Friday, March 6, 2026

ਆਲ ਇੰਡੀਆ ਪੰਥਕ ਫੋਰਮ ਵਲੋਂ ਡਾ. ਜਸਪਾਲ ਸਿੰਘ ਦਾ ਸਨਮਾਨ

PPN2109201507

ਨਵੀਂ ਦਿੱਲੀ, 21 ਸਤੰਬਰ (ਅੰਮ੍ਰਿਤ ਲਾਲ ਮੰਨਣ) – ਆਲ ਇੰਡੀਆ ਪੰਥਕ ਫੋਰਮ ਵਲੋਂ ਡਾ. ਜਸਪਾਲ ਸਿੰਘ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਸਾਹਿਤ ਅਕੈਡਮੀ ਵਲੋਂ ਭਾਸ਼ਾ ਸਨਮਾਨ ਪੁਰਸਕਾਰ ਮਿਲਣ ਤੇ ਨਾਗਰਿਕ ਸਨਮਾਨ ਕੀਤਾ ਗਿਆ। ਕਾਨਸਟੀਟਿਯੂਸ਼ਨ ਕਲੱਬ, ਰਫੀ ਮਾਰਗ, ਵਿੱਖੇ ਹੋਏ ਇਸ ਪ੍ਰੋਗਰਾਮ ਵਿੱਚ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ, ਰਾਜਸਭਾ ਮੈਂਬਰ ਜਨਾਰਦਨ ਦ੍ਰਿਵੇਦੀ, ਨਰੇਸ਼ ਗੁਜਰਾਲ ਨੇ ਡਾ. ਜਸਪਾਲ ਸਿੰਘ ਜੀ ਦੁਆਰਾ ਪੰਜਾਬੀ ਸਾਹਿਤ ਦੇ ਪ੍ਰਚਾਰ ਤੇ ਪ੍ਰਸਾਰ ਲਈ ਕੀਤੇ ਕੰਮਾਂ ਲਈ ਸ਼ਲਾਘਾ ਕੀਤੀ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ., ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਅਤੇ ਤ੍ਰਿਲੋਚਨ ਸਿੰਘ ਕਨਵੀਨਰ ਇੰਟਰਨੈਸ਼ਨਲ ਸੈਂਟਰ ਫਾਰ ਸਿੱਖ ਸਟਡੀਜ਼ ਨੇ ਵੀ ਨੂੰ ਡਾ. ਜਸਪਾਲ ਸਿੰਘ ਨੂੰ ਭਾਸ਼ਾ ਸਨਮਾਨ ਮਿਲਣ ਤੇ ਵਧਾਈ ਦਿੰਦੇ ਹੋਏ ਉਨ੍ਹਾਂ ਵਲੋਂ ਪੰਜਾਬੀ ਮਾਂ ਬੋਲੀ ਲਈ ਕੀਤੇ ਗਏ ਕੰਮਾਂ ਦਾ ਜਿਕਰ ਕੀਤਾ ।
ਬੁਲਾਰਿਆ ਵੱਲੋਂ ਡਾ. ਜਸਪਾਲ ਸਿੰਘ ਜੀ ਨੂੰ ਭਾਰਤ ਸਰਕਾਰ ਵੱਲੋਂ ਪਦਮਸ਼੍ਰੀ ਦੇਣ ਦੀ ਮੰਗ ਵੀ ਕੀਤੀ ਗਈ। ਜਿਸਦੀ ਪ੍ਰੋੜਤਾ ਕਰਦਿਆਂ ਗੁਜਰਾਲ ਨੇ ਕਿਹਾ ਕਿ ਡਾਕਟਰ ਸਾਹਿਬ ਨੂੰ ਪਦਮ ਸ਼੍ਰੀ ਜਰੂਰ ਮਿਲੇਗਾ ਪਰ ਮੈਂ ਇਹ ਨਹੀਂ ਦਸ ਸਕਦਾ ਕਿ ਕਦੋਂ ਮਿਲੇਗਾ।ਸ਼ਾਂਤੀ ਨਿਕੇਤਨ ਦੇ ਸਲਾਹਕਾਰ ਤੇ ਪੰਜਾਬੀ ਯੂਨੀਵਰਸਿਟੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਡਿਪਾਰਟਮੈਂਟ ਦੇ ਮੁੱਖੀ ਪ੍ਰੋ. ਸਰਬਜਿੰਦਰ ਸਿੰਘ ਨੇ ਇਸੇ ਗਲ ਦੀ ਪ੍ਰੋੜਤਾ ਕਰਦੇ ਹੋਏ ਡਾ. ਸਾਹਿਬ ਦੁਆਰਾ ਪੰਜਾਬੀ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਕੀਤੀ ਕੰਮਾਂ ਬਾਰੇ ਜਾਨਕਾਰੀ ਦਿੱਤੀ। ਉਚੇਚੇ ਤੌਰ ਤੇ ਪਟਿਆਲਾ ਤੋਂ ਆਏ ਪ੍ਰੋ. ਜਸਵਿੰਦਰ ਸਿੰਘ ਪ੍ਰੋ. ਸਤੀਸ਼ ਵਰਮਾ, ਵਰਿੰਦਰ ਸਿੰਘ ਵਾਲੀਆ, ਚੰਡੀਗੜ੍ਹ ਤੋਂ ਆਏ ਸ੍ਰੀ ਮਨਮੋਹਨ ਦੀਪਕ ਸਣੇ ਅਕਾਲੀ ਆਗੂ ਕੁਲਦੀਪ ਸਿੰਘ ਭੋਗਲ , ਅਵਤਾਰ ਸਿੰਘ ਹਿੱਤ, ਅਵਤਾਰ ਸਿੰਘ ਆਟੋਪਿਨ, ਤੇ ਹੋਰ ਬਹੁਤ ਸਾਰੇ ਆਏ ਸਜਨਾਂ ਨੇ ਬੁਧੀਜੀਵੀਆਂ ਨੂੰ ਸੰਬੋਧਤ ਕੀਤਾ। ਮੰਚ ਦਾ ਸੰਚਾਲਨ ਪੰਥਕ ਫੋਰਮ ਦੇ ਕਨਵੀਨਰ ਡਾ. ਹਰਮੀਤ ਸਿੰਘ ਜੀ ਨੇ ਕੀਤਾ। ਡਾ. ਹਰਬੰਸ ਕੌਰ ਸੱਗੂ ਨੇ ਆਲ ਇੰਡੀਆ ਪੰਥਕ ਫੋਰਮ ਵਲੋਂ ਤਿਆਰ ਕੀਤਾ, ਸਨਮਾਨ ਪੱਤਰ ਪੇਸ਼ ਕੀਤਾ।
ਡਾ. ਜਸਪਾਲ ਸਿੰਘ ਨੇ ਦਸਿਆ ਕਿ ਮੇਰਾ ਮਾਂ ਬੋਲੀ ਪੰਜਾਬੀ ਤੇ ਗੁਰਬਾਣੀ ਵੱਲ ਰੁਝਾਨ ਮੇਰੇ ਪਿਤਾ ਤੀਰਥ ਸਿੰਘ ਅਤੇ ਮੇਰੇ ਅਧਿਆਪਕ ਡਾ. ਹਰਭਜਨ ਸਿੰਘ ਕਰਕੇ ਹੈ ਪਰ ਇਸ ਤੋਂ ਇਲਾਵਾ ਪੀ.ਐਚ.ਡੀ ਡਾ. ਹਰਭਜਨ ਸਿੰਘ ਦੀ ਨਿਗਰਾਨੀ ਹੇਠ ਕਰਨ ਸਦਕਾ ਉਨ੍ਹਾਂ ਦਾ ਉਹ ਬਹੁਤ ਸਤਿਕਾਰ ਕਰਦੇ ਹਨ। ਉਹਨਾਂ ਕਿਹਾ ਕਿ ਮੈਂ ਆਪਣਾ ਮਿਲਿਆ ਸਨਮਾਨ ਆਪਣੇ ਪਿਤਾ ਸਰਦਾਰ ਤੀਰਥ ਸਿੰਘ ਤੇ ਗੁਰੂ ਡਾ. ਹਰਭਜਨ ਸਿੰਘ ਤੇ ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਕਰਦਾ ਹਾਂ ।ਉਨ੍ਹਾਂ ਨੇ ਜਿੱਥੇ ਪੰਥਕ ਫੋਰਮ ਦਾ ਧੰਨਵਾਦ ਕਰਦੇ ਹੋਏੇ ਕੁਝ ਕਵਿਤਾਵਾਂ ਵੀ ਸੁਣਾਇਆ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਵਲੋਂ ਬਹੁਤ ਜਲਦੀ ਹੀ ਪੰਜਾਬੀ ਦਾ ਕੀ ਬੋਰਡ ਵੀ ਲਾਂਚ ਕੀਤਾ ਜਾਵੇਗਾ ਜੋ ਪੰਜਾਬੀ ਯੂਨੀਵਰਸਿਟੀ ਦੀ ਬਹੁਤ ਵੱਡੀ ਉਪਲਬਧੀ ਹੋਵੇਗੀ।
ਡਾ. ਰਵੇਲ ਸਿੰਘ, ਮੁੱਖੀ ਪੰਜਾਬੀ ਵਿਭਾਗ ਦਿੱਲੀ ਯੂਨੀਵਰਸਿਟੀ ਨੇ ਭਾਸ਼ਾ ਸਨਮਾਨ ਕਿਵੇਂ ਕਿਸੇ ਵਿਦਵਾਨ ਨੂੰ ਦਿੱਤਾ ਜਾਂਦਾ ਹੈ ਉਸ ਦੀ ਸਾਰੀ ਪ੍ਰਕ੍ਰਿਆ ਤੋਂ ਸ੍ਰੋਤਿਆਂ ਨੂੰ ਜਾਣੂ ਕਰਵਾਇਆ।ਇਸ ਮੌਕੇ ਤੇ ਦਿੱਲੀ ਕਮੇਟੀ ਮੈਂਬਰ ਕੁਲਮੋਹਨ ਸਿੰਘ, ਰਵਿੰਦਰ ਸਿੰਘ ਖੁਰਾਣਾ, ਪਰਮਜੀਤ ਸਿੰਘ ਰਾਣਾ, ਪੰਥਕ ਫੋਰਮ ਦੇ ਸਰਗਰਮ ਮੈਂਬਰ ਅੰਮ੍ਰਿਤ ਸਿੰਘ, ਬਲਦੇਵ ਸਿੰਘ, ਗੁਜਰਾਲ, ਕੁਲਬੀਰ ਸਿੰਘ, ਡਾ. ਗੁਰਮੋਹਿੰਦਰ ਸਿੰਘ, ਜਤਿੰਦਰ ਸਿੰਘ ਸਾਹਨੀ , ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਜਸਵਿੰਦਰ ਸਿੰਘ ਅਤੇ ਦਿੱਲੀ ਦੀਆਂ ਪ੍ਰਮੁੱਖ ਸ਼ਖਸ਼ੀਅਤਾਂ ਨੇ ਸਮਾਰੋਹ ਵਿੱਚ ਸ਼ਿਰਕਤ ਕੀਤੀ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply