
ਨਵੀਂ ਦਿੱਲੀ, 9 ਸਤੰਬਰ (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੱਲੋਂ ਆਪਣੇ ਫੇਸ਼ਬੁੁਕ ਅਕਾਉਂਟ ਤੇ ਸ਼੍ਰੋਮਣੀ ਰਾਗੀ ਬਲਬੀਰ ਸਿੰਘ ਨੂੰ ਨੀਚ ਰਾਗੀ ਦਾ ਖਿਤਾਬ ਦੇਣ ਦਾ ਮਸਲਾ ਵਿਵਾਦਾਂ ਵਿੱਚ ਆ ਗਿਆ ਹੈ। ਦਰਅਸਲ ਰਾਗੀ ਬਲਬੀਰ ਸਿੰਘ ਵੱਲੋਂ ਦਿਵਿਆ ਜੋਤੀ ਜਾਗਰਣ ਦੇ ਮੁੱਖੀ ਆਸ਼ੂਤੋਸ਼ ਦੇ ਚਰਨਾਂ ਵਿੱਚ ਬੈਠ ਕੇ ਉਸਦੀ ਸਿਫ਼ਤ ਕਰਨ ਦਾ ਵੀਡੀਓ ਸ਼ੋਸਲ ਮੀਡੀਆ ਤੇ ਵਾਇਰਲ ਹੋਣ ਦੇ ਬਾਅਦ ਸਰਨਾ ਵੱਲੋਂ ਫੇਸ਼ਬੁਕ ਤੇ ਪਾਏ ਗਏ ਆਪਣੇ ਸਟੈਟਸ ਵਿੱਚ ਰਾਗੀ ਬਲਬੀਰ ਸਿੰਘ ਨੂੰ ਨੀਚ ਰਾਗੀ ਦਸਦੇ ਹੋਏ ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਅਤੇ ਦਿੱਲੀ ਕਮੇਟੀ ਤੋ ਆਪਣੀ ਸਟੇਜਾਂ ਤੇ ਬੈਨ ਕਰਨ ਦੀ ਮੰਗ ਕੀਤੀ ਸੀ।ਆਪਣੀ ਇਸ ਪੋਸਟ ਵਿਚ ਸਰਨਾ ਨੇ ਦਿੱਲੀ ਕਮੇਟੀ ਦੇ ਮੌਜ਼ੂਦਾ ਪ੍ਰਬੰਧਕਾਂ ਤੇ ਰਾਗੀ ਨੂੰ ਕਮੇਟੀ ਦੀਆਂ ਸਟੇਜ਼ਾ ਤੇ ਹੱਲਾਸ਼ੇਰੀ ਦੇਣ ਦਾ ਦੋਸ਼ ਵੀ ਲਾਇਆ ਸੀ।
ਦੂਜੇ ਪਾਸੇ ਦਿੱਲੀ ਕਮੇਟੀ ਦੇ ਸਾਹਮਣੇ ਆਏ ਪ੍ਰਤੀਕ੍ਰਮ ਵਿੱਚ ਰਾਗੀ ਬਲਬੀਰ ਸਿੰਘ ਦੀ ਹੋਈ ਗਲਤੀ ਤੇ ਫੈਸਲਾ ਲੈਣ ਦਾ ਅਖਤਿਆਰ ਸ੍ਰੀ ਅਕਾਲ ਤਖਤ ਸਾਹਿਬ ਕੋਲ ਹੋਣ ਦੀ ਗਲ ਕਰਦੇ ਹੋਏ ਸਰਨਾ ਨੂੰ ਆਪਣੀ ਭਾਸ਼ਾ ਤੇ ਕਾਬੂ ਰੱਖਣ ਦੀ ਸਲਾਹ ਦਿੱਤੀ ਗਈ ਹੈ। ਕਮੇਟੀ ਦੇ ਮੀਡੀਆ ਸਲਾਹਕਾਰ ਪਰਮਿੰਦਰ ਪਾਲ ਸਿੰਘ ਨੇ ਗੰਭੀਰ ਪੰਥਕ ਮਸਲਿਆਂ ਤੇ ਸਰਨਾ ਵੱਲੋਂ ਗਲਤ ਭਾਸ਼ਾ ਦੇ ਇਸਤੇਮਾਲ ਨੂੰ ਸਿਆਸਤ ਦੇ ਗਿਰਦੇ ਮਿਆਰ ਨਾਲ ਹੀ ਜੋੜਿਆ ਹੈ। ਉਨ੍ਹਾਂ ਕਿਹਾ ਕਿ ਦਿੱਲੀ ਕਮੇਟੀ ਕਿਸੇ ਵੀ ਦੇਹਧਾਰੀ ਪਾਖੰਡੀ ਦੀ ਸਿਫ਼ਤ ਕੌਮ ਦੇ ਕਿਸੇ ਵੀ ਪ੍ਰਚਾਰਕ ਪਾਸੋਂ ਕਰਨ ਦਾ ਸਮਰਥਨ ਨਹੀਂ ਕਰਦੀ ਇਸ ਕਰਕੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਖੇ 35 ਸਾਲ ਤਕ ਕੀਰਤਨ ਦੀ ਸੇਵਾ ਨਿਭਾਉਣ ਵਾਲੇ ਰਾਗੀ ਵੱਲੋਂ ਕੀਤੀ ਗਈ ਉਕਤ ਗਲਤੀ ਕਿਸੇ ਪਾਸੋਂ ਵੀ ਹਿਮਾਇਤ ਦੀ ਹੱਕਦਾਰ ਨਹੀਂ ਹੈ। ਪਰ ਕੌਮ ਨੂੰ ਅਗਵਾਈ ਦੇਣ ਦਾ ਦਾਅਵਾ ਕਰਨ ਵਾਲੇ ਆਗੂ ਇਸ ਗੰਭੀਰ ਮਸਲੇ ਤੇ ਜਿਸ ਪ੍ਰਕਾਰ ਦੇ ਲਫ਼ਜਾਂ ਦਾ ਇਸਤੇਮਾਲ ਕਰਦੇ ਹਨ ਇਹ ਉਨ੍ਹਾਂ ਦੀ ਮਾਨਸਿਕ ਕਮਜੋਰੀ ਅਤੇ ਬੌਧਿਕ ਲਾਚਾਰੀ ਦਾ ਪ੍ਰਤੀਕ ਲਗਦਾ ਹੈ।
ਉਨ੍ਹਾਂ ਨੇ ਰਾਗੀ ਨੂੰ ਕਮੇਟੀ ਦੀਆਂ ਸਟੇਜ਼ਾ ਤੇ ਹੱਲਾਸ਼ੇਰੀ ਦੇਣ ਦੇ ਦੋਸ਼ ਤੇ ਖੁਲਾਸਾ ਕਰਦੇ ਹੋਏ ਦਸਿਆ ਕਿ ਸਰਨਾ ਨੇ ਆਪਣੇ ਪ੍ਰਧਾਨਗੀ ਕਾਲ ਦੌਰਾਨ ਰਾਗੀ ਬਲਬੀਰ ਸਿੰਘ ਨੂੰ ਦਸ਼ਮ ਗ੍ਰੰਥ ਦੀ ਬਾਣੀ ਸਟੇਜ਼ ਤੋਂ ਪੜ੍ਹਨ ਤੋਂ ਰੋਕਿਆ ਸੀ ਜਿਸਤੇ ਸੇਵਾ ਵਿੱਚ ਆਏ ਤਾਂ ਦਿੱਲੀ ਕਮੇਟੀ ਦੇ ਮੌਜ਼ੂਦਾ ਪ੍ਰਬੰਧਕਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਅਤੇ ਪੰਥ ਪ੍ਰਵਾਣਿਤ ਰਹਿਤ ਮਰਯਾਦਾ ਅਨੁਸਾਰ ਪ੍ਰਵਾਣਿਤ ਬਾਣੀਆਂ ਦਾ ਕੀਰਤਨ ਸਟੇਜ਼ ਤੇ ਕਰਨ ਦੀ ਰਾਗੀ ਸਿੰਘਾਂ ਨੂੰ ਛੋਟ ਦੇਣਾ ਆਪਣੇ ਪੰਥ ਪ੍ਰਤੀ ਫ਼ਰਜਾਂ ਦੀ ਅਦਾਇਗੀ ਹੈ ਜੋ ਕਿ ਕਿੱਤੇ ਵੀ ਹੱਲਾਸ਼ੇਰੀ ਦੇ ਦਾਅਰੇ ਵਿੱਚ ਨਹੀਂ ਆਉਂਦੀ। ਸ੍ਰੀ ਅਕਾਲ ਤਖਤ ਸਾਹਿਬ ਤੇ ਹੋਣ ਵਾਲੀ ਬੈਠਕ ਦੌਰਾਨ ਰਾਗੀ ਬਲਬੀਰ ਸਿੰਘ ਦੇ ਭਵਿੱਖ ਬਾਰੇ ਹੋਣ ਵਾਲੇ ਹਰ ਫੈਸਲੇ ਨੂੰ ਦਿੱਲੀ ਕਮੇਟੀ ਵੱਲੋਂ ਮੰਨਣ ਦਾ ਵੀ ਉਨ੍ਹਾਂ ਨੇ ਦਾਅਵਾ ਕੀਤਾ।
Punjab Post Daily Online Newspaper & Print Media