Friday, March 13, 2026

ਰਣੀਕੇ ਵੱਲੋਂ ਅੰਮ੍ਰਿਤਸਰ ਵਿੱਚ ਡੇਅਰੀ ਵਿਕਾਸ ਲਈ 165 ਕਰੋੜ ਦੇ ਪ੍ਰਾਜੈਕਟ ਦੀ ਸ਼ੁਰੂਆਤ

ਬੈਂਕਾਂ ਨੂੰ ਪਸ਼ੂ ਪਾਲਕਾਂ ਲਈ ਸੁਖਾਲ਼ੀ ਕਰਜ਼ਾ ਵਿਵਸਥਾ ਅਮਲ ਵਿੱਚ ਲਿਆਉਣ ‘ਤੇ ਜ਼ੋਰ

PPN1709201516

ਅੰਮ੍ਰਿਤਸਰ, 17 ਸਤੰਬਰ (ਗੁਰਚਰਨ ਸਿੰਘ) – ਪੰਜਾਬ ਦੇ ਡੇਅਰੀ ਵਿਕਾਸ ਅਤੇ ਪਸ਼ੂ ਪਾਲਣ ਮੰਤਰੀ ਸ. ਗੁਲਜ਼ਾਰ ਸਿੰਘ ਰਣੀਕੇ ਨੇ ਅੱਜ ਨਾਬਾਰਡ ਦੇ ਸਹਿਯੋਗ ਨਾਲ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਡੇਅਰੀ ਵਿਕਾਸ ਲਈ 165 ਕਰੋੜ ਰੁਪਏ ਦੇ ਪ੍ਰਾਜੈਕਟ ਦੀ ਰਸਮੀ ਸ਼ੁਰੂਆਤ ਕਰਦਿਆਂ ਕਿਹਾ ਕਿ ਇਸ ਨਾਲ 2000 ਦਰਮਿਆਨੇ ਪਸ਼ੂ ਪਾਲਕਾਂ ਨੂੰ ਜਿਥੇ ਬੈਂਕਾਂ ਤੋਂ ਆਸਾਨ ਢੰਗ ਨਾਲ ਕਰਜ਼ਾ ਮੁਹੱਈਆ ਕਰਵਾਇਆ ਜਾਵੇਗਾ, ਉਥੇ ਨਾਲ ਹੀ ਜ਼ਿਲ੍ਹੇ ਵਿਚ ਵਿਸ਼ਵ ਪੱਧਰੀ 50 ਵੱਡੇ ਪੱਧਰ ਦੀਆਂ ਵਪਾਰਕ ਡੇਅਰੀਆਂ ਵੀ ਵਿਕਸਤ ਕੀਤੀਆਂ ਜਾਣਗੀਆਂ।
ਏਅਰੀ ਵਿਭਾਗ ਅਤੇ ਨਾਬਾਰਡ ਦੇ ਸਾਂਝੇ ਉਦਮ ਸਦਕਾ ਰੱਖੀ ਇਕ ਰੋਜ਼ਾ ਵਰਕਸ਼ਾਪ ਦੀ ਪ੍ਰਧਾਨਗੀ ਕਰਦਿਆਂ ਸ. ਰਣੀਕੇ ਨੇ ਕਿਹਾ ਕਿ ਪੰਜਾਬ ਖੇਤੀ ਵਿਭਿੰਨਤਾ ਦੇ ਖੇਤਰ ਵਿਚ ਇਕ ਮੋਹਰੀ ਸੂਬਾ ਵਜੋਂ ਉਭਰ ਰਿਹਾ ਹੈ, ਜਿਸ ਵਿਚ ਡੇਅਰੀ, ਮੱਛੀ ਪਾਲਣ, ਸੂਰ ਪਾਲਣ ਅਤੇ ਹੋਰ ਸਹਾਇਕ ਖੇਤੀ ਧੰਦਿਆਂ ਦਾ ਵਿਸ਼ੇਸ਼ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਅੱਜ ਸ਼ੁਰੂ ਹੋਏ 165 ਕਰੋੜ ਰੁਪਏ ਦੇ ਪ੍ਰਾਜੈਕਟ ਤਹਿਤ ਇਸ ਸਰਹੱਦੀ ਜ਼ਿਲ੍ਹੇ ਦੇ ਦਸਵੀਂ ਤੇ ਬਾਰ੍ਹਵੀਂ ਪਾਸ ਬੇਰੁਜ਼ਗਾਰ ਨੌਜਵਾਨਾਂ ਨੂੰ ਆਸਾਨ ਢੰਗ ਨਾਲ ਕਰਜ਼ਾ ਮੁਹੱਈਆ ਕਰਵਾ ਕੇ ਡੇਅਰੀ ਖੇਤਰ ਵਿਚ ਉਤਾਰਿਆ ਜਾਵੇਗਾ, ਤਾਂ ਜੋ ਉਹ ਆਪਣੇ ਪੈਰੀਂ ਹੋ ਸਕਣ। ਉਨ੍ਹਾਂ ਕਿਹਾ ਕਿ ਦੁੱਧ ਉਤਪਾਦਨ ਦੀ ਗੁਣਵੱਤਾ ‘ਤੇ ਜ਼ੋਰ ਦੇਣਾ ਸਮੇਂ ਦੀ ਮੁੱਖ ਲੋੜ ਹੈ ਅਤੇ ਨਾਬਾਰਡ ਰਾਹੀਂ ਸ਼ੁਰੂ ਕੀਤੇ ਜਾ ਰਹੇ ਇਸ ਪ੍ਰਾਜੈਕਟ ਵਿਚ ਇਸ ਗੱਲ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੌਜੂਦਾ ਦੌਰ ਵਿੱਚ ਮੁੱਖ ਫ਼ਸਲਾਂ ਦੀ ਖੇਤੀ ਕੋਈ ਸੁਖਾਲਾ ਕੰਮ ਨਹੀਂ ਹੈ, ਜਿਸ ਕਾਰਨ ਵਿਭਿੰਨਤਾ ਕਿਸਾਨ ਅਤੇ ਕਿਸਾਨੀ ਲਈ ਨਵੀਂ ਦਿਸ਼ਾ ਸਾਬਤ ਹੋ ਸਕਦੀ ਹੈ।
ਵਰਕਸ਼ਾਪ ਵਿਚ ਹਾਜ਼ਰ ਵੱਖ-ਵੱਖ ਬੈਂਕਾਂ ਦੇ ਉੱਚ ਅਧਿਕਾਰੀਆਂ ਨੂੰ ਅਪੀਲ ਕਰਦਿਆਂ ਸ. ਰਣੀਕੇ ਨੇ ਕਿਹਾ ਕਿ ਛੋਟੇ ਪਸ਼ੂ ਪਾਲਕਾਂ ਤੋਂ ਲੈ ਕੇ ਡੇਅਰੀ ਖੇਤਰ ਦੇ ਵੱਡੇ ਤੇ ਅਗਾਂਹਵਧੂ ਕਿਸਾਨਾਂ ਨੂੰ ਕਰਜ਼ਾ ਬਿਨਾਂ ਕਿਸੇ ਖੱਜਲ-ਖੁਆਰੀ ਅਤੇ ਸੁਖ਼ਾਲ਼ੇ ਢੰਗ ਨਾਲ ਮੁਹੱਈਆ ਕਰਵਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ ਦੀ ਵਸੋਂ ਦਾ ਸਿਰਫ ਦੋ ਫੀਸਦੀ ਹਿੱਸਾ ਹੋਣ ਦੇ ਬਾਵਜੂਦ 9 ਫੀਸਦੀ ਤੋਂ ਵੱਧ ਦੁੱਧ ਉਤਪਾਦਨ ਕਰ ਰਿਹਾ ਹੈ ਅਤੇ ਡੇਅਰੀ ਕਿਸਾਨਾਂ ਨੂੰ ਸਾਨੂੰ ਵੱਧ ਤੋਂ ਵੱਧ ਉਤਸ਼ਾਹਿਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਦੇਸ਼ ਵਿਚ ਦੁੱਧ ਉਤਪਾਦਨ ਦੇ ਖੇਤਰ ਵਿਚ ਇਕ ਮੋਹਰੀ ਸੂਬੇ ਵਜੋਂ ਉਭਰ ਆਵੇਗਾ। ਉਨ੍ਹਾਂ ਕਿਹਾ ਕਿ ਨਾਬਾਰਡ ਅਤੇ ਜ਼ਿਲ੍ਹਾ ਪ੍ਰਸ਼ਾਸਨ ਡੇਅਰੀ ਵਿਕਾਸ ਦੇ ਖੇਤਰ ਵਿਚ ਇਸ ਸਾਂਝੇ ਉਦਮ ਨੂੰ ਵੱਡੀ ਕਾਮਯਾਬੀ ਬਣਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ।
ਇਸ ਦੌਰਾਨ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੇ ਨਾਬਾਰਡ ਤੋਂ ਆਏ ਸੀਨੀਅਰ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਸ. ਰਣੀਕੇ ਨੂੰ ਭਰੋਸਾ ਦਿਵਾਇਆ ਕਿ ਇਹ ਪ੍ਰਾਜੈਕਟ ਜ਼ਿਲ੍ਹੇ ਵਿਚ ਇੰਨ-ਬਿੰਨ ਲਾਗੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਹੰਭਲਾ ਸਰਹੱਦੀ ਜ਼ਿਲ੍ਹੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਆਪਣੇ ਪੈਰਾਂ ‘ਤੇ ਖੜ੍ਹਾ ਕਰਨ ਲਈ ਇਕ ਮੀਲ ਪੱਥਰ ਸਾਬਿਤ ਹੋਵੇਗਾ।
ਨਾਬਾਰਡ ਦੇ ਚੀਫ ਜਨਰਲ ਮੈਨੇਜਰ ਡਾ. ਪੀ. ਐਨ ਗੋਹਲੇ ਨੇ ਪੰਜਾਬ ਦੇ ਦੁੱਧ ਉਤਪਾਦਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਡੇਅਰੀ ਕਿਸਾਨਾਂ ਨੂੰ ਕਰਜ਼ਾ ਮੁਹੱਈਆ ਕਰਵਾਉਣ ਲਈ ਨਾਬਾਰਡ ਕੋਈ ਕਸਰ ਬਾਕੀ ਨਹੀਂ ਛੱਡੇਗਾ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਦਾ ਪ੍ਰਾਜੈਕਟ ਪਿਛਲੇ ਸਾਲ ਲੁਧਿਆਣਾ ਅਤੇ ਰੋਪੜ ਵਿਚ ਸ਼ੁਰੂ ਕੀਤਾ ਗਿਆ ਸੀ ਅਤੇ ਜਲਦ ਹੀ ਉਹ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਵੀ ਇਸ ਨੂੰ ਲੈ ਕੇ ਜਾ ਰਹੇ ਹਨ। ਇਸ ਤੋਂ ਪਹਿਲਾਂ ਨਾਬਾਰਡ ਦੇ ਡਿਪਟੀ ਜਨਰਲ ਮੈਨੇਜਰ ਡਾ. ਐਮ ਵਿਸ਼ਵਾਸ, ਸਹਾਇਕ ਜਨਰਲ ਮੈਨੇਜਰ ਮੈਡਮ ਜਸਵਿੰਦਰ ਕੌਰ ਬੇਦੀ ਅਤੇ ਡੇਅਰੀ ਵਿਭਾਗ ਪੰਜਾਬ ਦੇ ਡਾਇਰੈਕਟਰ ਸ. ਇੰਦਰਜੀਤ ਸਿੰਘ ਨੇ ਵੀ ਡੇਅਰੀ ਵਿਕਾਸ ਸਬੰਧੀ ਆਪਣੇ ਵਿਚਾਰ ਰੱਖੇ ਅਤੇ ਆਏ ਹੋਏ ਅਗਾਂਹਵਧੂ ਕਿਸਾਨਾਂ ਦੇ ਵਿਚਾਰ ਸੁਣੇ।

Check Also

ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ

ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …

Leave a Reply