Thursday, March 5, 2026

ਯੂਨੀਵਰਸਿਟੀ ਕੈਂਪਸ ਵਿੱਚ ਵੀ ਸੀ ਪ੍ਰੋ. ਅਜਾਇਬ ਸਿੰਘ ਬਰਾੜ ਨੇ ਲਹਿਰਾਇਆ ਤਿਰੰਗਾ

PPN1508201506ਅੰਮ੍ਰਿਤਸਰ, 15 ਅਗਸਤ (ਚਰਨਜੀਤ ਸਿੰਘ ਛੀਨਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਵਿਖੇ 69ਵਾਂ ਸੁਤੰਤਰਤਾ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਵਾਈਸ-ਚਾਂਸਲਰ, ਪ੍ਰੋਫੈਸਰ ਅਜਾਇਬ ਸਿੰਘ ਬਰਾੜ ਨੇ ਯੂਨੀਵਰਸਿਟੀ ਦੇ ਗੈਸਟ ਹਾਊਸ ਲਾਅਨ ਵਿਖੇ ਕੌਮੀ ਝੰਡਾ ਲਹਿਰਾਇਆ ਤੇ ਸਲਾਮੀ ਦਿੱਤੀ। ਯੂਨੀਵਰਸਿਟੀ ਦੇ ਅਧਿਆਪਕਾਂ, ਕਰਮਚਾਰੀਆਂ ਅਤੇ ਵਿਦਿਆਰਥੀਆਂ ਦੀ ਹਾਜਰੀ ਵਿਚ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਅਤੇ ਖਾਲਸਾ ਕਾਲਜ ਫਾਰ ਵਿਮਨ ਦੇ ਵਿਦਿਆਰਥੀਆਂ ਵੱਲੋਂ ਇਸ ਮੌਕੇ ਦੇਸ਼ ਭਗਤੀ ਦੇ ਗੀਤ ਪੇਸ਼ ਕੀਤੇ ਗਏ।
ਆਪਣੇ ਸੰਦੇਸ਼ ਵਿੱਚ ਪ੍ਰੋ. ਅਜਾਇਬ ਸਿੰਘ ਬਰਾੜ ਨੇ ਯੂਨੀਵਰਸਿਟੀ ਭਾਈਚਾਰੇ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਅਜ਼ਾਦੀ ਸਾਨੂੰ ਬਹੁਤ ਘਾਲਣਾ ਅਤੇ ਕੁਰਬਾਨੀਆਂ ਸਦਕਾ ਹਾਂਸਲ ਹੋਈ ਸੀ ਤੇ ਇਸ ਨੂੰ ਕਾਇਮ ਰੱਖਣਾ ਸਾਡਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਅਜ਼ਾਦੀ ਤੋਂ ਬਾਅਦ ਦੇਸ਼ ਨੇ ਹਰ ਖੇਤਰ ਵਿਚ ਤਰੱਕੀ ਕੀਤੀ ਹੈ ਪਰ ਅਜੇ ਵੀ ਬਹੁਤ ਕੁੱਝ ਹੋਣਾ ਬਾਕੀ ਹੈ। ਉਨ੍ਹਾਂ ਕਿਹਾ ਕਿ ਅਜੋਕੇ ਦੌਰ ਵਿਚ ਅਜ਼ਾਦੀ ਨੂੰ ਕਾਇਮ ਰੱਖਣ ਲਈ ਸਰਹੱਦੀ ਲੜਾਈ ਤੋਂ ਜ਼ਿਆਦਾ ਗਿਆਨ ਅਤੇ ਤਕਨਾਲੋਜੀ ਦੀ ਵਰਤੋਂ ਕਰਨੀ ਪਵੇਗੀ। ਉਨ੍ਹਾਂ ਕਿਹਾ ਕਿ ਸਾਨੂੰ ਗਿਆਨ ਆਧਾਰਿਤ ਸਮਾਜ ਦੀ ਸਿਰਜਣਾ ਕਰਨੀ ਪਵੇਗੀ ਤਾਂ ਜੋ ਅੰੰਤਰਰਾਸ਼ਟਰੀ ਚੁਣੌਤੀਆਂ ਦਾ ਸਾਹਮਣਾ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀਆਂ ਅਤੇ ਹੋਰ ਸਿਖਿਆ ਅਦਾਰੇ ਇਸ ਸਬੰਧ ਵਿਚ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਗਿਆਨ ਮੁਹਈਆ ਕਰਕੇ ਆਪਣਾ ਯੋਗਦਾਨ ਪਾ ਸਕਦੇ ਹਨ। ਉਨ੍ਹਾਂ ਕਿਹਾ ਕਿ ਅਧਿਆਪਕ-ਵਿਦਿਆਰਥੀ ਰਿਸ਼ਤੇ ਨੂੰ ਵਧੇਰੇ ਮਜ਼ਬੂਤ ਕਰਦੇ ਹੋਏ ਵੱਧ ਤੋਂ ਵੱਧ ਗਿਆਨ ਦੇਣਾ ਚਾਹੀਦਾ ਹੈ ਤਾਂ ਜੋ ਮਿਆਰੀ ਸਿਖਿਆ ਅਤੇ ਖੋਜ ਉਤਸ਼ਾਹਿਤ ਹੋ ਸਕੇ ਅਤੇ ਦੇਸ਼ ਹੋਰ ਤਰੱਕੀ ਕਰ ਸਕੇ।

PPN1508201507
ਉਨ੍ਹਾਂ ਕਿਹਾ ਕਿ ਬੀਤੇ ਛੇ ਵਰ੍ਹਿਆਂ ਦੌਰਾਨ ਯੂਨੀਵਰਸਿਟੀ ਨੇ ਸਰਵਪੱਖੀ ਵਿਕਾਸ ਕੀਤਾ ਹੈ ਅਤੇ ਇਸ ਦਾ ਸਿਹਰਾ ਸਮੂਹ ਯੂਨੀਵਰਸਿਟੀ ਭਾਈਚਾਰੇ ਨੂੰ ਜਾਂਦਾ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੇ ਹਰ ਸ਼ਖਸ ਨੇ ਇਸ ਦੇ ਵਿਕਾਸ ਲਈ ਆਪਣਾ ਬਣਦਾ ਯੋਗਦਾਨ ਪਾਇਆ ਹੈ ਅਤੇ ਯੂਨੀਵਰਸਿਟੀ ਰਾਸ਼ਟਰੀ ਪੱਧਰ ‘ਤੇ ਆਪਣਾ ਨਾਂ ਬਣਾਉਣ ਵਿਚ ਸਫਲ ਰਹੀ ਹੈ। ਉਨ੍ਹਾਂ ਕਿਹਾ ਕਿ ਅੰੰਤਰਰਾਸ਼ਟਰੀ ਪੱਧਰ ‘ਤੇ ਜਾਣ ਲਈ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਬਹੁਤ ਕੁੱਝ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਤਿੰਨ ਵਰ੍ਹਿਆ ਦੌਰਾਨ ਸਾਡਾ ਮੁੱਖ ਉਦੇਸ਼ ਯੂਨੀਵਰਸਿਟੀ ‘ਯੂਨੀਵਰਸਿਟੀ ਵਿਦ ਪੋਟੈਂਸ਼ੀਅਲ ਫਾਰ ਐਕਸੀਲੈਂਸ’ ਤੋਂ ‘ਯੂਨੀਵਰਸਿਟੀ ਵਿਦ ਐਕਸੀਲੈਂਸ’ ਬਣਾਉਣਾ ਹੋਵੇਗਾ।
ਇਸ ਤੋਂ ਪਹਿਲਾਂ ਡੀਨ, ਵਿਦਿਅਕ ਮਾਮਲੇ, ਪ੍ਰੋ. ਪਰਮਜੀਤ ਸਿੰਘ ਨੇ ਮੁੱਖ ਮਹਿਮਾਨ ਅਤੇ ਹੋਰਨਾਂ ਨੂੰ ਜੀ ਆਇਆਂ ਆਖਿਆ। ਰਜਿਸਟਰਾਰ ਪ੍ਰੋ. ਸ਼ਰਨਜੀਤ ਸਿੰਘ ਢਿੱਲੋਂ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ ਅਤੇ ਯੁਵਕ ਭਲਾਈ ਦੇ ਡਾਇਰੈਕਟਰ, ਡਾ. ਜਗਜੀਤ ਕੌਰ ਨੇ ਮੰਚ ਸੰਚਾਲਨ ਕੀਤਾ।

Check Also

ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …

Leave a Reply