੱਕ ਦੀ ਕਰੀਬ ਸਾਢੇ ਚਾਰ ਕਿਲੋਮੀਟਰ ਦੀ ਸੜਕ ਚੌੜੀ ਕਰਨ, ਇਸ ‘ਤੇ ਲੁੱਕ-ਬਜਰੀ ਪਾਉਣ, ਸੜਕ ਵਿਚ ਡਿਵਾਈਡਰ ਆਦਿ ਬਨਾਉਣ ‘ਤੇ 5.5 ਕਰੋੜ ਰੁਪਏ, ਦਾਣਾ ਮੰਡੀ ਵਾਲੀ ਕੰਧ ਬਨਾਉਣ ਲਈ 1.5 ਕਰੋੜ, ਭਗਤਾਂਵਾਲਾ ਚੌਕ ਤੋਂ ਦਾਣਾ ਮੰਡੀ ਤੱਕ ਸੜਕ ‘ਤੇ 105 ਸਟਰੀਟ ਲਾਈਟਾਂ ਲਗਾਉਣ ਲਈ 65 ਲੱਖ ਰੁਪਏ, ਡੰਪ ‘ਤੇ ਪੱਧਰੀ ਹੋਣ ਵਾਲੀ ਜ਼ਮੀਨ, ਖਾਲੀ ਥਾਂ ਅਤੇ ਇਸ ਦੇ ਆਲੇ-ਦੁਆਲੇ ਪਈ ਖਾਲੀ ਥਾਂ ਵਿਚ ਦਰਖਤ ਲਗਾ ਕੇ ਹਰੀ ਪੱਟੀ ਬਨਾਉਣ ਲਈ 25 ਲੱਖ ਰੁਪਏ ਦੀ ਰਾਸ਼ੀ ਖਰਚ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਇਸ ਕੰਮ ਦੀ ਸਮਾਂ ਸੀਮਾ 2 ਮਹੀਨੇ ਮਿਥੀ ਗਈ ਹੈ ਅਤੇ ਸਾਡੀ ਕੋਸ਼ਿਸ ਹੈ ਕਿ ਇਸ ਨੂੰ ਸਮੇਂ ਤੋਂ ਪਹਿਲਾਂ ਹੀ ਨੇਪਰੇ ਚਾੜ ਦਿੱਤਾ ਜਾਵੇ।
ਸ੍ਰੀ ਸਭਰਵਾਲ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਇਸ ਡੰਪ ‘ਤੇ ਕੂੜਾ ਚੁੱਕਣ ਅਤੇ ਪੱਧਰਾ ਕਰਨ ਦਾ ਕੰਮ ਚੱਲ ਰਿਹਾ ਹੈ, ਜਿਸ ‘ਤੇ 3.5 ਕਰੋੜ ਦੇ ਕਰੀਬ ਰਾਸ਼ੀ ਖਰਚ ਕੀਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਇਸ ਕੰਮ ਵਿਚ ਡੰਪ ਦੁਆਲਾ 2500 ਫੁੱਟ ਦੇ ਕਰੀਬ ਲੰਮੀ ਕੰਧ ਕਰਨ ‘ਤੇ 78 ਲੱਖ ਰੁਪਏ, ਮੂਲੇ ਚੱਕ ਤੋਂ ਡੰਪ ਤੱਕ ਜਾਂਦੀ ਸੜਕ ਨੂੰ 22 ਫੁੱਟੀ ਕਰਨ ਲਈ ਕਰੀਬ ਸਵਾ ਕਰੋੜ ਰਪੁਏ, ਉਥੇ ਪਏ ਕੂੜੇ ਦੇ ਢੇਰ ਨੂੰ ਪੱਧਰਾ ਅਤੇ ਚੁੱਕਣ ਲਈ 48 ਲੱਖ ਰੁਪਏ, ਡੰਪ ਦੀ 197 ਕਨਾਲ ਤੇ 18 ਮਰਲੇ ਜ਼ਮੀਨ ‘ਤੇ ਮਿੱਟੀ ਪਾਉਣ ਲਈ 78 ਲੱਖ ਰੁਪਏ ਤੋਂ ਵੱਧ ਦੀ ਰਾਸ਼ੀ ਖਰਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਹੋਰ ਕੰਮਾਂ ‘ਤੇ ਕਰੀਬ 22 ਲੱਖ ਰੁਪਏ ਦੀ ਰਾਸ਼ੀ ਖਰਚ ਕੀਤੀ ਜਾਣੀ ਹੈ। ਉਨਾਂ ਦੱਸਿਆ ਕਿ ਇਸ ਵਿਚੋਂ ਕਰੀਬ 1.34 ਕਰੋੜ ਦੀ ਰਾਸ਼ੀ ਖਰਚ ਕੀਤੀ ਜਾ ਚੁੱਕੀ ਹੈ ਅਤੇ ਬਾਕੀ ਕੰਮ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਅਗਲੇ ਹਫਤੇ ਹਲਕਾ ਦੱਖਣੀ ਵਿੱਚ 207 ਕਰੋੜ ਰੁਪਏ ਦੀ ਲਾਗਤ ਨਾਲ ਸੀਵਰੇਜ ਪ੍ਰਾਜੈਕਟ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਪ੍ਰਾਜੈਕਟ ਦੀ 10 ਸਾਲ ਦੀ ਮੁਰੰਮਤ ਦਾ ਠੇਕਾ ਵੀ ਉਕਤ ਕੰਪਨੀ ਨੂੰ ਹੀ ਦਿੱਤਾ ਜਾ ਰਿਹਾ ਹੈ।
ਅੱਜ ਕਮਿਸ਼ਨਰ ਨੇ ਉਪ ਮੁੱਖ ਮੰਤਰੀ ਦੇ ਦੌਰੇ ਮਗਰੋਂ ਤੀਸਰੀ ਵਾਰ ਡੰਪ ਦਾ ਦੌਰਾ ਕੀਤਾ ਅਤੇ ਉਥੇ ਚੱਲ ਰਹੇ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਉਨਾਂ ਇਸ ਮੌਕੇ ਚੱਲ ਰਹੀਆਂ ਤਿੰਨ ਜੇ. ਸੀ. ਬੀ, ਇਕ ਫੋਕ ਲੇਨ, ਇਕ ਬੁਲਡੋਜਰ ਅਤੇ ਇਕ ਗਰੇਡਰ ਨਾਲ ਹੁੰਦੇ ਕੰਮ ਨੂੰ ਵੇਖਿਆ ਅਤੇ ਕੰਮ ਵਿਚ ਤੇਜ਼ੀ ਲਿਆਉਣ ਲਈ ਹੋਰ ਮਸ਼ੀਨਾਂ ਦਾ ਪ੍ਰਬੰਧ ਕੱਲ੍ਹ ਤੱਕ ਕਰਨ ਦੀ ਹਦਾਇਤ ਕੀਤੀ। ਇਸ ਮੌਕੇ ਡਾ: ਰਾਜੂ ਚੌਹਾਨ ਸਿਹਤ ਅਧਿਕਾਰੀ, ਸੁਰਿੰਦਰ ਰਾਮਪਾਲ ਐਕਸੀਅਨ, ਚੰਚਲ ਸਿੰਘ ਚੀਫ ਸੈਨਟਰੀ ਇੰਸਪੈਕਟਰ, ਸ੍ਰੀ ਹਰਜਿੰਦਰ ਸਿੰਘ ਸੈਨਟਰੀ ਇੰਸਪੈਕਟਰ ਹਾਜ਼ਰ ਸਨ।
Punjab Post Daily Online Newspaper & Print Media
