Sunday, April 26, 2026

ਘੱਟ ਪਾਣੀ ਨਾਲ ਝੋਨੇ ਦੀ ਫਸਲ ਪੈਦਾ ਕਰਨ ਵਾਲੇ ਕਿਸਾਨ ਪਲਵਿੰਦਰ ਸਿੰਘ ਨੂੰ ਸਟੇਟ ਅਵਾਰਡ

PPN2108201501

ਬਟਾਲਾ, 20 ਅਗਸਤ (ਨਰਿੰਦਰ ਸਿੰਘ ਬਰਨਾਲ) – ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸਹਾਰੀ ਦੇ ਅਗਾਂਹਵਧੂ ਕਿਸਾਨ ਪਲਵਿੰਦਰ ਸਿੰਘ ਨੇ ਸਟੇਟ ਅਵਾਰਡ ਜਿੱਤ ਕੇ ਜ਼ਿਲ੍ਹਾ ਗੁਰਦਾਸਪੁਰ ਦਾ ਨਾਮ ਰੌਸ਼ਨ ਕੀਤਾ ਹੈ।ਪੰਜਾਬ ਸਰਕਾਰ ਵੱਲੋਂ ਮੋਹਾਲੀ ਵਿਖੇ ਮਨਾਏ ਗਏ ਰਾਜ ਪੱਧਰੀ ਸੁਤੰਤਰਤਾ ਦਿਵਸ ਮੌਕੇ ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਨੇ ਪਲਵਿੰਦਰ ਸਿੰਘ ਸਹਾਰੀ ਨੂੰ ਸਟੇਟ ਅਵਾਰਡ ਨਾਲ ਸਨਮਾਨਿਤ ਕੀਤਾ ਹੈ।ਪਲਵਿੰਦਰ ਸਿੰਘ ਨੂੰ ਇਹ ਅਵਾਰਡ ਘੱਟ ਪਾਣੀ ਨਾਲ ਝੋਨੇ ਦੀ ਫਸਲ ਤੋਂ ਵਧੇਰੇ ਪੈਦਾਵਾਰ ਲੈਣ ਦੀ ਵਿਧੀ ‘ਸਿਸਟਮ ਆਫ ਰਾੲਸਿ ਇੰਨਟੈਨਸੀਫੀਕੇਸ਼ਨ’ (ਐਸ ਆਰ ਆਈ) ਅਤੇ ਖੇਤੀ ਵਿਭਿੰਨਤਾ ਅਪਨਾਉਣ ਸਦਕਾ ਦਿੱਤਾ ਗਿਆ ਹੈ।
ਪਲਵਿੰਦਰ ਸਿੰਘ ਧਾਰੀਵਾਲ ਨੇੜਲੇ ਪਿੰਡ ਸਹਾਰੀ ਦਾ ਵਸਨੀਕ ਹੈ।ਕਿਸਾਨ ਪਲਵਿੰਦਰ ਸਿੰਘ ਨੇ 4 ਏਕੜ ‘ਚ ਕਮਾਦ ਲਗਾਇਆ ਹੋਇਆ ਹੈ, ਜਦਕਿ 1 ਏਕੜ ‘ਚ ਟਮਾਟਰ, 2 ਏਕੜ ਭਿੰਡੀਤੋਰੀ, 3 ਏਕੜ ਮਾਂਹ ਤੇ ਬਾਕੀ ਠੇਕੇ ਤੇ ਲਈ ਜ਼ਮੀਨ ‘ਚ ਬਾਸਮਤੀ ਦੀ ਬਿਜਾਈ ਸਿਸਟਮ ਆਫ ਰਾਈਸ ਇੰਨਟੈਨਸੀਫੇਕਸ਼ਨ (ਐਸ ਆਰ ਆਈ) ਵਿਧੀ ਨਾਲ ਕੀਤੀ ਹੋਈ ਹੈ। ਉੁਹ ਪਿਛਲੇ ਤਿੰਨ ਸਾਲ ਤੋਂ ਬਾਸਮਤੀ ਦੀ ਕਾਸ਼ਤ ਐਸ.ਆਰ.ਆਈ ਵਿਧੀ ਨਾਲ ਕਰ ਰਿਹਾ ਹੈ। ਐਸ.ਆਰ.ਆਈ. ਵਿਧੀ ਨਾਲ ਪਿਛਲੇ ਸਾਲ ਬਾਸਮਤੀ ਪੰਜਾਬ ਨੰ 3 ਦਾ ਝਾੜ 20.75 ਕੁਇੰਟਲ ਲਿਆ ਸੀ ਜਦਕਿ ਆਮ ਵਿਧੀ ਨਾਲ ਬੀਜੀ ਬਾਸਮਤੀ ਦੀ ਪੈਦਾਵਾਰ 17.15 ਕੁਇੰਟਲ ਪ੍ਰਤੀ ਏਕੜ ਰਿਹਾ ਸੀ ।
ਕਿਸਾਨ ਪਲਵਿੰਦਰ ਸਿੰਘ ਆਪਣੇ ਖੇਤੀ ਤਜ਼ਰਬਿਆਂ ਬਾਰੇ ਦੱਸਦਾ ਹੈ ਕਿ ਇਸ ਵਿਧੀ ਨਾਲ ਘੱਟੋ ਘੱਟ 15-20 ਫੀਸਦੀ ਪਾਣੀ ਦੀ ਬੱਚਤ ਵੀ ਹੁੰਦੀ ਹੈ। ਇਸ ਵਿਧੀ ਨਾਲ ਬੀਜ ਦੀ ਬੱਚਤ ਹੁੰਦੀ ਹੈ, ਕਿਉਂਕਿ ਇਸ ਵਿਧੀ ਨਾਲ ਬਾਸਮਤੀ ਕਾਸ਼ਤ ਕਰਨ ਲਈ 2 ਕਿਲੋ ਬੀਜ ਦੀ ਜ਼ਰੂਰਤ ਪੈਂਦੀ ਹੈ ਜਦਕਿ ਆਮ ਵਿਧੀ ਨਾਲ ਕਾਸ਼ਤ ਕਰਨ ਲਈ 8 ਕਿਲੋ ਬੀਜ ਪ੍ਰਤੀ ਏਕੜ ਦੀ ਜ਼ਰੂਰਤ ਪੈਂਦੀ ਹੈ। ਇਸ ਵਿਧੀ ਨਾਲ ਬਾਸਮਤੀ ਦਾ ਮਿਆਰੀਪਣ ਵੀ ਵਧਦਾ ਹੈ। ਉਸਨੇ ਦੱਸਿਆ ਕਿ ਭਾਵੇਂ ਕੁਝ ਮਜ਼ਦੂਰੀ ਜ਼ਰੂਰ ਜ਼ਿਆਦਾ ਲੱਗਦੀ ਹੈ ਪਰ ਖਾਦਾਂ, ਕੀਟਨਾਸ਼ਕ ਅਤੇ ਨਦੀਨ ਨਾਸ਼ਕਾਂ ਦੀ ਵਰਤੋਂ ਘੱਟ ਹੋਣ ਅਤੇ ਪੈਦਾਵਾਰ ਵਧੇਰੇ ਹੋਣ ਨਾਲ ਪ੍ਰਤੀ ਏਕੜ ਫਾਇਦਾ ਜ਼ਿਆਦਾ ਹੋ ਜਾਂਦਾ ਹੈ।
ਪਲਵਿੰਦਰ ਸਿੰਘ ਦੀ ਅਗਾਂਹਵਧੂ ਸੋਚ ਨੂੰ ਮੁੱਖ ਰੱਖਦਿਆਂ ਡਾ ਅਭਿਨਵ ਤ੍ਰਿਖਾ, ਡਿਪਟੀ ਕਮਿਸ਼ਨਰ ਗੁਰਦਾਸਪੁਰ ਵੱਲੋਂ ਜ਼ਿਲ੍ਹਾ ਖੇਤੀਬਾੜੀ ਉਤਪਾਦਨ ਕਮੇਟੀ ਦਾ ਮੈਂਬਰ ਨਾਮਜ਼ਦ ਕੀਤਾ ਗਿਆ ਹੈ।ਪਲਵਿੰਦਰ ਸਿੰਘ ਖੇਤੀਬਾੜੀ ਵਿਭਾਗ ਗੁਰਦਾਸਪੁਰ ਦੁਆਰਾ ਵਟਸਐਪ ਤੇ ਬਣਾਏ ਗਰੁੱਪ ਦਾ ਵੀ ਮੈਂਬਰ ਹੈ, ਜਿਸ ਤੋਂ ਉਸ ਨੂੰ ਖੇਤੀਬਾੜੀ ਦੀਆਂ ਨਵੀਨਤਮ ਤਕਨੀਕਾਂ ਦੀ ਜਾਣਕਾਰੀ ਮਿਲਦੀ ਰਹਿੰਦੀ ਹੈ। ਪਲਵਿੰਦਰ ਸਿੰਘ ਵੱਲੋਂ ਖੇਤੀਬਾੜੀ ਵਿਭਾਗ ਦੇ ਸਹਿਯੋਗ ਨਾਲ ਨੌਜਵਾਨ ਕਿਸਾਨ ਉਤਪਾਦਕ ਸਗੰਠਨ ਵੀ ਬਣਾਇਆ ਜਿਸ ਵਿੱਚ 15 ਨੌਜਵਾਨ ਕਿਸਾਨ ਮੈਂਬਰ ਹਨ।
ਪਲਵਿੰਦਰ ਸਿੰਘ ਦੱਸਦਾ ਹੈ ਕਿ ਉਸ ਨੇ ਖੇਤੀਬਾੜੀ ਦੇ ਨਾਲ ਡੇਅਰੀ ਫਾਰਮਿੰਗ ਦਾ ਧੰਦਾ ਵੀ ਸ਼ੁਰੂ ਕੀਤਾ ਹੋਇਆ ਹੈ, ਜਿਸ ਤੋ ਉਸ ਨੂੰ ਰੋਜ਼ਾਨਾਂ ਦੀ ਆਮਦਨ ਹੋ ਰਹੀ ਹੈ। ਪਲਵਿੰਦਰ ਸਿੰਘ ਆਪਣੀ ਸਫਲਤਾ ਪਿਛੇ ਖੇਤੀਬਾੜੀ ਵਿਭਾਗ ਦੇ ਮਾਹਿਰਾਂ ਦੀ ਸਲਾਹ, ਖਾਸ ਕਰਕੇ ਡਾ. ਅਮਰੀਕ ਸਿੰਘ ਦੇ ਸੰਪਰਕ ਨੂੰ ਦੱਸਦਾ ਹੈ ਕਿਉਂਕਿ ਉਹ ਆਪਣੀਆਂ ਫਸਲਾਂ ਦੀ ਕਾਸ਼ਤ ਖੇਤੀ ਮਾਹਿਰਾਂ ਦੀ ਸ਼ਿਫਾਰਸ਼ ਅਨੁਸਾਰ ਕਰਦਾ ਹੈ ਅਤੇ ਫਸਲਾਂ ਨੂੰ ਖਾਦਾਂ ਤੇ ਰਸਾਇਣ ਦਵਾਈਆਂ ਵੀ ਵਰਤੋਂ ਵੀ ਮਾਹਿਰਾਂ ਦੀ ਸ਼ਿਫਾਰਸ਼ ਅਨੁਸਾਰ ਕਰਦਾ ਹੈ।

Check Also

ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿੱਚ ਬਿਜਲੀ ਪ੍ਰਣਾਲੀ `ਚ ਸੁਧਾਰ ਅਤੇ ਸ਼ਹਿਰੀ ਸੁੰਦਰੀਕਰਨ ਲਈ ਵੱਡਾ ਪ੍ਰੋਜੈਕਟ ਸ਼ੁਰੂ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ …

Leave a Reply