ਅਜਨਾਲਾ ਵਿਖੇ ਨਵੇਂ ਬਣੇ ਅਤਿ-ਆਧੁਨਿਕ ਜੁਡੀਸ਼ੀਅਲ ਕੋਰਟ ਕੰਪਲੈਕਸ ਦਾ ਕੀਤਾ ਉਦਘਾਟਨ

ਅੰਮ੍ਰਿਤਸਰ, 22 ਅਗਸਤ (ਗੁਰਚਰਨ ਸਿੰਘ)- ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਜੱਜ ਅਤੇ ਸੈਸ਼ਨ ਡਵੀਜ਼ਨ ਅੰਮ੍ਰਿਤਸਰ ਦੇ ਪ੍ਰਸ਼ਾਸਕੀ ਜੱਜ ਮਾਨਯੋਗ ਜਸਟਿਸ ਅਜੇ ਕੁਮਾਰ ਮਿੱਤਲ ਨੇ ਅੱਜ ਅਜਨਾਲਾ ਵਿਖੇ 6 ਏਕੜ ਰਕਬੇ ਵਿਚ 14.61 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਏ ਨਵੇਂ ਸਬ-ਡਵੀਜ਼ਨਲ ਜੁਡੀਸ਼ੀਅਲ ਕੋਰਟ ਕੰਪਲੈਕਸ ਦਾ ਉਦਘਾਟਨ ਕੀਤਾ। ਇਸ ਮੌਕੇ ਹਾਈਕੋਰਟ ਦੇ ਜੱਜ ਡਾ. ਸ਼ੇਖਰ ਧਵਨ, ਜ਼ਿਲ੍ਹਾ ਤੇ ਸੈਸ਼ਨ ਜੱਜ ਅੰਮ੍ਰਿਤਸਰ ਸ. ਗੁਰਬੀਰ ਸਿੰਘ, ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਅਤੇ ਐਸ. ਐਸ. ਪੀ (ਦਿਹਾਤੀ) ਸ੍ਰੀ ਜਸਦੀਪ ਸਿੰਘ ਵੀ ਉਨ੍ਹਾਂ ਦੇ ਨਾਲ ਸਨ।
ਇਸ ਮੌਕੇ ਆਪਣੇ ਸੰਬੋਧਨ ਵਿਚ ਜਸਟਿਸ ਮਿੱਤਲ ਨੇ ਕਿਹਾ ਕਿ ਅਦਾਲਤਾਂ ਵਿਚ ਬਕਾਇਆ ਪਏ ਕੇਸਾਂ ਦੇ ਨਿਪਟਾਰੇ ਲਈ ਨਿਆਇਕ ਅਫ਼ਸਰਾਂ ਦੀ ਨਵੀਂ ਭਰਤੀ ਕੀਤੀ ਜਾ ਰਹੀ ਹੈ ਅਤੇ ਇਸ ਦੇ ਨਾਲ ਹੀ ਨਿਆਇਕ ਅਧਿਕਾਰੀਆਂ ਲਈ ਟੀਚੇ ਫਿਕਸ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਲਦੀ ਅਤੇ ਸਸਤੇ ਨਿਆਂ ਲਈ ਇਸ ਵੇਲੇ ਲੋਕ ਅਦਾਲਤਾਂ ਬਹੁਤ ਹੀ ਪ੍ਰਭਾਵੀ ਸਿੱਧ ਹੋ ਰਹੀਆਂ ਹਨ, ਕਿਉਂਕਿ ਇਨ੍ਹਾਂ ਦੇ ਫ਼ੈਸਲੇ ਦੀ ਕਿਤੇ ਹੋਰ ਅਪੀਲ ਨਹੀਂ ਹੋ ਸਕਦੀ ਅਤੇ ਇਨ੍ਹਾਂ ਵਿਚ ਜ਼ਿਆਦਾਤਰ ਰਾਜ਼ੀਨਾਮੇ ਰਾਹੀਂ ਕੇਸਾਂ ਦਾ ਨਿਪਟਾਰਾ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅਜਨਾਲਾ ਵਿਚ ਬਣੇ ਇਸ ਆਲੀਸ਼ਾਨ ਨਵੇਂ ਕੋਰਟ ਕੰਪਲੈਕਸ ਨਾਲ ਇਲਾਕੇ ਦੇ ਲੋਕਾਂ ਨੂੰ ਵੱਡੀ ਸਹੂਲਤ ਮਿਲ ਗਈ ਹੈ, ਕਿਉਂਕਿ ਕੇਸਾਂ ਦੀ ਗਿਣਤੀ ਬਹੁਤ ਵਧਣ ਕਾਰਨ ਪੁਰਾਣੇ ਕੋਰਟ ਕੰਪਲੈਕਸ ਵਿਚ ਲੋਕਾਂ ਨੂੰ ਢੁਕਵੀਆਂ ਸਹੂਲਤਾਂ ਪ੍ਰਦਾਨ ਕਰਨ ਵਿਚ ਵੱਡੀ ਦਿੱਕਤ ਪੇਸ਼ ਆਉਂਦੀ ਸੀ। ਉਨ੍ਹਾਂ ਦੱਸਿਆ ਕਿ ਨਵੇਂ ਕੰਪਲੈਕਸ ਵਿਚ ਸਾਰੀਆਂ ਮੁਢਲੀਆਂ ਸਹੂਲਤਾਂ, ਬੁਨਿਆਦੀ ਢਾਂਚਾ ਅਤੇ ਆਧੁਨਿਕ ਸਾਜ਼ੋ-ਸਾਮਾਨ ਮੁਹੱਈਆ ਕਰਵਾਇਆ ਗਿਆ ਹੈ।
ਜਸਟਿਸ ਡਾ. ਸ਼ੇਖਰ ਧਵਨ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਇਸ ਅਤਿ-ਆਧੁਨਿਕ ਕੋਰਟ ਕੰਪਲੈਕਸ ਲਈ ਅਜਨਾਲਾ ਵਾਸੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਅਜਨਾਲਾ ਦੇ ਇਤਿਹਾਸ ਵਿਚ ਇਕ ਸੁਨਹਿਰੀ ਪੰਨਾ ਜੁੜ ਗਿਆ ਹੈ। ਉਨ੍ਹਾਂ ਕਿਹਾ ਕਿ ਇਥੋਂ ਦੇ ਪੁਰਾਣੇ ਕੋਰਟ ਕੰਪਲੈਕਸ ਦੀ ਹਾਲਤ ਬੇਹੱਦ ਮਾੜੀ ਸੀ ਅਤੇ ਨਵਾਂ ਕੰਪਲੈਕਸ ਬਣਨ ਨਾਲ ਨਿਆਇਕ ਅਧਿਕਾਰੀਆਂ ਅਤੇ ਲੋਕਾਂ ਦਾ ਇਕ ਸੁਪਨਾ ਪੂਰਾ ਹੋਇਆ ਹੈ, ਕਿਉਂਕਿ ਵਧੀਆ ਵਾਤਾਵਰਨ ਵਿਚ ਹੀ ਵਧੀਆ ਕੰਮ ਹੋ ਸਕਦਾ ਹੈ ਜਿਸ ਨਾਲ ਕੇਸਾਂ ਦਾ ਨਿਪਟਾਰਾ ਜਲਦ ਹੋ ਸਕੇਗਾ। ਉਨ੍ਹਾਂ ਸੱਦਾ ਦਿੱਤਾ ਕਿ ਪੁਰਾਣੇ ਅਤੇ ਬਜ਼ੁਰਗਾਂ ਨਾਲ ਸਬੰਧਤ ਕੇਸਾਂ ਦਾ ਨਿਪਟਾਰਾ ਪਹਿਲ ਦੇ ਆਧਾਰ ‘ਤੇ ਕੀਤਾ ਜਾਵੇ।
ਇਸ ਤੋਂ ਪਹਿਲਾਂ ਜ਼ਿਲ੍ਹਾ ਤੇ ਸੈਸ਼ਨ ਜੱਜ ਸ. ਗੁਰਬੀਰ ਸਿੰਘ ਨੇ ਜਸਟਿਸ ਮਿੱਤਲ ਅਤੇ ਜਸਟਿਸ ਸ਼ੇਖਰ ਧਵਨ ਨੂੰ ਜੀਅ ਆਇਆਂ ਆਖਦਿਆਂ ਉਨ੍ਹਾਂ ਨੂੰ ਅਜਨਾਲਾ ਦੇ ਇਤਿਹਾਸ ਤੋਂ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ 1882 ਤੋਂ ਚਲੇ ਆ ਰਹੇ ਕੋਰਟ ਨੂੰ ਅੱਜ ਇਕ ਨਵਾਂ ਸਰੂਪ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਕਰੀਬ 3 ਸਾਲਾਂ ਵਿਚ ਬਣ ਕੇ ਤਿਆਰ ਹੋਏ ਇਸ ਕੰਪਲੈਕਸ ਨਾਲ ਅਜਨਾਲਾ ਦੀ ਸ਼ਾਨ ਵਿਚ ਹੋਰ ਵਾਧਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਸ ਕੰਪਲੈਕਸ ਵਿਚ ਏਅਰ ਕੰਡੀਸ਼ਨਡ ਚਾਰ ਕੋਰਟ ਰੂਮਾਂ ਤੋਂ ਇਲਾਵਾ ਜੱਜਾਂ ਦੀ ਰਿਹਾਇਸ਼, ਔਰਤਾਂ ਤੇ ਮਰਦਾਂ ਲਈ ਵੱਖਰਾ ‘ਮਾਲਖਾਨਾ’, ਕੰਪਿਊਟਰ ਰੂਮ, ਰਿਕਾਰਡ ਰੂਮ, ਅਹਲਮਦ, ਨਾਜਰ ਅਤੇ ਹੋਰ ਜੁਡੀਸ਼ੀਅਲ ਸਟਾਫ ਦੇ ਕਮਰੇ, ਐਡਵੋਕੇਟਾਂ ਲਈ ਬਾਰ ਰੂਮ, ਏ. ਟੀ. ਐਮ ਸੁਵਿਧਾ ਵਾਲਾ ਬੈਂਕ ਤੇ ਦੁਕਾਨਾਂ, ਕੰਟੀਨ, ਮਰਦਾਂ, ਔਰਤਾਂ ਤੇ ਅੰਗਹੀਣਾਂ ਲਈ ਵੱਖਰੇ ਵਾਸ਼ਰੂਮ, ਪੌੜੀਆਂ ਅਤੇ ਅਪੰਗਾਂ ਲਈ ਰੈਂਪ, ਵਾਹਨਾਂ ਲਈ ਪਾਰਕਿੰਗ ਅਤੇ ਜਨਰੇਟਰ ਆਦਿ ਦੀਆਂ ਸੁਵਿਧਾਵਾਂ ਮੁਹੱਈਆ ਕਰਵਾਈਆਂ ਗਈਆਂ ਹਨ।
ਇਸ ਮੌਕੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਸਰਸਵਤੀ ਵੰਦਨਾ, ਸ਼ਬਦ ਅਤੇ ਗੀਤ ਪੇਸ਼ ਕੀਤੇ ਗਏ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਰਾਜਾਸਾਂਸੀ ਦੇ ਵਿਦਿਆਰਥੀਆਂ ਵੱਲੋਂ ਗੁਰਮੇਲ ਸ਼ਾਮਨਗਰ ਦੀ ਨਿਰਦੇਸ਼ਨਾ ਹੇਠ ਨਸ਼ਿਆਂ ਖਿਲਾਫ਼ ਪੇਸ਼ ਕੀਤੀ ਗਈ ਸਕਿੱਟ ‘ਪਿੰਡ ਬੋਲਦਾ ਹੈ’ ਸਭਨਾਂ ਦੇ ਦਿਲ ਨੂੰ ਟੁੰਬ ਗਈ। ਇਸ ਤੋਂ ਇਲਾਵਾ ‘ਵਾਇਸ ਆਫ਼ ਪੰਜਾਬ’ ਫੇਮ ਰਣਵੀਰ ਨੇ ਆਪਣੇ ਗੀਤਾਂ ਰਾਹੀਂ ਸਭ ਨੂੰ ਮੰਤਰ ਮੁਗਧ ਕਰ ਦਿੱਤਾ। ਅੰਤ ਵਿਚ ਗਿੱਧੇ ਦੀਆਂ ਧਮਾਲਾਂ ਪਈਆਂ।
ਇਸ ਤੋਂ ਪਹਿਲਾਂ ਕੋਰਟ ਕੰਪਲੈਕਸ ਪਹੁੰਚਣ ‘ਤੇ ਜਸਟਿਸ ਮਿੱਤਲ ਨੂੰ ਗਾਰਡ ਆਫ਼ ਆਨਰ ਦਿੱਤਾ ਗਿਆ। ਇਸ ਮੌਕੇ ਜ਼ਿਲ੍ਹਾ ਤੇ ਸੈਸ਼ਨ ਜੱਜ ਸ. ਗੁਰਬੀਰ ਸਿੰਘ ਅਤੇ ਹੋਰਨਾਂ ਨਿਆਇਕ ਅਧਿਕਾਰੀਆਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਜਸਟਿਸ ਮਿੱਤਲ ਅਤੇ ਜਸਟਿਸ ਸ਼ੇਖਰ ਧਵਨ ਨੇ ਕੋਰਟ ਕੰਪਲੈਕਸ ਦੇ ਵੱਖ-ਵੱਖ ਬਲਾਕਾਂ ਦਾ ਮੁਆਇਨਾ ਵੀ ਕੀਤਾ। ਵਧੀਕ ਸੈਸ਼ਨ ਜੱਜ ਹਰਪ੍ਰੀਤ ਕੌਰ ਰੰਧਾਵਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਵਧੀਕ ਸੈਸ਼ਨ ਜੱਜ ਸ. ਐਸ. ਐਸ ਸਾਹਨੀ, ਸੀ. ਜੇ. ਐਮ ਮੈਡਮ ਗਿਰੀਸ਼, ਬਾਰ ਐਸੋਸੀਏਸ਼ਨ ਅੰਮ੍ਰਿਤਸਰ ਦੇ ਪ੍ਰਧਾਨ ਸ. ਪੀ. ਐਸ ਸੇਠੀ, ਸਾਬਕਾ ਪ੍ਰਧਾਨ ਸ੍ਰੀ ਪੀ. ਕੇ ਸੈਣੀ, ਬਾਰ ਐਸੋਸੀਏਸ਼ਨ ਅਜਨਾਲਾ ਦੇ ਪ੍ਰਧਾਨ ਸ. ਅਵਤਾਰ ਸਿੰਘ ਸੰਧੂ ਤੋਂ ਇਲਾਵਾ ਨਿਆਇਕ ਅਧਿਕਾਰੀ, ਵਕੀਲ ਸਾਹਿਬਾਨ ਅਤੇ ਇਲਾਕੇ ਦੀਆਂ ਉਘੀਆਂ ਸ਼ਖਸੀਅਤਾਂ ਹਾਜ਼ਰ ਸਨ।
Punjab Post Daily Online Newspaper & Print Media