ਸਮਰਾਲਾ, 1 ਸਤੰਬਰ (ਪ. ਪ.) – ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰੀ ਮਿਡਲ ਸਕੂਲ ਭਰਥਲਾ ਵਿਖੇ ਸਕੂਲ ਮੁਖੀ ਮੇਘ ਦਾਸ ਜਵੰਦਾ ਦੀ ਅਗਵਾਈ ਵਿੱਚ ਡੇਂਗੂ ਜਾਗਰੂਕਤਾ ਕੈਂਪ ਲਗਾਇਆ ਗਿਆ। ਜਿਸ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਭਰਥਲਾ ਦੇ ਵਿਦਿਆਰਥੀਆਂ ਨੇ ਵੀ ਹਿੱਸਾ ਲਿਆ। ਕੈਂਪ ਵਿੱਚ ਬਲਜਿੰਦਰ ਸਿੰਘ ਹੈਲਥ ਇੰਸਪੈਕਟਰ ਸਿਵਲ ਹਸਤਪਾਲ ਮਾਛੀਵਾੜਾ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਡੇਂਗੂ ਬੁਖਾਰ ਇੱਕ ਖਾਸ ਕਿਸਮ ਦੇ ਮੱਛਰ ਦੇ ਕੱਟਣ ਨਾਲ ਹੁੰਦਾ ਹੈ, ਜੋ ਦਿਨ ਵੇਲੇ ਵਿਅਕਤੀਆਂ ਨੂੰ ਕੱਟਦਾ ਹੈ। ਡੇਂਗੂ ਬੁਖਾਰ ਵਿੱਚ ਤੇਜ ਬੁਖਾਰ, ਜਿਆਦਾ ਸਿਰਦਰਦ, ਮਾਸ ਪੇਸ਼ੀਆਂ ਵਿੱਚ ਦਰਦ, ਦਿਲ ਕੱਚਾ ਹੋਣਾ, ਉਲਟੀਆਂ ਲੱਗਣੀਆਂ, ਥਕਾਵਟ ਅਤੇ ਕਮਜ਼ੋਰੀ ਮਹਿਸੂਸ ਹੋਣਾ ਹੈ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਮਰੀਜ ਦੀ ਹਾਲਤ ਬਹੁਤ ਜਿਆਦਾ ਖਰਾਬ ਹੋ ਜਾਵੇ ਤਾਂ ਸਰੀਰ ਤੇ ਲਾਲ ਰੰਗ ਦੇ ਧੱਬੇ ਪੈ ਜਾਂਦੇ ਹਨ, ਨੱਕ, ਮਸੂੜਿਆਂ ਅਤੇ ਜਖਮਾਂ ਰਾਹੀਂ ਖੂਨ ਵਗਣ ਲੱਗ ਪੈਂਦਾ ਹੈ। ਇਸ ਬੁਖਾਰ ਤੋਂ ਬਚਣ ਦੇ ਲਈ ਓਪਾਅ ਦੱਸਦਿਆਂ ਸ੍ਰੀ ਬਲਜਿੰਦਰ ਸਿੰਘ ਨੇ ਕਿਹਾ ਕਿ ਘਰਾਂ ਦੇ ਆਲੇ ਦੁਆਲੇ ਟੋਇਆਂ ਵਿੱਚ ਪਾਣੀ ਇਕੱਠਾ ਨਾ ਹੋਣ ਦਿਓ, ਇਨ੍ਹਾਂ ਨੂੰ ਮਿੱਟੀ ਨਾਲ ਭਰ ਦਿਓ। ਕੂਲਰ, ਗਮਲੇ ਤੇ ਘਰਾਂ ਵਿੱਚ ਪਏ ਖਾਲੀ ਟਾਇਰਾਂ ਦੀ ਨਿਰੰਤਰ ਸਫਾਈ ਰੱਖਣੀ ਚਾਹੀਦੀ ਹੈ। ਇਨ੍ਹਾਂ ਵਿੱਚ ਪਾਣੀ ਇਕੱਠਾ ਨਹੀਂ ਹੋਣ ਦੇਣਾ ਚਾਹੀਦਾ। ਸਾਨੂੰ ਪੂਰੀਆਂ ਬਾਹਵਾਂ ਵਾਲੇ ਕੱਪੜੇ ਪਹਿਨਣੇ ਚਾਹੀਦੇ ਹਨ, ਸੌਣ ਵੇਲੇ ਮੱਛਰਦਾਨੀ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਸਰਕਾਰੀ ਹਸਪਤਾਲਾਂ ਵਿੱਚ ਡੇਂਗੂ ਦਾ ਇਲਾਜ ਬਿਲਕੁੱਲ ਮੁਫਤ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਬੱਚਿਆਂ ਨੂੰ ਨਿੱਜੀ ਸਫਾਈ ਬਾਰੇ ਵੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਕਿ ਖਾਣਾ ਬਣਾਉਣ ਅਤੇ ਖਾਣਾ ਖਾਣ ਤੋਂ ਪਹਿਲਾਂ ਹੱਥ ਸਾਬਣ ਨਾਲ ਚੰਗੀ ਤਰ੍ਹਾਂ ਧੌਣੇ ਚਾਹੀਦੇ ਹਨ ਅਤੇ ਸਾਨੂੰ ਰੋਜਾਨਾਂ ਆਪਣੇ ਸਰੀਰ ਦੀ ਸਫਾਈ ਕਰਨੀ ਚਾਹੀਦੀ ਹੈ। ਇਸ ਮੌਕੇ ਮਾ: ਬਲਵੀਰ ਸਿੰਘ, ਮੈਡਮ ਅਮਰਜੀਤ ਕੌਰ, ਸ੍ਰੀਮਤੀ ਜਗਦੀਸ਼ ਕੌਰ ਪੀ. ਟੀ. ਆਈ., ਪ੍ਰਾਇਮਰੀ ਸਕੂਲ ਦੇ ਇੰਚਾਰਜ ਮੈਡਮ ਪਵਨਦੀਪ ਕੌਰ ਅਤੇ ਹੋਰ ਸਟਾਫ ਮੈਂਬਰ ਹਾਜ਼ਰ ਸਨ।
Check Also
ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 17 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਦਾ …
Punjab Post Daily Online Newspaper & Print Media