Friday, March 13, 2026

ਯੂਨੀਵਰਸਿਟੀ ਵਿਖੇ ਭਾਈ ਵੀਰ ਸਿੰਘ ਦੀ ਪੰਜਾਬੀ ਸਾਹਿਤ ਨੂੰ ਦੇਣ ਵਿਸ਼ੇ ‘ਤੇ ਵਿਸ਼ੇਸ਼ ਭਾਸ਼ਣ

PPN1709201518

ਅੰਮ੍ਰਿਤਸਰ, 17 ਸਤੰਬਰ ( ਚਰਨਜੀਤ ਸਿੰਘ ਛੀਨਾ, ਸੁਖਬੀਰ ਖੁਰਮਨੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵੱਲੋਂ ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਨ ”ਭਾਈ ਵੀਰ ਸਿੰਘ ਦੀ ਪੰਜਾਬੀ ਸਾਹਿਤ ਨੂੰ ਦੇਣ” ਵਿਸ਼ੇ ਉਪਰ ਕਰਵਾਇਆ ਗਿਆ। ਇਹ ਭਾਸ਼ਨ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪ੍ਰੋਫ਼ੈਸਰ ਜਸਵਿੰਦਰ ਸਿੰਘ ਨੇ ਦਿੱਤਾ।
ਉਨ੍ਹਾਂ ਭਾਈ ਵੀਰ ਸਿੰਘ ਦੇ ਜੀਵਨ ਅਤੇ ਸ਼ਖ਼ਸੀਅਤ ਦੇ ਵਿਭਿੰਨ ਪਾਸਾਰਾਂ ਉਪਰ ਰੋਸ਼ਨੀ ਪਾਈ। ਭਾਈ ਵੀਰ ਸਿੰਘ ਦੀ ਸਾਹਿਤਕ ਸ਼ਖ਼ਸੀਅਤ ਦੇ ਵਿਭਿੰਨ ਪਾਸਾਰਾਂ ਨੂੰ ਖੋਲ੍ਹਦਿਆਂ ਉਨ੍ਹਾਂ ਦੁਆਰਾ ਸਾਹਿਤ ਦੇ ਵਿਭਿੰਨ ਖੇਤਰਾਂ ਜਿਵੇਂ ਖੋਜ, ਕਵਿਤਾ, ਨਾਵਲ, ਨਾਟਕ, ਵਾਰਤਕ ਅਤੇ ਸੰਪਾਦਨਾ ਦੇ ਖੇਤਰ ਵਿਚ ਕੀਤੀਆਂ ਪਹਿਲ ਕਦਮੀਆਂ ਨੂੰ ਉਭਾਰਿਆ। ਉਹਨਾਂ ਭਾਈ ਵੀਰ ਸਿੰਘ ਦੀ ਰਚਨਾ ਸੁੰਦਰੀ ਦੇ ਇਤਿਹਾਸਕ ਮਹੱਤਵ ਨੂੰ ਉਭਾਰਦੇ ਹੋਏ ਇਸਦੀ ਅੱਜ ਦੇ ਸੰਦਰਭ ਵਿਚ ਵਿਆਖਿਆ ਕੀਤੀ। ਉਨ੍ਹਾਂ ਭਾਈ ਵੀਰ ਸਿੰਘ ਨੂੰ ਛੋਟੀਆਂ ਕਵਿਤਾਵਾਂ ਦਾ ਵੱਡੀ ਕਵੀ ਦੱਸਿਆ। ਇਸ ਤੋਂ ਇਲਾਵਾ ਉਨ੍ਹਾਂ ਭਾਈ ਵੀਰ ਸਿੰਘ ਦੀ ਕਵਿਤਾ ਵਿਚ ਉਨ੍ਹਾਂ ਦੀ ਪ੍ਰਕ੍ਰਿਤੀ ਚਿਤਰਣ ਦੀ ਸਮਰਥਾ ਨੂੰ ਲਾਮਿਸਾਲੀ ਦੱਸਿਆ। ਉਨ੍ਹਾਂ ਨੇ ਖੋਜ ਅਤੇ ਸੰਪਾਦਨਾ ਦੇ ਖੇਤਰਾਂ ਵਿਚ ਵੀ ਭਾਈ ਵੀਰ ਸਿੰਘ ਦੁਆਰਾ ਕੀਤੇ ਗਏ ਮੁੱਲਵਾਨ ਕਾਰਜਾਂ ਨੂੰ ਸਾਹਮਣੇ ਲਿਆਂਦਾ। ਉਨ੍ਹਾਂ ਦੀ ਧਾਰਨਾ ਹੈ ਕਿ ਭਾਈ ਵੀਰ ਸਿੰਘ ਦੇ ਸਮੁੱਚੇ ਕਾਰਜ ਨੇ ਮੱਧਕਾਲੀਨ ਅਤੇ ਆਧੁਨਿਕ ਪੰਜਾਬੀ ਸਾਹਿਤ ਵਿਚਾਲੇ ਇੱਕ ਸ਼ਕਤੀਸ਼ਾਲੀ ਪੁਲ ਦੀ ਭੂਮਿਕਾ ਅਦਾਅ ਕੀਤੀ।
ਪ੍ਰਸਿੱਧ ਸਮਾਜ ਸ਼ਾਸਤਰੀ ਅਤੇ ਨਾਵਲਕਾਰ ਡਾ. ਪਰਮਜੀਤ ਸਿੰਘ ਡੀਨ ਅਕਾਦਮਿਕ ਮਾਮਲੇ ਨੇ ਇਸ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਭਾਈ ਵੀਰ ਸਿੰਘ ਦੀ ਗਲਪ ਰਚਨਾ ਦੇ ਅਣਗੌਲੇ ਅਤੇ ਅਹਿਮ ਨੁਕਤਿਆਂ ਨੂੰ ਛੋਹਿਆ। ਉਨ੍ਹਾਂ ਭਾਈ ਵੀਰ ਸਿੰਘ ਦੇ ਦੋ ਸ਼ਾਹਕਾਰ ਨਾਵਲ ਸੁੰਦਰੀ ਅਤੇ ਬਾਬਾ ਨੌਧ ਸਿੰਘ ਬਾਰੇ ਕੁਝ ਮੌਲਿਕ ਅਤੇ ਮੁੱਲਵਾਨ ਧਾਰਨਾਵਾਂ ਪੇਸ਼ ਕੀਤੀਆਂ। ਇਸ ਸਮਾਗਮ ਦੇ ਕੋਆਰਡੀਨੇਟਰ ਡਾ. ਗੁਰਮੀਤ ਸਿੰਘ, ਪ੍ਰੋਫ਼ੈਸਰ ਅਤੇ ਮੁਖੀ, ਪੰਜਾਬੀ ਅਧਿਐਨ ਸਕੂਲ ਨੇ ਮੰਚ ਸੰਚਾਲਨ ਦੇ ਨਾਲ ਨਾਲ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਅਤੇ ਕਾਲਜਾਂ ਤੋਂ ਆਏ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।

Check Also

ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …

Leave a Reply