ਵੱਖ ਵੱਖ ਲਿਖਾਰੀਆਂ ਤੇ ਵਿਦਵਾਨਾਂ ਨੇ ਪਰਚੇ ਪੜ੍ਹੇ
ਬਟਾਲਾ, 16 ਸਤੰਬਰ (ਨਰਿੰਦਰ ਬਰਨਾਲ)-ਪੰਜਾਬੀ ਸਾਹਿਬ ਅਕਾਡਮੀ, ਲੁਧਿਆਣਾ ਦੇ ਸਹਿਯੋਗ ਨਾਲ ਪੰਜਾਬੀ ਲੋਕ ਲਿਖਾਰੀ ਮੰਚ, ਬਟਾਲਾ ਵੱਲੋਂ ਡਾ. ਰਵਿੰਦਰ ਦੀ ਛੇਵੀਂ ਕਾਵਿ- ਕਿਤਾਬ ‘ਭਰਿਆ ਹੈ ਮੇਰਾ ਅਸਮਾਨ’ ‘ਤੇ ਇੱਕ ਸਫਲ ਕਾਵਿ-ਗੋਸ਼ਟੀ ਦਾ ਆਯੋਜਨ ਕੀਤਾ ਗਿਆ। ਜਿਸ ਦੀ ਪ੍ਰਧਾਨਗੀ ਪੂਰਨ ਪਿਆਸਾ, ਪ੍ਰੋ. ਅਤੈ ਸਿੰਘ ਤੇ ਡਾ. ਰਵਿੰਦਰ, ਪ੍ਰਿੰ.ਅਵਤਾਰ ਸਿੰਘ ਸਿੱਧੂ, ਡਾ.ਬਲਜੀਤ ਰਿਆੜ ਤੇ ਡਾ.ਅਨੂਪ ਸਿੰਘ ਨੇ ਕੀਤੀ। ਪੰਜਾਬੀ ਸਾਹਿਤ ਅਕਾਡਮੀ ਦੇ ਜਨਰਲ ਸਕੱਤਰ ਨੇ ਪ੍ਰੋਗਰਾਮ ਦੀ ਰੂਪ ਰੇਖਾ ਸਾਂਝੀ ਕਰਦਿਆਂ ਇਸ ਕਾਵਿ ਸਮਾਗਮ ਵਿੱਚ ਪਹੁੰਚੇ ਸਾਰੇ ਵਿਦਵਾਨਾਂ, ਸਾਹਿਤਕਾਰਾਂ, ਸ਼ਾਇਰਾਂ ਤੇ ਹੋਰ ਸਖਸ਼ੀਅਤਾਂ ਦਾ ਧੰਨਵਾਦ ਕੀਤਾ। ਉੱਘੇ ਅਧਿਆਤਮਵਾਦੀ ਕਵੀ ਅਤੇ ਵਿਸ਼ਵ ਪ੍ਰਸਿੱਧ ਰੋਗਾਂ ਦੇ ਮਾਹਿਰ ਡਾ.ਜਸਵੰਤ ਸਿੰਘ ਨੇਕੀ ਅਤੇ ਬਟਾਲਾ ਦੇ ਜੰਮਪਲ ਤੇ ਪੰਜਾਬ ਯੂਨੀਵਰਸਿਟੀ ਦੇ ਲੰਮਾਂ ਸਮਾਂ ਸੈਕੇਟਰ ਤੇ ਸਿੰਡੀਕੇਟ ਦੇ ਮੈਂਬਰ ਸ੍ਰੀ ਗੋਪਾਲ ਕ੍ਰਿਸ਼ਨ ਚਤੁਰਥ ਨੂੰ ਦੋ ਮਿੰਟ ਮੌਨ ਧਾਰ ਕੇ ਸ਼ਰਧਾਂਜਲੀ ਅਰਪਿਤ ਕੀਤੀ ਗਈ। ਡਾ.ਰਵਿੰਦਰ ਨੇ ਵਿਚਾਰ ਅਧੀਨ ਸੰਗ੍ਰਹਿ ਪਹਿਲਾ ਪੇਪਰ, ਉੱਘੇ ਵਿਦਵਾਨ ਪ੍ਰੋ. ਅਤੈ ਸਿੰਘ ਨੇ ਪੇਸ਼ ਕਰਦਿਆਂ ਪੁਸਤਕ ਵਿਚਲੀ ਸ਼ਾਇਰੀ ਨੂੰ ਸਵੈ-ਸੰਵਾਦ, ਸਵੈ- ਸਿਰਜਣ ਤੇ ਸਮੂਹ ਨਾਲ ਸੰਵਾਦ ਰਚਾਉਣ ਵਾਲੀ ਦੱਸਿਆ। ਉਨਾਂ ਕਿਹਾ ਕਿ ਧੀਮੀ ਸੁਰ ਉਸ ਦੀ ਕਵਿਤਾ ਦਾ ਪਛਾਨ ਚਿੰਨ ਹੈ। ਸਹਿਜ ਸਿਰਜਣ ਉਸ ਦੀ ਕਾਵਿਕ ਪੇਸ਼ਕਾਰੀ ਦਾ ਇੱਕ ਹੋਰ ਲੱਛਣ ਹੈ। ਵਿਚਾਰ ਅਧੀਨ ‘ਭਰਿਆ ਹੈ ਮੇਰਾ ਅਸਮਾਨ’ ਉਪਰ ਗੁਰੂ ਨਾਨਕ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਤਾਇਨਾਤ ਨੌਜਵਾਨ ਪ੍ਰਤਿਭਾਵਾਨ ਅਲੋਚਕ ਡਾ.ਬਲਜੀਤ ਕੌਰ ਰਿਆੜ ਨੇ ਆਪਣੇ ਪੇਪਰ ਵਿੱਚ ਕਿਹਾ ਕਿ ਮਾਨਵੀ ਤੇ ਸਮਾਜਿਕ ਸਰੋਕਾਰਾਂ ਨੂੰ ਡਾ.ਰਵਿੰਦਰ ਨੇ ਬੇਹੱਦ ਖੁੂਬਸੂਰਤੀ ਨਾਲ ਪੇਸ਼ ਕੀਤਾ ਹੈ। ਸ਼ਾਇਰ ਆਪਣੇ ਵਿਰੋਸੇ ਵਿੱਚੋਂ ਚਿੰਨਾਂ ਤੇ ਬਿੰਬਾਂ ਨੂੰ ਸਮਕਾਲੀ ਯਥਾਰਥ ਦੀ ਕਲਾਤਮਕ ਕਵਿਤਾ ਪ੍ਰਦਾਨ ਕਰਦੀ ਹੈ। ਉਨਾਂ ਦੀ ਕਵਿਤਾ ਵਿੱਚ ਬਦਲਦੇ ਰੋਲ ਮਾਡਲਾਂ ਦਾ ਜ਼ਿਕਰ ਕਰਦੀ ਹੈ। ਇਸ ਵਿਚਾਰ-ਚਰਚਾ ਵਿੱਚ ਭਾਗ ਲੈਦਿਆਂ ਉਘੇ ਵਿਦਵਾਨ ਕਵੀ ਡਾ.ਸ਼ਹਰਯਾਰ ਤੇ ਸ੍ਰੀ ਜਸਵੰਤ ਹਾਂਸ ਅਤੇ ਡਾ.ਨਰੇਸ਼ ਕੁਮਾਰ ਤੇ ਡਾ.ਅਨੂਪ ਸਿੰਘ ਨੇ ਕਾਵਿ ਪੁਸਤਕ ਤੇ ਪੇਸ਼ ਪੇਪਰਾਂ ਬਾਰੇ ਕਈਂ ਮੁੱਲਵਾਨ ਤੇ ਅਰਥ ਭਰਪੂਰ ਨੁਕਤੇ ਪੇਸ਼ ਕੀਤੇ। ਵਿਚਾਰ ਚਰਚਾ ਨੂੰ ਸਮੇਟਦਿਆਂ ਡਾ. ਰਵਿੰਦਰ ਦੀ ਸ਼ਾਇਰੀ ਨੂੰ ਪ੍ਰਿੰ.ਅਵਤਾਰ ਸਿੰਘ ਸਿੱਧੂ ਨੇ ਕਿਹਾ ਕਿ ਵਿਅਕਤੀ ਦੀਆਂ ਸੂਖਮ ਤੋਂ ਸੂਖਮ ਭਾਵਨਾਵਾਂ ਨੂੰ ਸਮਝਣ ਤੇ ਪੇਸ਼ ਕਰਨ ਦਾ ਸਮਰੱਥ ਹੈ। ਡਾ. ਰਵਿੰਦਰ ਦੀ ਹਰੇਕ ਕਵਿਤਾ ਮੁਕੰਮਲ ਤੇ ਸਮਰੱਥ ਕਵਿਤਾ ਹੈ, ਉਸ ਦੀ ਕਵਿਤਾ ਵਿੱਚ ਇੱਕ ਨਿਰੰਤਰਤਾ ਬਣੀ ਹੋਈ ਹੈ। ਉਸ ਦੀ ਸ਼ਾਇਰੀ ਤੇ ਸਖਸ਼ੀਅਤ ਵਿੱਚ ਇੱਕ ਸੁਮੇਲ ਹੈ। ਪ੍ਰਧਾਨਗੀ ਭਾਸ਼ਣ ਵਿੱਚ ਸਾਬਕਾ ਕਰ ਤੇ ਆਬਕਾਰੀ ਕਮਿਸ਼ਨਰ ਪੂਰਨ ਪਿਆਸਾ ਨੇ ਡਾ. ਰਵਿੰਦਰ ਦੀ ਸ਼ਾਇਰੀ ਨੂੰ ਖੁੂਬਸੂਰਤ ਮਨੁੱਖ ਦੀਆਂ ਸੱਚੀਆਂ-ਸੁੱਚੀਆਂ ਭਾਵਨਾਵਾਂ ਤੇ ਸੂਖਮ ਅਹਿਸਾਸਾਂ ਦਾ ਸ਼ਾਬਦਿਕ ਚਿਤ੍ਰਣ ਦੱਸਿਆ। ਡਾ.ਰਵਿੰਦਰ ਨੇ ਪੰਜਾਬੀ ਸਾਹਿਤ ਅਕਾਡਮੀ ਤੇ ਪੰਜਾਬੀ ਲੋਕ ਲਿਖਾਰੀ ਮੰਚ, ਬਟਾਲਾ ਦਾ ਧੰਨਵਾਦ ਕਰਦਿਆਂ ਆਪਣੇ ਕਵਿਕ ਸਫ਼ਰ ਬਾਰੇ ਸੰਖੇਪ ਜਾਣਕਾਰੀ ਦਿੱਤੀ ਅਤੇ ਕਾਵਿ ਕਿਤਾਬ ‘ਚੋਂ ਇੱਕ ਨਜ਼ਮ ਪੇਸ਼ ਕੀਤੀ।
ਇਸ ਮੌਕੇ ਦੇਵਿੰਦਰ ਦਿਦਾਰ, ਸੁਖਦੇਵ ਸਿੰਘ ਪ੍ਰੇਮੀ, ਸੁਰਿੰਦਰ ਸਿੰਘ ਨਿਮਾਣਾ, ਵਰਮਿਸ ਸਲਾਮਤ, ਸੁਲਤਾਨ ਭਾਰਤੀ, ਸ਼ਰਨਜੀਤ ਸਿੰਘ, ਅਜੀਤ ਕਮਲ, ਤਲਵਿੰਦਰ ਕੌਰ, ਸਿਮਰਤ ਸੁਮੈਰਾ, ਮਹਿੰਦਰ ਕੌਰ, ਰੋਜ਼ੀ ਸਿੰਘ, ਪ੍ਰਿੰ.ਰਘਬੀਰ ਸਿੰਘ ਸੋਹਲ, ਕਰਨੈਲ ਸਿੰਘ ਮਸਾਣੀਆ, ਹਰਜਿੰਦਰ ਸਿੰਘ, ਬਲਵਿੰਦਰ ਗੰਭੀਰ, ਨਰਿੰਦਰ ਸਿੰਘ ਸੰਘਾ, ਸੁੱਚਾ ਸਿੰਘ ਰੰਧਾਵਾ, ਗੁਰਬਚਨ ਸਿੰਘ ਬਾਜਵਾ, ਕੁਲਬੀਰ ਸਿੰਘ ਸੱਗੁੂ, ਓਮ ਪ੍ਰਕਾਸ਼ ਭਗਤ,ਸੋਮ ਸਿੰਘ, ਸੂਬਾ ਸਿੰਘ ਖਹਿਰਾ, ਬਲਦੇਵ ਸਿੰਘ ਰੰਧਾਵਾ, ਵਿਨੋਦ ਸ਼ਾਇਰ, ਹੈਪੀ ਸੁਰਮਾ ਮੁਹੱਲਾ, ਹੀਰਾ ਮਿਸ਼ਰਪੂੁਰੀਆ, ਸੁੱਚਾ ਸਿੰਘ ਨਾਗੀ, ਹਰਪਾਲ ਸਿੰਘ ਨਾਗਰਾ, ਗੁਰਮੇਜ ਸਿੰਘ, ਸੁਲੱਖਣ ਗਿੱਲ, ਮੁਖਤਾਰ ਸਿੰਘ ਦਬੁਰਜੀ, ਵਿਜੇ ਅਗਨੀਹੋਤਰੀ, ਰਾਜ ਸ਼ਰਮਾ, ਪਰਮਜੀਤ ਕੌਰ ਆਦਿ ਸ਼ਾਮਿਲ ਸਨ।
Punjab Post Daily Online Newspaper & Print Media
