Tuesday, March 10, 2026

ਜਣੇਪੇ ਨੂੰ ਤਣਾਅ-ਮੁਕਤ ਕਰੇਗੀ ਸਿਹਤ ਵਿਭਾਗ ਵੱਲੋਂ ਚਲਾਈ ‘ਜਨਮ ਸਾਥੀ ਸਕੀਮ’

ਹੁਣ ਜਣੇਪੇ ਦੌਰਾਨ ਲੇਬਰ ਰੂਮ ਵਿਚ ਜਾ ਸਕਣਗੇ ਗਰਭਵਤੀ ਔਰਤ ਦੇ ਮਹਿਲਾ ਰਿਸ਼ਤੇਦਾਰ

Dr. Jai Singh

ਅੰਮ੍ਰਿਤਸਰ, 28 ਅਗਸਤ (ਗੁਰਚਰਨ ਸਿੰਘ)- ਜਣੇਪੇ ਨੂੰ ਤਣਾਅ-ਮੁਕਤ ਕਰਨ ਦੇ ਮਕਸਦ ਨਾਲ ਸਿਹਤ ਵਿਭਾਗ ਵੱਲੋਂ ਇਕ ਨਵੀਂ ‘ਜਨਮ ਸਾਥੀ ਸਕੀਮ’ ਸ਼ੁਰੂ ਕੀਤੀ ਗਈ ਹੈ ਜਿਸ ਤਹਿਤ ਗਰਭਵਤੀ ਔਰਤ ਦੇ ਮਹਿਲਾ ਰਿਸ਼ਤੇਦਾਰ ਜਣੇਪੇ ਦੌਰਾਨ ਲੇਬਰ ਰੂਮ ਵਿਚ ਜਾਣ ਦੀ ਇਜਾਜ਼ਤ ਦਿੱਤੀ ਗਈ ਹੈ। ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਅੰਮ੍ਰਿਤਸਰ ਡਾ. ਜੈ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਜ਼ਿਲ੍ਹੇ ਭਰ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਜਣੇਪਾ ਇਕ ਔਰਤ ਲਈ ਬਹੁਤ ਤਣਾਅ ਭਰਿਆ ਸਮਾਂ ਹੁੰਦਾ ਹੈ, ਇਸ ਲਈ ਇਹ ਜ਼ਰੂਰੀ ਹੈ ਕਿ ਉਹ ਜਣੇਪੇ ਦੌਰਾਨ ਖ਼ੁਦ ਨੂੰ ਸੁਰੱਖਿਅਤ ਮਹਿਸੂਸ ਕਰੇ। ਇਸ ਮੰਤਵ ਦੀ ਪੂਰਤੀ ਲਈ ਸਿਹਤ ਵਿਭਾਗ ਵੱਲੋਂ ਇਹ ਯੋਜਨਾ ਸ਼ੁਰੂ ਕੀਤੀ ਗਈ ਹੈ।ਉਨ੍ਹਾਂ ਦੱਸਿਆ ਕਿ ਇਸ ਯੋਜਨਾ ਤਹਿਤ ਜਨਮ ਸਾਥੀ ਦਾ ਮਤਲਬ ਇਕ ਅਜਿਹੀ ਮਹਿਲਾ ਸਾਥੀ ਤੋਂ ਹੈ ਜੋ ਗਰਭਵਤੀ ਔਰਤ ਦੇ ਜਣੇਪੇ ਦੌਰਾਨ ਉਸ ਦੇ ਨਾਲ ਲੇਬਰ ਰੂਮ ਵਿਚ ਜਾਵੇਗੀ ਅਤੇ ਜਣੇਪੇ ਦੇ ਪੂਰੇ ਸਮੇਂ ਦੌਰਾਨ ਉਸ ਦੇ ਨਾਲ ਰਹੇਗੀ।
ਉਨ੍ਹਾਂ ਦੱਸਿਆ ਕਿ ਇਹ ਯੋਜਨਾ ਇਸ ਲਈ ਸ਼ੁਰੂ ਕੀਤੀ ਗਈ ਹੈ ਕਿਉਂਕਿ ਕਈ ਵਾਰ ਲੇਬਰ ਰੂਮ ਵਿਚ ਕੰਮ ਕਰਨ ਵਾਲੀਆਂ ਨਰਸਾਂ/ਸਟਾਫ ਕੋਲ, ਇਕੋ ਸਮੇਂ ਇਕ ਤੋਂ ਵੱਧ ਜਣੇਪੇ ਲਈ ਭਰਤੀ ਔਰਤਾਂ ਦੀ ਵੀ ਜ਼ਿੰਮੇਵਾਰੀ ਹੁੰਦੀ ਹੈ ਅਤੇ ਕਈ ਵਾਰ ਲੇਬਰ ਰੂਮ ਵਿਚ ਤਾਇਨਾਤ ਸਟਾਫ ਰਿਕਾਰਡ ਅਤੇ ਫਾਇਲਾਂ ਦੇ ਕੰਮ ਵਿਚ ਰੁੱਝਿਆ ਹੁੰਦਾ ਹੈ ਅਤੇ ਜਣੇਪੇ ਦੇ ਵਿਚਕਾਰ ਦਾ ਸਮਾਂ ਉਹੀ ਹੁੰਦਾ ਹੈ, ਜਿਸ ਸਮੇਂ ਸਟਾਫ ਦੀ ਡਿਊਟੀ ਸ਼ਿਫਟ ਬਦਲਣੀ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਗਰਭਵਤੀ ਔਰਤਾਂ ਵੱਲੋਂ ਲੇਬਰ ਰੂਮ ਦੇ ਸਟਾਫ ਵਿਰੁੱਧ ਬੁਰਾ ਵਿਵਹਾਰ, ਅਣਗਹਿਲੀ, ਬੱਚੇ ਦੇ ਗੁੰਮਣ/ਬਦਲਣ ਸਬੰਧੀ ਵੀ ਸ਼ਿਕਾਇਤਾਂ ਮਿਲਦੀਆਂ ਹਨ, ਜਿਨ੍ਹਾਂ ‘ਤੇ ਇਸ ਯੋਜਨਾ ਨਾਲ ਕਾਬੂ ਪਾਇਆ ਜਾ ਸਕੇਗਾ।
ਉਨ੍ਹਾਂ ਦੱਸਿਆ ਕਿ ਜਨਮ ਸਾਥੀ ਦਾ ਮੁੱਖ ਕੰਮ ਜਣੇਪੇ ਦੌਰਾਨ ਗਰਭਵਤੀ ਮਹਿਲਾ ਨੂੰ ਜਜ਼ਬਾਤੀ ਮਦਦ ਦੇਣਾ ਅਤੇ ਉਤਸ਼ਾਹਿਤ ਕਰਨਾ ਹੋਵੇਗਾ ਅਤੇ ਉਹ ਲੇਬਰ ਰੂਮ ਵਿਚ ਤਾਇਨਾਤ ਸਟਾਫ ਨੂੰ ਗਰਭਵਤੀ ਮਹਿਲਾ ਦੀ ਜਣੇਪੇ ਦੀ ਹਾਲਤ ਅਤੇ ਹੋਰ ਲੱਛਣਾਂ ਬਾਰੇ ਵੀ ਦੱਸ ਸਕਦੀ ਹੈ। ਉਨ੍ਹਾਂ ਦੱਸਿਆ ਕਿ ਉਹ ਜਣੇਪੇ ਦੀ ਪ੍ਰਕਿਰਿਆ ਸਬੰਧੀ ਅਤੇ ਬੱਚੇ ਦੀ ਦੇਖ-ਰੇਖ ਸਬੰਧੀ ਆਪਣਾ ਗਿਆਨ ਅਤੇ ਤਜਰਬਾ, ਗਰਭਵਤੀ ਔਰਤ ਦੇ ਨਾਲ ਸਾਂਝਾ ਕਰ ਸਕਦੀ ਹੈ ਅਤੇ ਉਹ ਜਲਦ ਤੋਂ ਜਲਦ ਬੱਚੇ ਨੂੰ ਮਾਂ ਦਾ ਦੁੱਧ ਪਿਲਾਉਣਾ ਯਕੀਨੀ ਬਣਾਉਣ ਵਿਚ ਮਦਦ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਜਨਮ ਸਾਥੀ ਬਨਣ ਲਈ ਲਾਜ਼ਮੀ ਹੋਵੇਗਾ ਕਿ ਉਹ ਗਰਭਵਤੀ ਔਰਤ ਦੀ ਨਜ਼ਦੀਕੀ ਰਿਸ਼ਤੇਦਾਰ, ਜਿਵੇਂ ਮਾਂ, ਸੱਸ, ਭੈਣ, ਨਣਦ, ਭਾਬੀ ਜਾਂ ਕੋਈ ਵੀ ਅਜਿਹੀ ਔਰਤੀ ਹੋ ਸਕਦੀ ਹੈ, ਜਿਸ ਨੂੰ ਉਹ ਜਣੇਪੇ ਦੀ ਪ੍ਰਕਿਰਿਆ ਸਮੇਂ ਆਪਣੇ ਨਾਲ ਰੱਖਣਾ ਚਾਹੁੰਦੀ ਹੋਵੇ। ਉਨ੍ਹਾਂ ਦੱਸਿਆ ਕਿ ਜਨਮ ਸਾਥੀ ਲਈ ਲਾਜ਼ਮੀ ਹੋਵੇਗਾ ਕਿ ਉਹ ਖੁਦ ਵੀ ਮਾਂ ਬਣ ਚੁੱਕੀ ਹੋਵੇ। ਉਨ੍ਹਾਂ ਦੱਸਿਆ ਕਿ ਜਨਮ ਸਾਥੀ ਕਿਸੇ ਤਰ੍ਹਾਂ ਦੀ ਛੂਤ ਦੀ ਬਿਮਾਰੀ ਤੋਂ ਗ੍ਰਸਤ ਨਹੀਂ ਹੋਣੀ ਚਾਹੀਦੀ ਅਤੇ ਉਸਨੇ ਸਾਫ-ਸੁਥਰੇ ਕੱਪੜੇ ਪਹਿਨੇ ਹੋਣੇ ਚਾਹੀਦੇ ਹਨ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ

ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …

Leave a Reply