Thursday, March 5, 2026

ਵਧੀਕ ਡਿਪਟੀ ਕਮਿਸ਼ਨਰ ਵੱਲੋਂ ਵੋਟਰ ਸੂਚੀਆਂ ਦੇ ਖਰੜੇ ਦੀ ਪ੍ਰਕਾਸ਼ਨਾ ਸਬੰਧੀ ਮੀਟਿੰਗ

ਖਰੜੇ ਦੀਆਂ ਸੀ. ਡੀਜ਼ ਤੇ ਹਾਰਡ ਕਾਪੀਆਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਦਿੱਤੀਆਂ

PPN1509201512

ਅੰਮ੍ਰਿਤਸਰ, 15 ਸਤੰਬਰ (ਗੁਰਚਰਨ ਸਿੰਘ)- ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਰ ਸੂਚੀਆਂ ਵਿਚ ਕੀਤੀ ਜਾਣ ਵਾਲੀ ਸੁਧਾਈ ਸਬੰਧੀ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਜਾਣਕਾਰੀ ਦੇਣ ਲਈ ਇਕ ਮੀਟਿੰਗ ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲ੍ਹਾ ਚੋਣ ਅਫਸਰ ਅੰਮ੍ਰਿਤਸਰ ਸ. ਤਜਿੰਦਰ ਪਾਲ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਬੱਚਤ ਭਵਨ ਵਿਖੇ ਹੋਈ। ਇਸ ਮੌਕੇ ਚੋਣ ਵਿਭਾਗ ਵੱਲੋਂ ਵੋਟਰ ਸੂਚੀਆਂ ਵਿਚ ਕੀਤੀ ਗਈ ਸੁਧਾਈ ਦੇ ਖਰੜੇ ਦੀਆਂ ਸੀ. ਡੀਜ਼ ਅਤੇ ਹਾਰਡ ਕਾਪੀਆਂ ਵੀ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਦਿੱਤੀਆਂ ਗਈਆਂ। ਮੀਟਿੰਗ ਵਿਚ ਕਾਨੂੰਗੋ ਚੋਣਾਂ ਸ੍ਰੀ ਰਜਿੰਦਰ ਸਿੰਘ ਤੋਂ ਇਲਾਵਾ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੇ ਭਾਗ ਲਿਆ।
ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆਂ ਕਿ ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਅੰਮ੍ਰਿਤਸਰ ਜ਼ਿਲ੍ਹੇ ਨਾਲ ਸਬੰਧਿਤ ਵੋਟਰ ਸੂਚੀਆਂ ਦੇ ਖਰੜੇ ਦੀ ਪ੍ਰਕਾਸ਼ਨਾ ਅੱਜ ਕਰ ਦਿੱਤੀ ਗਈ ਹੈ। ਇਸ ਸਬੰਧੀ ਜੇਕਰ ਕਿਸੇ ਵੀ ਨਾਗਰਿਕ ਨੂੰ ਕੋਈ ਦਾਅਵਾ ਤੇ ਇਤਰਾਜ਼ ਹੋਵੇ ਤਾਂ ਉਹ 14 ਅਕਤੂਬਰ 2015 ਤੱਕ ਪੇਸ਼ ਕਰ ਸਕਦਾ ਹੈ। ਸ. ਸੰਧੂ ਨੇ ਦੱਸਿਆਂ ਕਿ ਵੋਟਰ ਸੂਚੀਆਂ ਸਬੰਧੀ ਦਾਅਵੇ ਅਤੇ ਇਤਰਾਜ ਪ੍ਰਾਪਤ ਕਰਨ ਲਈ 20 ਸਤੰਬਰ ਅਤੇ 4 ਅਕਤੂਬਰ 2015 ਨੂੰ ਸਪੈਸ਼ਲ ਕੈਂਪ ਵੀ ਪੋਲਿੰਗ ਬੂਥ ਸਟੇਸ਼ਨ ‘ਤੇ ਲਗਾਏੇ ਜਾਣਗੇ, ਜਿਥੇ ਬੀ. ਐਲ. ਓ ਇਹ ਦਾਅਵੇ ਅਤੇ ਇਤਰਾਜ ਪ੍ਰਾਪਤ ਕਰਨਗੇ। ਉਨ੍ਹਾਂ ਅੱਗੇ ਕਿਹਾ ਕਿ ਪ੍ਰਾਪਤ ਹੋਏ ਦਾਅਵੇ ਅਤੇ ਇਤਰਾਜਾਂ ਦਾ ਨਿਪਟਾਰਾ 16 ਨਵੰਬਰ 2015 ਨੂੰ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜਿਹੜੇ ਯੋਗ ਵੋਟਰ 1 ਜਨਵਰੀ 2016 ਨੂੰ ਯੋਗਤਾ ਮਿਤੀ ਦੇ ਆਧਾਰ ‘ਤੇ ਆਪਣੀ ਉਮਰ 18 ਸਾਲ ਪੂਰੀ ਕਰਨਗੇ, ਉਨ੍ਹਾਂ ਪਾਸੋਂ ਵੀ ਨਵੀਂ ਵੋਟ ਬਣਾਉਣ ਲਈ ਫਾਰਮ ਸਬੰਧਿਤ ਜ਼ਿਲ੍ਹੇ ਦੇ ਬੀ. ਐਲ. ਓਜ਼ ਵੱਲੋਂ ਪ੍ਰਾਪਤ ਕੀਤੇ ਜਾਣਗੇ ਤਾਂ ਜੋ ਨਵੇਂ ਬਣੇ ਵੋਟਰ ਵੀ ਚੋਣਾ ਦੌਰਾਨ ਆਪਣੀ ਵੋਟ ਦੀ ਵਰਤੋ ਕਰ ਸਕਣ। ਉਨ੍ਹਾਂ ਅੱਗੇ ਦੱਸਿਆ ਕਿ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ 11 ਜਨਵਰੀ 2016 ਨੂੰ ਕੀਤੀ ਜਾਵੇਗੀ।
ਇਸ ਮੌਕੇ ਉਨ੍ਹਾਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਿਹਾ ਕਿ ਉਹ ਆਪਣੇ ਬੂਥ ਲੈਵਲ ਏਜੰਟ (ਬੀ. ਐਲ. ਏ) ਜ਼ਰੂਰ ਲਗਾਉਣ ਤਾਂ ਜੋ ਇਹ ਕੰਮ ਪੂਰੇ ਪਾਰਦਰਸ਼ੀ ਢੰਗ ਨਾਲ ਸਿਰੇ ਚਾੜ੍ਹਿਆ ਜਾ ਸਕੇ। ਉਨ੍ਹਾਂ ਕਿਹਾ ਕਿ ਵੋਟਰ ਸੂਚੀ ਵਿਚ ਨਾਮ ਸ਼ਾਮਿਲ ਕਰਵਾਉਣ ਲਈ ਫਾਰਮ 6, ਦਰਜ ਇੰਦਰਾਜਾਂ ਤੇ ਇਤਰਾਜ ਲਈ ਫਾਰਮ 7, ਵੇਰਵਿਆਂ ਦੀ ਦਰੁਸਤੀ ਲਈ ਫਾਰਮ 8 ਅਤੇ ਇਕ ਹੀ ਚੋਣ ਹਲਕੇ ਵਿਚ ਇਕ ਪੋਲਿੰਗ ਸਟੇਸ਼ਨ ਤੋਂ ਦੂਜੇ ਪੋਲਿੰਗ ਸਟੇਸ਼ਨਾਂ ਵਿਚ ਇੰਦਰਾਜ ਦੀ ਤਬਦੀਲੀ ਲਈ ਫਾਰਮ 8 ੳ ਭਰਿਆ ਜਾ ਸਕਦਾ ਹੈ। ਇਸ ਮੌਕੇ ਹਾਜ਼ਰ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਵਿਚ ਹਰਿੰਦਰ ਸਿੰਘ ਸੰਧੂ, ਕਾਬਲ ਸਿੰਘ, ਰਿਸ਼ੀ ਅਰੋੜਾ, ਰਾਜੀਵ ਭਗਤ, ਤਾਰਾ ਚੰਦ ਭੋਗਲ, ਬਲਵਿੰਦਰ ਸਿੰਘ ਤੁੰਗ, ਨਰਿੰਦਰ ਸਿੰਘ ਧੰਜਲ, ਸੁਰਿੰਦਰ ਸਿੰਘ ਅਟਾਰੀ ਅਤੇ ਮਨਜੀਤ ਸਿੰਘ ਆਦਿ ਸ਼ਾਮਿਲ ਸਨ।

Check Also

ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …

Leave a Reply