ਕੈਪਟਨ ਵੱਲੋਂ ਸੋਨੀਆ ਗਾਂਧੀ ਨੂੰ ਲਿਖੀ ਚਿੱਠੀ ਬਾਰੇ ਆਪਣੀ ਸਥਿਤੀ ਸਪੱਸ਼ਟ ਕਰੇ ਬਾਜਵਾ
ਮੱਤੇਵਾਲ, 1 ਸਤੰਬਰ (ਪ.ਪ) – ਪੰਜਾਬ ਦੇ ਮਾਲ ਅਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਜ਼ਮੀਨ ਪ੍ਰਾਪਤੀ ਬਿਲ ਨੂੰ ਛੱਡਦਿਆਂ ਜ਼ਮੀਨ ਪ੍ਰਾਪਤੀ ਲਈ ਫਿਰ ਤੋਂ ਆਰਡੀਨੈਂਸ ਜਾਰੀ ਨਾ ਕਰਨ ਦੇ ਕੀਤੇ ਗਏ ਐਲਾਨ ਦਾ ਸਵਾਗਤ ਕਰਦਿਆਂ ਇਸ ਨੂੰ ਕਿਸਾਨ ਵਰਗ ਦੀਆਂ ਸਮੁੱਚੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਲਿਆ ਗਿਆ ਦਰੁਸਤ ਫੈਸਲਾ ਕਰਾਰ ਦਿੱਤਾ। ਸ: ਮਜੀਠੀਆ ਅੱਜ ਇੱਥੇ ਹਲਕਾ ਮਜੀਠਾ ਦੇ ਪਿੰਡ ਮਹਿਮੂਦਪੁਰਾ ਵਿਖੇ ਸ: ਕਸ਼ਮੀਰ ਸਿੰਘ ਦੇ ਡੇਰੇ ਨੂੰ ਜਾਂਦੇ ਕੱਚੇ ਰਸਤੇ ਨੂੰ ਪੱਕਿਆਂ ਕਰਨ ਲਈ ਨੀਂਹ ਪੱਥਰ ਰੱਖਣ ਲਈ ਆਏ ਸਨ, ਨੇ ਕਿਹਾ ਕਿ ਅਕਾਲੀ ਦਲ ਕਿਸਾਨਾਂ ਦੀ ਸਹਿਮਤੀ ਤੋਂ ਬਿਨਾ ਜ਼ਮੀਨ ਐਕੁਆਇਰ ਨਾ ਕਰਨ ਦੀ ਨੀਤੀ ਦੀ ਵਕਾਲਤ ਕਰਦਾ ਆਇਆ ਅਤੇ ਇਸ ਸੰਬੰਧੀ ਕੌਮੀ ਨੀਤੀ ਲਈ ਪੰਜਾਬ ਵਿੱਚ ਲਾਗੂ ਭੂਮੀ ਗ੍ਰਹਿਣ ਨੀਤੀ ਨੂੰ ਰੋਲ ਮਾਡਲ ਵਜੋਂ ਅਪਣਾਉਣ ਦੀ ਪੁਰ ਜ਼ੋਰ ਸਿਫ਼ਾਰਸ਼ੀ ਹੈ। ਇਸ ਮੌਕੇ ਸ: ਮਜੀਠੀਆ ਨੇ ਪੰਜਾਬ ਕਾਂਗਰਸ ਦੇ ਆਗੂ ਕੈਪਟਨ ਅਮਰਿੰਦਰ ਸਿੰਘ ਦੇ ‘ਮਿਸ਼ਨ-17’ ਪ੍ਰਤੀ ਚੁੱਟਕੀ ਲੈਂਦਿਆਂ ਕਿਹਾ ਕਿ ਇੱਕ ਫੌਜੀ ਜ਼ਹਿਨੀਅਤ ਵਾਲੇ ਬੰਦੇ ਵੱਲੋਂ ਕੇਵਲ ਤੇ ਕੇਵਲ ਸੱਤਾ ਉੱਤੇ ਕਬਜ਼ੇ ਦੀ ਨਿੱਜ ਸਵਾਰਥੀ ਲਾਲਸਾ ਨੂੰ ”ਮਿਸ਼ਨ” ਦਾ ਨਾਮ ਦੇਣਾ ਮੇਰੀ ਸੋਚ ਸਮਝ ਤੋਂ ਪਰੇ ਹੈ । ਇਹ ਸਰਾਸਰ ਲੋਕਾਂ ਨੂੰ ਧੋਖਾ ਦੇਣਾ ਤੇ ਗੁਮਰਾਹ ਕਰਨਾ ਹੈ।ਉਹਨਾਂ ਕਿਹਾ ਕਿ ਮਿਸ਼ਨ ਉਹ ਹੈ ਜੋ ਲੋਕ ਹਿਤਾਂ ਲਈ ਕੀਤਾ ਜਾਵੇ ਜਿਵੇ ਅਕਾਲੀ ਦਲ ਨੇ ਲੋਕਾਂ ਨੂੰ ਸਹੂਲਤਾਂ ਦੇ ਕੇ ਅਤੇ ਰਾਜ ਦਾ ਸਰਵ ਪਖੀ ਵਿਕਾਸ ਕਰ ਕੇ ਕੀਤੀ ਹੈ। ਜਦ ਕਿ ਕੈਪਟਨ ਨੇ ਸਤਾ ਦੌਰਾਨ ਗਰੀਬ ਲੋਕਾਂ ਨੂੰ ਮਿਲਦੀਆਂ ਸਹੂਲਤਾਂ ਖੋਹ ਲਈਆਂ ਤੇ ਕਿਸਾਨਾਂ ਨੂੰ ਦਿਤੀ ਜਾਂਦੀ ਮੁਫਤ ਬਿਜਲੀ ਬੰਦ ਕਰਦਿਤੀ ਸੀ।
ਉਹਨਾਂ ਨੇ ਕਿਹਾ ਕਿ ਕੈਪਟਨ ਆਪਣੀ ਨਿੱਜ ਸਵਾਰਥੀ ਲਾਲਸਾ ਵਰਗੇ ਨਾਕਾਰਾਤਮਕ ਪਹੁੰਚ ਦੀ ਲੋਚਾ ਪ੍ਰਤੀ ‘ਮਿਸ਼ਨ’ ਵਰਗੇ ਸਾਕਾਰਾਤਮਕ ਸ਼ਬਦ ਦਾ ਲਿਬਾਸ ਪਹਿਨਾ ਕੇ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਜਿਸ ਵਿੱਚ ਵੀ ਉਸ ਨੂੰ ਸਫਲਤਾ ਮਿਲਣ ਦਾ ”ਜ਼ੀਰੋ” ਚਾਂਸ ਹੈ।ਅਸਲ ਵਿੱਚ ਕੈਪਟਨ ਝੂਠ ਨੂੰ ਸੱਚ ਸਾਬਿਤ ਕਰਨ ਦੀ ਹਿਟਲਰ ਦੀ ਪ੍ਰਾਪੇਗੰਡਾ ਪਾਲਿਸੀ ਜੋ ਕਿ ਕਿਸੇ ਝੂਠ ਨੂੰ ਵਾਰ ਵਾਰ ਦੁਹਰਾਉਂਦੇ ਰਹੋ ਕਿ ਲੋਕ ਉਸ ਨੂੰ ਸੱਚ ਮੰਨਣਾ ਸ਼ੁਰੂ ਕਰ ਦੇਣ ‘ਤੇ ਅਮਲ ਕਰ ਰਿਹਾ ਹੈ। ਉਹਨਾਂ ਕਿਹਾ ਕਿ ਨਾ ਹਿਟਲਰ ਰਿਹਾ ਤੇ ਨਾ ਹੀ ਹਿਟਲਰ ਦੀ ਪਾਲਿਸੀ ਕੈਪਟਨ ਦੇ ਕਿਸੇ ਕੰਮ ਆਵੇਗੀ। ਉਹਨਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਉਪਰੰਤ ਸੱਤਾ ਹਥਿਆਉਣ ਦੇ ਸਮੇਂ ਤੋਂ ਹੀ ਕਾਂਗਰਸ ਗਰੀਬੀ ਹਟਾਓ ਮਿਸ਼ਨ ‘ਤੇ ਕੰਮ ਕਰਨ ਦੇ ਦਾਅਵੇ ਕਰਦੀ ਰਹੀ ਪਰ ਸਬਜ਼ਬਾਗ ਦਿਖਾਉਂਦਿਆਂ ਗਰੀਬਾਂ ਦੀਆਂ ਵੋਟਾਂ ਬਟੋਰਨ ਤੋ ਇਲਾਵਾ ਇਸ ‘ਤੇ ਇੱਕ ਟੱਕੇ ਦਾ ਅਮਲ ਨਹੀਂ ਕੀਤਾ ਗਿਆ। ਸਗੋਂ ਕਾਂਗਰਸ ਦਾ ਅਸਲ ”ਮਿਸ਼ਨ” ਕਰੋੜਾਂ ਦੇ ਸ਼ਰਮਨਾਕ ਘੁਟਾਲਿਆਂ ਦੇ ਰੂਪ ਵਿੱਚ ਦੇਸ਼ ਵਾਸੀਆਂ ਦੇ ਸਾਹਮਣੇ ਆਇਆ।ਉਹਨਾਂ ਪੰਜਾਬ ਕਾਂਗਰਸ ਪ੍ਰਧਾਨ ਸ: ਪ੍ਰਤਾਪ ਸਿੰਘ ਬਾਜਵਾ ਨੂੰ ਸਲਾਹ ਦਿੱਤੀ ਕਿ ਉਸ ਨੂੰ ਅਕਾਲੀਆਂ ‘ਤੇ ਦੋਸ਼ ਮੜ੍ਹਨ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਨੂੰ ਉਹਨਾਂ ਦੇ ਨਸ਼ਿਆਂ ਦੇ ਸੌਦਾਗਰਾਂ ਨਾਲ ਸੰਬੰਧ ਹੋਣ ਸੰਬੰਧੀ ਲਿਖੀ ਚਿੱਠੀ ਬਾਰੇ ਆਪਣੀ ਸਥਿਤੀ ਲੋਕਾਂ ਸਾਹਮਣੇ ਸਪਸ਼ਟ ਕਰਨੀ ਚਾਹੀਦੀ ਹੈ।
ਇਸ ਮੌਕੇ ਮੇਜਰ ਸ਼ਿਵ ਚਰਨ ਸਿੰਘ ਸ਼ਿਵੀ, ਜੋਧ ਸਿੰਘ ਸਮਰਾ, ਭਗਵੰਤ ਸਿੰਘ ਸਿਆਲਕਾ, ਪੱਪੂ ਜੈਂਤੀਪੁਰ, ਮੀਡੀਆ ਸਲਾਹਕਾਰ ਪ੍ਰੋ: ਸਰਚਾਂਦ ਸਿੰਘ, ਕੁਲਵਿੰਦਰ ਸਿੰਘ ਧਾਰੀਵਾਲ, ਗੁਰਵੇਲ ਸਿੰਘ ਅਲਕੜੇ, ਡੀ ਐੱਸ ਪੀ ਵਿਸ਼ਾਲਜੀਤ ਸਿੰਘ, ਐਸ ਐਚ ਓ ਰਾਜਬੀਰ ਸਿੰਘ, ਗੁਰਦੇਵ ਸਿੰਘ ਮਹਿਮੂਦਪੁਰਾ, ਬੀਬੀ ਧਰਮ ਕੌਰ, ਅਮਰੀਕ ਸਿੰਘ ਭੰਗਾਲੀ, ਮਾਲਕ ਸਿੰਘ ਚਾਚੋਵਾਲੀ, ਸੰਦੀਪ ਸਿੰਘ ਉਦੋਕੇ, ਹਰਅਮ੍ਰਿਤਪਾਲ ਸਿੰਘ ਸਰਪੰਚ, ਨਿਰਮਲ ਸਿੰਘ, ਸ਼ਮੀਰ ਸਿੰਘ ਤਲਵੰਡੀ, ਸਤਨਾਮ ਸਿੰਘ ਮਰੜੀ, ਦਵਿੰਦਰ ਸਿੰਘ, ਨਿੰਦਰ ਕੌਰ, ਹਰਬੰਸ ਸਿੰਘ, ਜਥੇਦਾਰ ਜਸਵੰਤ ਸਿੰਘ, ਆਦਿ ਮੌਜੂਦ ਸਨ ।
Punjab Post Daily Online Newspaper & Print Media