
ਅੰਮ੍ਰਿਤਸਰ, 12 ਸਤੰਬਰ (ਜਗਦੀਪ ਸਿੰਘ ਸੱਗੂ) – ਭਾਈ ਵੀਰ ਸਿੰਘ ਖੋਜ ਕੇਂਦਰ, ਖਾਲਸਾ ਟ੍ਰੈਕਟ ਸੁਸਾਇਟੀ, ਚੀਫ਼ ਖਾਲਸਾ ਦੀਵਾਨ ਵੱਲੋਂ ਅੱਜ ਇਕ ਸ਼ੋਕ ਇਕੱਤਰਤਾ ਕੀਤੀ ਗਈ, ਜਿਸ ਵਿਚ ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰ ਡਾ. ਜਸਵੰਤ ਸਿੰਘ ਨੇਕੀ ਜਿਹੜੇ ਪੀ.ਜੀ.ਆਈ ਚੰਡੀਗੜ੍ਹ ਦੇ ਡਾਇਰੈਕਟਰ ਰਹੇ ਅਤੇ ਅੱਜ ਕੱਲ੍ਹ ਭਾਈ ਵੀਰ ਸਿੰਘ ਸਾਹਿਤ ਸਦਨ ਦੇ ਵਾਈਸ ਚੇਅਰਮੈਨ ਸਨ ਦੇ ਅਚਨਚੇਤ ਅਕਾਲ ਚਲਾਣਾ ਕਰ ਜਾਣ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।
ਭਾਈ ਵੀਰ ਸਿੰਘ ਖੋਜ ਕੇਂਦਰ ਦੇ ਡਾਇਰੈਕਟਰ ਡਾ. ਹਰਚੰਦ ਸਿੰਘ ਬੇਦੀ ਨੇ ਡਾਕਟਰ ਜਸਵੰਤ ਸਿੰਘ ਨੇਕੀ ਦੀ ਸਾਹਿਤਕ ਘਾਲਣਾ ਅਤੇ ਡਾਕਟਰੀ ਦੇ ਖੇਤਰ ਵਿਚ ਪਾਏ ਅਮੁੱਲੇ ਯੋਗਦਾਨ ਦੀ ਚਰਚਾ ਕੀਤੀ। ਡਾ. ਸ. ਪ. ਸਿੰਘ ਚੇਅਰਮੈਨ ਖੋਜ ਕੇਂਦਰ ਨੇ ਡਾ. ਨੇਕੀ ਦੀ ਸਾਹਿਤ ਸਿਰਜਣਾ ਦੇ ਮੂਲ ਸਰੋਤਾਂ ਤੇ ਮਸਲਿਆਂ ਬਾਰੇ ਭਰਪੂਰ ਚਰਚਾ ਕੀਤੀ ਅਤੇ ਕਿਹਾ ਕਿ ਡਾ. ਨੇਕੀ ਦਾ ਜਾਣਾ ਪੰਜਾਬੀ ਸਾਹਿਤ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ। ਨਿਰਗੁਣੀਆਰਾ ਦੇ ਸੰਪਾਦਕ ਡਾ. ਜਸਬੀਰ ਸਿੰਘ ਸਾਬਰ ਨੇ ਗੁਰਮਤਿ ਦੇ ਖੇਤਰ ਵਿਚ ਉਨ੍ਹਾਂ ਦੇ ਬੇਮਿਸਾਲ ਯੋਗਦਾਨ ਬਾਰੇ ਵੇਰਵੇ ਸਹਿਤ ਦੱਸਿਆ।
ਚੀਫ਼ ਖਾਲਸਾ ਦੀਵਾਨ ਦੇ ਪ੍ਰਧਾਨ ਸ. ਚਰਨਜੀਤ ਸਿੰਘ ਚੱਢਾ ਨੇ ਡਾ. ਨੇਕੀ ਦੀਆਂ ਸੇਵਾਵਾਂ ਦੀ ਪ੍ਰਸ਼ੰਸਾ ਕਰਦੇ ਹੋਏ ਡਾ. ਨੇਕੀ ਦੀ ਸਮਾਜ ਨੂੰ ਦੇਣ ਉਤੇ ਚਾਨਣਾ ਪਾਇਆ ਤੇ ਨਿੱਜੀ ਸੰਬੰਧਾਂ ਦੇ ਵੇਰਵੇ ਵੀ ਦਿੱਤੇ। ਚੀਫ਼ ਖਾਲਸਾ ਦੀਵਾਨ ਦੇ ਸਕੱਤਰ ਸ. ਨਰਿੰਦਰ ਸਿੰਘ ਖੁਰਾਣਾ ਨੇ ਕਿਹਾ ਕਿ ਸਿੱਖ ਪੰਥ ਇਕ ਵਿਦਵਾਨ ਗੁਰਸਿੱਖ ਤੋਂ ਵਿਰਵਾ ਹੋ ਗਿਆ ਹੈ। ਦੋ ਮਿੰਟ ਦਾ ਮੋਨ ਰੱਖ ਕੇ ਸ਼ਰਧਾਂਜਲੀ ਭੇਂਟ ਕਰਦੇ ਹੋਏ ਡਾ. ਨੇਕੀ ਦੇ ਪਰਿਵਾਰ ਨਾਲ ਇਸ ਔਖੀ ਘੜੀ ਵਿਚ ਸਾਂਝ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਗੁਰਚਰਨਾਂ ਵਿਚ ਅਰਦਾਸ ਕੀਤੀ ਕਿ ਉਹ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ। ਇਸ ਅਵਸਰ ਤੇ ਡਾ. ਧਰਮਵੀਰ ਸਿੰਘ, ਸ. ਕੁਲਦੀਪ ਸਿੰਘ, ਬੀਬੀ ਹਰਚਰਨ ਕੌਰ, ਬੀਬੀ ਮਨਜੀਤ ਕੌਰ ਪੀ.ਆਰ.ਓ, ਸ. ਤਰਲੋਕ ਸਿੰਘ ਤੇ ਹੋਰ ਬਹੁਤ ਸਾਰੇ ਅਧਿਆਪਕ ਤੇ ਸਹਿਕਰਮੀ ਹਾਜ਼ਰ ਸਨ।
Punjab Post Daily Online Newspaper & Print Media