Sunday, April 5, 2026

ਬਟਾਲਾ ‘ਚ 54 ਲੱਖ ਵਾਲੇ ਰੈਣ ਬਸੇਰੇ ਦਾ ਸਥਾਨਕ ਸਰਕਾਰਾਂ ਮੰਤਰੀ ਜੋਸ਼ੀ ਵੱਲੋਂ ਨੀਂਹ ਪੱਥਰ

PPN2408201505
ਬਟਾਲਾ, 24 ਅਗਸਤ (ਨਰਿੰਦਰ ਬਰਨਾਲ) -ਪੰਜਾਬ ਸਰਕਾਰ ਵੱਲੋਂ 54.20 ਲੱਖ ਰੁਪਏ ਦੀ ਲਾਗਤ ਨਾਲ ਬਟਾਲਾ ਸ਼ਹਿਰ ‘ਚ ਬਣਾਏ ਜਾ ਰਹੇ ਰੈਣ ਬਸੇਰੇ ਦਾ ਨੀਂਹ ਪੱਥਰ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਅਨਿਲ ਜੋਸ਼ੀ ਵੱਲੋਂ ਅੱਜ ਆਪਣੇ ਕਰ ਕਮਲਾਂ ਨਾਲ ਰੱਖਿਆ ਗਿਆ।ਇਸ ਮੌਕੇ ਉਨ੍ਹਾਂ ਨਾਲ ਬਟਾਲਾ ਦੇ ਵਿਧਾਨਕਾਰ ਅਸ਼ਵਨੀ ਸੇਖੜੀ, ਨਗਰ ਕੌਂਸਲ ਬਟਾਲਾ ਦੇ ਪ੍ਰਧਾਨ ਨਰੇਸ਼ ਮਹਾਜਨ, ਵਾਈਸ ਪ੍ਰਧਾਨ ਹਰਿੰਦਰ ਸਿੰਘ ਕਲਸੀ, ਕਸਤੂਰੀ ਲਾਲ ਸੇਠ ਤੋਂ ਇਲਾਵਾ ਸ਼ਹਿਰ ਦੇ ਕੌਂਸਲਰ ਤੇ ਹੋਰ ਪ੍ਰਮੁੱਖ ਹਸਤੀਆਂ ਵੀ ਹਾਜ਼ਰ ਸਨ।
ਰੈਣ ਬਸੇਰੇ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦਿਆਂ ਕੈਬਨਿਟ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਦੱਸਿਆ ਕਿ 50 ਬਿਸਤਰਿਆਂ ਦੇ ਬਣਾਏ ਜਾ ਰਹੇ ਇਸ ਰੈਣ ਬਸੇਰੇ ਵਿੱਚ ਬੇਸਹਾਰਾ, ਬੱਸ ਸਟੈਂਡ, ਰੇਲਵੇ ਸਟੇਸ਼ਨ ਜਾਂ ਫੁੱਟਪਾਥਾਂ ‘ਤੇ ਰਹਿਣ ਵਾਲੇ ਬੇਘਰਿਆਂ ਨੂੰ ਜਗ੍ਹਾ ਦਿੱਤੀ ਜਾਵੇਗੀ ਅਤੇ ਰੈਣ ਬਸੇਰੇ ‘ਚ ਔਰਤਾਂ ਤੇ ਮਰਦਾਂ ਦੇ ਰਹਿਣ ਦਾ ਪ੍ਰਬੰਧ ਵੱਖਰਾ-ਵੱਖਰਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਰੈਣ ਬਸੇਰੇ ਦੀ ਓਟ ਲੈਣ ਵਾਲੇ ਵਿਅਕਤੀਆਂ ਨੂੰ ਸੂਬਾ ਸਰਕਾਰ ਵੱਲੋਂ ਮੁਫਤ ਖਾਣਾ, ਸੌਣ ਲਈ ਬਿਸਤਰੇ, 24 ਘੰਟੇ ਬਿਜਲੀ ਤੇ ਪਾਣੀ ਦੀ ਸਹੂਲਤ ਅਤੇ ਸਾਫ ਸੁਥਰੇ ਵਾਤਾਵਰਨ ਦੇ ਨਾਲ ਹੋਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਸ ਰੈਣ ਬਸੇਰੇ ਨੂੰ ਚਲਾਉਣ ਦਾ ਪ੍ਰਬੰਧ ਨਗਰ ਕੌਂਸਲ ਬਟਾਲਾ ਦਾ ਹੋਵੇਗਾ ਅਤੇ ਕੌਂਸਲ ਦੇ ਕਰਮਚਾਰੀ ਰੈਣ ਬਸੇਰੇ ਨੂੰ ਚਲਾਉਣ ਲਈ ਤਾਇਨਾਤ ਕੀਤੇ ਜਾਣਗੇ।
ਬਟਾਲਾ ਸ਼ਹਿਰ ਦੇ ਵਿਕਾਸ ਦੀ ਗੱਲ ਕਰਦਿਆਂ ਸਥਾਨਕ ਸਰਕਾਰਾਂ, ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਕਿਹਾ ਕਿ ਪੰਜਾਬ ਸਰਕਾਰ ਸ਼ਹਿਰ ਵਾਸੀਆਂ ਨੂੰ ਸਾਰੀਆਂ ਬੁਨਿਆਦੀ ਸਹੂਲਤਾਂ ਦੇਣ ਲਈ ਵਚਨਬੱਧ ਹੈ ਅਤੇ 8000 ਕਰੋੜ ਰੁਪਏ ਖਰਚ ਕਰਕੇ ਰਾਜ ਦੇ ਸਾਰੇ ਸ਼ਹਿਰਾਂ ਨੂੰ 100 ਫੀਸਦੀ ਜਲ ਸਪਲਾਈ, ਸੀਵਰੇਜ, ਸੜਕਾਂ, ਲਾਈਟਾਂ ਸਮੇਤ ਹਰ ਸਹੂਲਤ ਮੁਹੱਈਆ ਕਰਾਈ ਜਾਵੇਗੀ। ਕੈਬਨਿਟ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਸਵੱਛ ਭਾਰਤ ਦੇ ਸੁਪਨੇ ਨੂੰ ਪੂਰਾ ਕਰਨ ਲਈ ਸੂਬਾ ਸਰਕਾਰ ਵੱਲੋਂ ਵਿਸ਼ੇਸ਼ ਤਵੱਜੋ ਦਿੱਤੀ ਜਾ ਰਹੀ ਹੈ ਅਤੇ ਇਸ ਤਹਿਤ ਸ਼ਹਿਰਾਂ ਦੀ ਸਾਫ-ਸਫਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਸ੍ਰੀ ਜੋਸ਼ੀ ਨੇ ਕਿਹਾ ਕਿ ਬਟਾਲਾ ਸ਼ਹਿਰ ਨੂੰ ਕੇਂਦਰ ਸਰਕਾਰ ਵੱਲੋਂ ‘ਅਟਲ ਮਿਸ਼ਨ ਯੋਜਨਾ’ ਹੇਠ ਲਿਆਂਦਾ ਗਿਆ ਹੈ, ਜਿਸ ਤਹਿਤ ਸੂਬਾ ਤੇ ਕੇਂਦਰ ਸਰਕਾਰ ਵੱਲੋਂ ਰਲ ਕੇ ਬਟਾਲਾ ਸ਼ਹਿਰ ਦਾ ਸਰਬਪੱਖੀ ਵਿਕਾਸ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਨਗਰ ਕੌਂਸਲ ਬਟਾਲਾ ਦੇ ਪ੍ਰਧਾਨ ਨੂੰ ਭਰੋਸਾ ਦਿਵਾਇਆ ਕਿ ਸ਼ਹਿਰ ਦੇ ਵਿਕਾਸ ਲਈ ਜੋ ਕੁਝ ਵੀ ਲੋੜੀਂਦਾ ਹੈ ਉਸ ਸਬੰਧੀ ਮਤਾ ਪਾ ਕੇ ਵਿਭਾਗ ਨੂੰ ਭੇਜਿਆ ਜਾਵੇ ਤਾਂ ਜੋ ਸ਼ਹਿਰ ਦੇ ਵਿਕਾਸ ‘ਚ ਕੋਈ ਕਸਰ ਬਾਕੀ ਨਾ ਰਹੇ।
ਇਸ ਮੌਕੇ ਉਨ੍ਹਾਂ ਨਾਲ ਪੱਪੂ ਮਹਾਜਨ, ਰਾਕੇਸ਼ ਮਿੰਟੂ, ਅਸ਼ੋਕ ਅਗਰਵਾਲ, ਰਜੇਸ਼ ਸ਼ਰਮਾਂ, ਮਨਮੋਹਨ ਕੁਮਾਰ, ਮੁਕੇਸ਼ ਐਕਸੀਅਨ, ਸੈਨਟਰੀ ਇੰਸਪੈਕਟ ਖੁਸ਼ਬੀਰ ਸਿੰਘ, ਬਲਕਾਰ ਸਿੰਘ ਜੌਹਲ ਐਸ.ਓ., ਰਮੇਸ਼ ਭਾਟੀਆ ਏ.ਐਮ.ਈ., ਅਮਰਦੀਪ ਸਿੰਘ ਆਫਿਸ ਸੁਪਰਡੈਂਟ, ਗੁਰਲਾਲ ਸਿੰਘ ਅਕਾਊਂਟੈਂਟ ਤੋਂ ਇਲਾਵਾ ਨਗਰ ਕੌਂਸਲ ਦਾ ਸਮੁੱਚਾ ਸਟਾਫ ਹਾਜ਼ਰ ਸੀ।

Check Also

ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …

Leave a Reply