Saturday, May 2, 2026

ਆਪੋ-ਧਾਪੀ ਦੀ ਸ਼ਿਕਾਰ ਕਾਂਗਰਸ ਪਾਰਟੀ ਦਾ ਕੋਈ ਸਿਆਸੀ ਭਵਿੱਖ ਨਹੀਂ -ਮਜੀਠੀਆ

ਬਾਬਾ ਸ੍ਰੀ ਚੰਦ ਜੀ ਦੇ 541ਵੇਂ ਪ੍ਰਕਾਸ਼ ਪੁਰਬ ‘ਤੇ ਪਿੰਡ ਸਰਹਾਲਾ ਵਿਖੇ ਹੋਏ ਨਤਮਸਤਕ

PPN2209201503

ਟਾਹਲੀ ਸਾਹਿਬ, 22 ਸਤੰਬਰ (ਪ.ਪ) – ਪੰਜਾਬ ਦੇ ਮਾਲ ਮੰਤਰੀ ਸz: ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਕਾਂਗਰਸ ਵਿੱਚ ਪਈ ਆਪੋਧਾਪੀ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਪਾਟੋਧਾੜ ਦੀ ਸ਼ਿਕਾਰ ਕਾਂਗਰਸ ਪਾਰਟੀ ਇਕੱਲੇ ਪੰਜਾਬ ਵਿੱਚ ਹੀ ਨਹੀਂ ਸਗੋਂ ਪੁਰੇ ਦੇਸ਼ ‘ਚ ਮੂਧੇ ਮੂੰਹ ਡਿਗ ਚੁੱਕੀ ਹੈ ਅਤੇ ਇਸ ਦਾ ਕੋਈ ਸਿਆਸੀ ਭਵਿੱਖ ਨਹੀਂ ਹੈ।
ਸ: ਮਜੀਠੀਆ ਅੱਜ ਇੱਥੇ ਹਲਕਾ ਮਜੀਠਾ ਦੇ ਪਿੰਡ ਸਰਹਾਲਾ ਵਿਖੇ ਉਦਾਸੀ ਸੰਪਰਦਾ ਦੇ ਮੋਢੀ ਬਾਬਾ ਸ੍ਰੀ ਚੰਦ ਜੀ ਦੇ 541 ਵੇਂ ਪ੍ਰਕਾਸ਼ ਦਿਹਾੜੇ ਸਬੰਧੀ ਰੱਖੇ ਧਾਰਮਿਕ ਸਮਾਗਮ ਵਿੱਚ ਸ਼ਿਰਕਤ ਕਰਨ ਪਿੱਛੋਂ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇ ਰਹੇ ਸਨ ਨੇ ਕਿਹਾ ਕਿ ਕਾਂਗਰਸ ਪਾਰਟੀ ਅੰਦਰ ਪਿਛਲੇ ਲੰਮੇ ਸਮੇਂ ਤੋਂ ਧੁਖਦੀ ਆ ਰਹੀ ਚੌਧਰ ਦੀ ਲੜਾਈ ਦੇ ਜਨਤਕ ਹੋਣ ਨਾਲ ਇਹ ਸਪਸ਼ਟ ਹੋ ਗਿਆ ਹੈ ਕਿ ਨਾ ਤਾਂ ਕਾਂਗਰਸ ਪਾਰਟੀ ਅਤੇ ਨਾ ਹੀ ਕਾਂਗਰਸੀ ਲੀਡਰ ਪੰਜਾਬ ਦੇ ਮੁੱਦਿਆਂ ਪ੍ਰਤੀ ਕਦੀ ਗੰਭੀਰ ਹੋਏ ਹਨ ਅਤੇ ਨਾ ਹੀ ਹੋਣਗੇ। ਜਿਸ ਬਾਰੇ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਤੇ ਲੋਕ ਸਭਾ ‘ਚ ਕਾਂਗਰਸ ਦੇ ਉਪ ਮੁਖੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੇ ਗਏ ਖ਼ੁਲਾਸੇ ਉਪਰੰਤ ਕਾਂਗਰਸ ਦਾ ਪੰਜਾਬ ਵਿਰੋਧੀ ਹੋਣ ਬਾਰੇ ਕੋਈ ਸ਼ੱਕ ਨਹੀਂ ਰਹਿ ਜਾਂਦਾ। ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਦੇਸ਼ ਵਿੱਚ ਸਭ ਤੋ ਲੰਮਾ ਸਮਾਂ ਰਾਜ ਕਰਨ ਵਾਲੀ ਕਾਂਗਰਸ ਪਾਰਟੀ ਨੇ ਜ਼ਿੰਮੇਵਾਰੀ ਨਿਭਾਉਣ ਦੀ ਥਾਂ ਮਿੱਥ ਕੇ ਪੰਜਾਬ ਨਾਲ ਬੇਗਾਨਿਆਂ ਵਾਲਾ ਵਤੀਰਾ ਅਪਣਾਈ ਰੱਖਿਆ ਅਤੇ ਪੰਜਾਬ ਦੇ ਬਣਦੇ ਹੱਕਾਂ ਨੂੰ ਅੱਖੋ-ਪਰੋਖੇ ਕੀਤਾ।
ਮਜੀਠੀਆ ਨੇ ਕਿਹਾ ਕਿ ਸਿਖਰਾਂ ਦੀ ਅੰਦਰੂਨੀ ਧੜੇਬੰਦੀ ਨਾਲ ਜੂਝ ਰਹੀ ਕਾਂਗਰਸ ਪਾਰਟੀ ਦੇ ਦਿਨ ਪੁੱਗ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਪਾਰਟੀ ਵਿੱਚ ਤਿਕੋਣੀ ਧੜੇਬੰਦੀ ਚੱਲ ਰਹੀ ਹੈ , ਕਿਸੇ ਸਮੇਂ ਇੰਡੀਅਨ ਨੈਸ਼ਨਲ ਕਾਂਗਰਸ ਵਜੋਂ ਜਾਣੀ ਜਾਂਦੀ ਪਾਰਟੀ ਅੱਜ ਪੰਜਾਬ ਵਿਧਾਨ ਸਭਾ ਵਿੱਚ ਵੀ ਕੈਪਟਨ ਕਾਂਗਰਸ ਗਰੁੱਪ, ਬਾਜਵਾ ਗਰੁੱਪ ਅਤੇ ਰਾਹੁਲ ਗਰੁੱਪ ਵਜੋਂ ਆਪੋ ਆਪਣੀ ਸਫ਼ਬੰਦੀ ਕਰ ਲਈ ਹੈ। ਉਨ੍ਹਾਂ ਕਿਹਾ ਕਿ ਜੋ ਲੋਕ ਆਪਸ ਵਿੱਚ ਹੀ ਚੌਧਰ ਲਈ ਲੜ ਰਹੇ ਹੋਣ ਉਹਨਾਂ ਤੋਂ ਲੋਕ ਮਸਲਿਆਂ ਨੂੰ ਹਲ ਕਰਨ ਪ੍ਰਤੀ ਕੀ ਆਸ ਕੀਤੀ ਜਾ ਸਕਦੀ ਹੈ। ਇਹੀ ਕਾਰਨ ਹੈ ਕਿ ਅੱਜ ਕਾਂਗਰਸ ਹਿੰਦੁਸਤਾਨ ਦੇ ਸਿਆਸੀ ਨਕਸ਼ੇ ਤੋਂ ਬੜੀ ਤੇਜੀ ਨਾਲ ਗਾਇਬ ਹੋ ਰਹੀ ਹੈ। ਲੋਕ ਸਭਾ ਵਿੱਚ ਕਾਂਗਰਸ ਪਾਰਟੀ ਦੇ ਡਿਪਟੀ ਲੀਡਰ ਕੈਪਟਨ ਅਮਰਿੰਦਰ ਸਿੰਘ ਵੱਲੋਂ ਹਾਈ ਕਮਾਂਡ ਵੱਲ ਵੱਟੀ ਘੂਰੀ ਅਤੇ ਕਾਂਗਰਸ ਦੇ ਮੀਤ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਬਾਰੇ ਕੀਤੀ ਟਿੱਪਣੀ ਸਬੰਧੀ ਪੁੱਛੇ ਜਾਣ ‘ਤੇ ਉਹਨਾਂ ਕਿਹਾ ਕਿ ਕੈਪਟਨ ਦਾ ਹੀ ਨਹੀਂ ਕਾਂਗਰਸ ਦੇ ਬਹੁਤ ਸਾਰੇ ਸੀਨੀਅਰ ਆਗੂਆਂ ਦਾ ਵੀ ਇਹੀ ਵਿਚਾਰ ਹੈ ਕਿ ਰਾਹੁਲ ਗਾਂਧੀ ਬੇਸਮਝ, ਨਾਦਾਨ ਅਤੇ ਅਨਾੜੀ ਹੈ , ਜਿਸ ਕੋਲ ਕੋਈ ਵੀ ਸਿਆਸੀ ਸੂਝ ਬੂਝ ਨਹੀਂ ਹੈ। ਹਾਈਕਮਾਂਡ ਦੀ ਨੁਕਤਾਚੀਨੀ ਨੇ ਇਹ ਗੱਲ ਵੀ ਸਾਬਤ ਕਰ ਦਿੱਤੀ ਹੈ ਕਿ ਪੰਜਾਬ ਕਾਂਗਰਸ ਦੀ ਬਹੁਤੀ ਲੀਡਰਸ਼ਿਪ ਵਿੱਚ ਹਾਈਕਮਾਂਡ ਪ੍ਰਤੀ ਖਾਸਾ ਰੋਸ ਹੈ।
ਇੱਕ ਸਵਾਲ ਦੇ ਜਵਾਬ ਵਿੱਚ ਸ੍ਰੀ ਮਜੀਠੀਆ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵੀਂ ਪਾਰਟੀ ਬਣਾ ਲੈਣ ਨਾਲ ਵੀ ਅਕਾਲੀ ਦਲ ਨੂੰ ਕੋਈ ਫਰਕ ਨਹੀਂ ਪਵੇਗਾ, ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਸ: ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ ਅਕਾਲੀ ਭਾਜਪਾ ਗੱਠਜੋੜ ਨੂੰ ਜ਼ਿੰਮੇਵਾਰੀ ਸੌਂਪੀ ਹੈ ਤੇ ਰਾਜ ਸਰਕਾਰ ਨੇ ਵਿਕਾਸ ਅਤੇ ਤਰੱਕੀ ਦੇ ਇੱਕ ਨਵੇਂ ਅਧਿਆਏ ਦੀ ਸ਼ੁਰੂਆਤ ਕੀਤੀ ਹੈ। ਉਹਨਾਂ ਕਿਹਾ ਕਿ ਲੋਕ ਸਮਝ ਗਏ ਹਨ ਕਿ ਕਾਂਗਰਸ ਪੰਜਾਬ ਦੇ ਹਿਤੈਸ਼ੀ ਨਹੀਂ ਹੋ ਸਕਦੇ।ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਗੱਠਜੋੜ ਅੱਗੇ ਕੋਈ ਵੀ ਪਾਰਟੀ ਆਉਂਦੀਆਂ 2017 ਵਿਧਾਨ ਸਭਾ ਚੋਣਾਂ ਵਿੱਚ ਟਿੱਕ ਨਹੀਂ ਪਾਵੇਗੀ ਅਤੇ ਅਗਲੀ ਸਰਕਾਰ ਵੀ ਗੱਠਜੋੜ ਹੀ ਬਣਾਏਗਾ।
ਆਉਂਦੇ ਕੁੱਝ ਦਿਨਾ ਤਾਈਂ ਸ਼ੁਰੂ ਹੋਣ ਜਾ ਰਹੀ ਝੋਨੇ ਦੀ ਖਰੀਦ ਸਬੰਧੀ ਪੁੱਛੇ ਜਾਣ ਉੱਤੇ ਸ੍ਰੀ ਮਜੀਠੀਆ ਨੇ ਕਿਹਾ ਕਿ ਸਰਕਾਰ ਨ ੇ ਝੋਨੇ ਦੀ ਖਰੀਦ ਸਬੰਧੀ ਪੁਖਤਾ ਅਤੇ ਵਿਸਥਾਰਤ ਪ੍ਰਬੰਧ ਉਲੀਕੇ ਹਨ ਅਤੇ ਮੰਡੀਆਂ ਵਿੱਚ ਕਿਸੇ ਵੀ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
ਕਿਸਾਨਾਂ ਵੱਲੋਂ ਫ਼ਸਲਾਂ ਦੇ ਯੋਗ ਭਾਅ ਅਦਾ ਕਰਨ ਦੀ ਰੱਖੀ ਜਾ ਰਹੀ ਮੰਗ ਬਾਬਤ ਸ੍ਰੀ ਮਜੀਠੀਆ ਨੇ ਕਿਸਾਨਾਂ ਦੀ ਸੁਣਵਾਈ ਕਰਨ ਦੀ ਕੇਂਦਰ ਸਰਕਾਰ ਨੂੰ ਪੁਰਜ਼ੋਰ ਅਪੀਲ ਕੀਤੀ ਹੈ।ਉਹਨਾਂ ਕਿਹਾ ਕਿ ਭਾਰਤ ਉਸ ਵਕਤੀ ਸਹੀ ਅਰਥਾਂ ਵਿੱਚ ਤਰੱਕੀ ਕਰੇਗਾ ਜਦ ਜੈ ਜਵਾਨ ਤੇ ਜੈ ਕਿਸਾਨ ਇੱਕ ਮਿਕ ਹੋਣਗੇ। ਉਹਨਾਂ ਕਿਹਾ ਕਿ ਸਾਬਕਾ ਫੌਜੀਆਂ ਲਈ ਇੱਕ ਰੈਕ ਇੱਕ ਪੈਨਸ਼ਨ ਲਾਗੂ ਕਰਨ ਉਪਰੰਤ ਹੁਣ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਚਾਹੀਦਾ ਹੈ ਕਿ ਉਹ ਹੁਣ ਜੈ ਕਿਸਾਨ ਦੇ ਨਾਅਰੇ ਨੂੰ ਵੀ ਅਮਲੀ ਰੂਪ ਦੇਣ ਅਤੇ ਕਿਸਾਨੀ ਧੰਦੇ ਨੂੰ ਲਾਹੇਵੰਦ ਬਣਾਉਣ ਲਈ ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਤੁਰੰਤ ਲਾਗੂ ਕਰ ਕੇ ਕਿਸਾਨੀ ਨੂੰ ਰਾਹਤ ਦੇਣ ਲਈ ਪਹਿਲ ਕਦਮੀ ਕਰੇ। ਇਸ ਤੋਂ ਪਹਿਲਾਂ ਧਾਰਮਿਕ ਸਮਾਗਮ ਨੂੰ ਸੰਬੋਧਨ ਕਰਦਿਆਂ ਸ: ਮਜੀਠੀਆ ਨੇ ਸਮਾਜਕ ਬੁਰਾਈਆਂ ਨੂੰ ਚੜ੍ਹੋ ਉਖਾੜ ਸੁੱਟਣ ਅਤੇ ਸੰਤਾਂ ਮਹਾਂ ਪੁਰਸ਼ਾਂ ਦੇ ਦਸੇ ਰਾਹ ‘ਤੇ ਚਲਣ ਲਈ ਲੋਕਾਂ ਨੂੰ ਅਪੀਲ ਕੀਤੀ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਤ ਬਾਬਾ ਕਿਰਪਾਲ ਦਾਸ ਜੀ ਸਰਹਾਲਾ ਵਾਲੇ, ਬਾਬਾ ਗੁਰਦੀਪ ਸਿੰਘ ਖਜਾਲੇਵਾਲੇ, ਮੇਜਰ ਸ਼ਿਵੀ, ਪ੍ਰੋ: ਸਰਚਾਂਦ ਸਿੰਘ ਮੀਡੀਆ ਸਲਾਹਕਾਰ, ਸੁਖਵਿੰਦਰ ਸਿੰਘ ਗੋਲਡੀ, ਕੁਲਵਿੰਦਰ ਸਿੰਘ ਧਾਰੀਵਾਲ, ਗੁਰਜਿੰਦਰ ਸਿੰਘ ਟਪਈਆਂ, ਦਿਲਬਾਗ ਸਿੰਘ ਲਹਿਰਕਾ, ਪੱਪੂ ਜੈਂਤੀਪੁਰ, ਗੁਰਵੇਲ ਸਿੰਘ ਅਲਕੜੇ, ਸਰਬਜੀਤ ਸਿੰਘ ਬਾਬੋਵਾਲ, ਪ੍ਰੋ: ਪਰਮਬੀਰ ਸਿੰਘ ਮੱਤੇਵਾਲ, ਜਗੀਰ ਸਿੰਘ ਸਰਪੰਚ, ਅਜੀਤ ਸਿੰਘ ਸਰਹਾਲਾ, ਗੁਰਚਰਨ ਸਿੰਘ, ਸਤਨਾਮ ਸਿੰਘ ਅਬਦਾਲ, ਰਤਨ ਸਿੰਘ ਫਤੂਭੀਲਾ, ਜਸਪਾਲ ਸਿੰਘ ਭੋਏ ਆਦਿ ਮੌਜੂਦ ਸਨ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply