ਉਸਾਰੇ ਓਪਨ ਪਲਾਜ਼ੇ ਦਾ ਨਾਂ ਸ਼ਹੀਦ ਊਧਮ ਸਿੰਘ ਦੇ ਨਾਂ ‘ਤੇ ਰੱਖਿਆ ਜਾਵੇ -ਕੋਛੜ
ਅੰਮ੍ਰਿਤਸਰ, 6 ਸਤੰਬਰ (ਪ.ਪ) – ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਮੌਜੂਦਾ ਘੰਟਾ ਘਰ ਦੀ ਡਿਉਢੀ ਅਤੇ ਉਸਦੇ ਨਾਲ ਲਗਦੇ ਭਵਨਾਂ ਦੀ ਕੀਤੀ ਜਾ ਰਹੀ ਨਵਉਸਾਰੀ ਦੇ ਚਲਦਿਆਂ ਇਨ੍ਹਾਂ ਸਮਾਰਕਾਂ ਦੇ ਪੁਰਾਤਨ ਤੇ ਵਿਰਾਸਤੀ ਰੂਪ ਨਾਲ ਕਿਸੇ ਪ੍ਰਕਾਰ ਦੀ ਕੋਈ ਛੇੜ-ਛਾੜ ਨਹੀਂ ਕੀਤੀ ਜਾਣੀ ਚਾਹੀਦੀ।ਅੰਮ੍ਰਿਤਸਰ ਦੇ ਇਤਿਹਾਸ ਤੇ ਵਿਰਾਸਤੀ ਸਮਾਰਕਾਂ ‘ਤੇ ਖੋਜ ਕਰਕੇ ਕਈ ਪੁਸਤਕਾਂ ਲਿਖ ਚੁਕੇ ਇਤਿਹਾਸਕਾਰ ਤੇ ਖੋਜ-ਕਰਤਾ ਸ਼੍ਰੀ ਸੁਰਿੰਦਰ ਕੋਛੜ ਨੇ ਐਤਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅੰਗਰੇਜ਼ੀ ਰਾਜ ਸਮੇਂ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿਚ ਜਾਣ ਲਈ ਅਕਾਲ ਬੁੰਗੇ ਵਲੋਂ, ਝੂਠੇ ਗਹਿਣਿਆਂ ਦੇ ਬਾਜਾਰ ਵਲੋਂ, ਬੁੰਗਾ ਸ਼ਾਹਬਾਦੀਆਂ, ਅਟਾਰੀ ਬੁੰਗਾ, ਸ਼ਕਰੀ ਖੂਹੀ, ਗਲੀ ਸ਼ਹੀਦ ਬੁੰਗਾ, ਬੁੰਗਾ ਨਿਰਮਲੇ ਸੰਤਾਂ, ਬੁੰਗਾ ਮਜ਼੍ਹਬੀਆਂ, ਗਲੀ ਬ੍ਰਹਮ ਬੂਟਾ, ਬੁੰਗਾ ਟੂਟੀ ਵਾਲਾ (ਕਾਹਨ ਸਿੰਘ ਨਿਰਮਲਾ), ਪੁਰਾਣਾ ਘੰਟਾ ਘਰ (ਲਾਲ ਚਬੂਤਰਾ) ਅਤੇ ਬੁੰਗਾ ਸੋਢੀਆਂ ਦੇ ਵਿਚਕਾਰ, ਪੁਲਿਸ ਚੌਂਕੀ ਘੰਟਾ ਘਰ ਦੀਆਂ ਪੌੜੀਆਂ (ਬੇਰੀ ਬਾਬਾ ਬੁਢਾ ਦੇ ਪਿੱਛੇ), ਪੌੜੀਆਂ ਬੁੰਗਾ ਸਰਕਾਰ, ਬੁੰਗਾ ਗਿਆਨੀਆਂ ਤੇ ਬੁੰਗਾ ਸਰਕਾਰ ਦੇ ਵਿਚਕਾਰ ਅਤੇ ਝੰਡਾ ਬੁੰਗਾ ਸਹਿਤ ਕੁੱਲ 14 ਰਸਤੇ ਸਨ।ਉਹਨਾਂ ਦੱਸਿਆ ਕਿ ਸ੍ਰੀ ਦਰਬਾਰ ਸਾਹਿਬ ਦੀ ਪੁਰਾਣੀ ਪਰਿਕਰਮਾ ਤੰਗ ਹੋਣ ਕਰਕੇ 29 ਅਕਤੂਬਰ 1943 ਨੂੰ ਪਰਿਕਰਮਾ ਵਿਚ ਮੌਜੂਦ ਬੁੰਗੇ ਢਾਹੁਣ ਦੀ ਕਾਰਵਾਈ ਸ਼ੁਰੂ ਕੀਤੀ ਗਈ ਅਤੇ ਸੰਨ 1947 ਦੇ ਆਖਰੀ ਮਹੀਨਿਆਂ ਵਿਚ ਘੰਟਾ ਘਰ ਦੀ ਮੌਜੂਦਾ ਡਿਉਢੀ ਦੀ ਇਮਾਰਤ ਦਾ ਨੀਂਹ ਪੱਥਰ ਬਾਬਾ ਗੁਰਮੁੱਖ ਸਿੰਘ ਆਟਾ ਮੰਡੀ ਵਾਲਿਆਂ ਨੇ ਰੱਖ ਕੇ ਕਾਰ ਸੇਵਾ ਆਰੰਭ ਕੀਤੀ।
ਸ਼੍ਰੀ ਕੋਛੜ ਨੇ ਦੱਸਿਆ ਕਿ ਸ੍ਰੀ ਦਰਬਾਰ ਸਾਹਿਬ ਦੇ ਸਾਹਮਣੇ ਘੰਟਾ ਘਰ ਚੌਕ ਵਿਚ ਜਿੱਥੇ ਮੌਜੂਦਾ ਓਪਨ ਪਲਾਜ਼ਾ ਉਸਾਰਿਆ ਗਿਆ ਹੈ, ਦੇ ਸਥਾਨ ‘ਤੇ ਦੇਸ਼ ਦੀ ਵੰਡ ਤੋਂ ਪਹਿਲਾਂ ਜਲ੍ਹਿਆਂਵਾਲਾ ਬਾਗ ਕਾਂਡ ਦਾ ਬਦਲਾ ਲੈਣ ਵਾਲੇ ਸੂਰਮੇ ਸ਼ਹੀਦ ਊਧਮ ਸਿੰਘ ਦੀ ਪੇਂਟਰ ਦੀ ਦੁਕਾਨ ਹੋਇਆ ਕਰਦੀ ਸੀ, ਜਿਸ ਦੇ ਬਾਹਰ ਉਹਨਾਂ ‘ਰਾਮ ਮੁਹੰਮਦ ਸਿੰਘ ਆਜ਼ਾਦ’ ਨਾਂ ਦਾ ਬੋਰਡ ਲੱਗਿਆ ਹੋਇਆ ਸੀ।ਸ਼੍ਰੀ ਕੋਛੜ ਨੇ ਕਿਹਾ ਕਿ ਭਾਵੇ ਕਿ ਅਣਗਹਿਲੀ ਨਾਲ ਸ਼ਹੀਦ ਊਧਮ ਸਿੰਘ ਦੀ ਯਾਦਗਾਰ ਉਹਨਾਂ ਦੀ ਦੁਕਾਨ ਤਾਂ ਨਹੀਂ ਬਚਾਈ ਜਾ ਸਕੀ, ਪਰ ਸ਼ਹੀਦ ਨੂੰ ਬਣਦਾ ਸਨਮਾਨ ਦੇਣ ਅਤੇ ਉਹਨਾਂ ਦੀ ਯਾਦ ਸਦੀਵੀਂ ਬਣਾਏ ਜਾਣ ਲਈ ਉਪਰੋਕਤ ਪਲਾਜ਼ੇ ਦਾ ਨਾਂ ਸ਼ਹੀਦ ਊਧਮ ਸਿੰਘ ਦੇ ਨਾਂ ‘ਤੇ ਜ਼ਰੂਰ ਰੱਖਿਆ ਜਾਣਾ ਚਾਹੀਦਾ ਹੈ।ਉਹਨਾਂ ਕਿਹਾ ਕਿ ਇਸ ਦੇ ਨਾਲ ਜਲ੍ਹਿਆਂਵਾਲਾ ਬਾਗ ਦੇ ਅੰਦਰ ਵੀ ਸ਼ਹੀਦ ਦੀ ਯਾਦਗਾਰ ਸਥਾਪਿਤ ਕੀਤੀ ਜਾਣੀ ਜ਼ਰੂਰੀ ਹੈ।
Punjab Post Daily Online Newspaper & Print Media