
ਨਥਾਣਾ (ਸੰਦੌੜ), 25 ਸਤੰਬਰ (ਹਰਮਿੰਦਰ ਸਿੰਘ)- ਰਾਜੀਵ ਗਾਂਧੀ ਖੇਲ ਅਭਿਆਨ ਤਹਿਤ 2015-16 ਦੀਆਂ ਬਲਾਕ ਪੱਧਰੀ ਅੰਡਰ 16 ਸਾਲ ਵਰਗ ਦੇ ਮੁਕਾਬਲੇ ਦੀਆਂ ਖੇਡਾਂ ਕਾਗਜ਼ੀ ਘੋੜਿਆਂ ਤੱਕ ਸੀਮਿਤ ਹੋ ਕੇ ਰਹਿ ਗਈਆਂ ਹਨ। ਬਲਾਕ ਨਥਾਣਾ ਦੀਆਂ ਖੇਡਾਂ ਦੌਰਾਨ ਹਾਕੀ,ਫੁੱਟਬਾਲ, ਵਾਲੀਬਾਲ,ਕਬੱਡੀ,ਅਥਲੈਟਿਕਸ ਆਦਿ ਦੇ ਮੁਕਬਾਲੇ ਕਰਵਾਏ ਜਾਣ ਦਾ ਫਰਮਾਨ ਸਿਰਫ਼ ਕਾਗਜ਼ਾਂ ਵਿੱਚ ਹੀ ਹੋਇਆ।ਜਿਸ ਕਰਕੇ ਖੇਡ ਪ੍ਰੇਮੀਆਂ ਵਿੱਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ। ਨਥਾਣਾ ਬਲਾਕ ਦੀਆਂ ਇਹ ਖੇਡਾਂ ਸਬੰਧੀ ਕਈ ਪਿੰਡਾਂ ਦੇ ਨਾਮਵਰ ਖਿਡਾਰੀਆਂ ਨੂੰ ਪਤਾ ਨਾ ਲੱਗਣ ਕਰਕੇ ਉਹ ਖੇਡਾਂ ਵਿੱਚ ਹਿੱਸਾ ਲੈਣ ਤੋਂ ਵਿਰਵੇ ਰਹਿ ਗਏ ਹਨ।ਇਹ ਖੇਡਾਂ ਭਾਵੇਂ ਇੱਕ ਪ੍ਰਾਈਵੇਟ ਸਕੂਲ ਵਿੱਚ ਕਰਵਾਈਆਂ ਗਈਆਂ ਪਰ ਮੀਡੀਆ ਕਰਮੀਆਂ ਨੂੰ ਇਨ੍ਹਾਂ ਖੇਡਾਂ ਤੋਂ ਦੂਰ ਹੀ ਰੱਖਿਆ ਗਿਆ। ਇੱਕ ਕਰਮਚਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸਰਤ ਤੇ ਦੱਸਿਆ ਕਿ ਇਹ ਗੇਮਾਂ ਹਰ ਵਾਰ ਹੀ ਇੱਕ ਦੋ ਦਿਨ ਪਹਿਲਾ ਹੁਕਮ ਚਾੜ ਕੇ ਕਰਵਾਉਣ ਲਈ ਮਜ਼ਬੂਰ ਕੀਤਾ ਜਾਂਦਾ ਹੈ। ਜਿਸ ਕਰਕੇ ਉਨ੍ਹਾਂ ਨੂੰ ਵੀ ਖੇਡਾਂ ਕਰਵਾਉਣ ਵਿੱਚ ਵਿਆਪਕ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇਕਰ ਇਹੀ ਗੇਮਾਂ ਸੁਚੱਜੇ ਢੰਗ ਨਾਲ ਕਰਵਾਈਆਂ ਜਾਣ ਤਾਂ ਬਲਾਕ ਨਥਾਣਾ ਵਿੱਚੋਂ ਕਈ ਨਾਮਵਰ ਖਿਡਾਰੀ ਉਭਰ ਕੇ ਸਾਹਮਣੇ ਆ ਸਕਦੇ ਹਨ। ਇੰਨ੍ਹਾਂ ਖੇਡਾਂ ਨੂੰ ਕਰਵਾਉਣ ਲਈ ਜਗਮੋਹਨ ਸਿੰਘ,ਲਖਵੀਰ ਸਿੰਘ,ਰਜਵਿੰਦਰ ਸਿੰਘ,ਰਾਜਿੰਦਰ ਸਿੰਘ ਭੈਣੀ ਆਦਿ ਨੇ ਵਿਸ਼ੇਸ਼ ਯੋਗਦਾਨ ਪਾਇਆ।
Punjab Post Daily Online Newspaper & Print Media