Thursday, March 19, 2026

ਅੰਮ੍ਰਿਤਸਰ ‘ਚ 10 ਹਜ਼ਾਰ ਵਿਦਿਆਰਥੀਆਂ ਦਿੱਤਾ ਨਸ਼ਿਆਂ ਖਿਲਾਫ਼ ਵਿਸ਼ਵ ਪੱਧਰੀ ਸੁਨੇਹਾ

PPN0310201512

PPN0310201513
ਅੰਮ੍ਰਿਤਸਰ, 3 ਅਕਤੂਬਰ (ਸੁਖਬੀਰ ਖੁਰਮਨੀਆ, ਪ੍ਰੀਤਮ ਸਿੰਘ) – ਧਾਰਮਿਕ ਅਤੇ ਇਤਿਹਾਸਕ ਨਗਰੀ ਅੰਮ੍ਰਿਤਸਰ ਨੇ ਅੱਜ ਉਸ ਸਮੇਂ ਰਿਕਾਰਡ ਇਕੱਠ ਦੀ ਗਵਾਹੀ ਭਰੀ ਜਦੋਂ ਸਥਾਨਕ ਖ਼ਾਲਸਾ ਕਾਲਜ ਵਿਖੇ 40 ਸਕੂਲਾਂ ਦੇ 10 ਹਜ਼ਾਰ ਦੇ ਕਰੀਬ ਵਿਦਿਆਰਥੀਆਂ ਨੇ ਇਕੱਠਿਆਂ ਨਸ਼ਿਆਂ ਖਿਲਾਫ਼ ਵਿਸ਼ਵ ਪੱਧਰੀ ਸੁਨੇਹਾ ਦਿੰਦਿਆਂ ਇਸ ਅਲਾਮਤ ਦੇ ਜੜ੍ਹੋਂ ਖ਼ਾਤਮੇ ਦਾ ਅਹਿਦ ਲਿਆ।
ਜ਼ਿਲ੍ਹਾ ਪ੍ਰਸ਼ਾਸਨ ਅਤੇ ਗੈਰ-ਸਰਕਾਰੀ ਸੰਸਥਾ ਦੇ ਇਸ ਸਾਂਝੇ ਉੱਦਮ ਨਾਲ ਅੰਮ੍ਰਿਤਸਰ ਨੂੰ ‘ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡਜ਼’ ਵਿਚ ਦਰਜ ਕਰਵਾਉਣ ਦਾ ਇਹ ਇਕ ਸ਼ਾਨਦਾਰ ਉਪਰਾਲਾ ਸਾਬਿਤ ਹੋਇਆ ਜਿਸ ਦਾ ਉਦੇਸ਼ ਨਸ਼ਿਆਂ ਖਿਲਾਫ਼ ਜਾਗਰੂਕਤਾ ਪੈਦਾ ਕਰਨਾ ਸੀ। ਵੱਖ-ਵੱਖ ਸਕੂਲਾਂ ਦੇ ਪੀਲੀਆਂ ਟੀ-ਸ਼ਰਟਾਂ ਵਿਚ ਸਜੇ 10 ਹਜ਼ਾਰ ਦੇ ਕਰੀਬ ਵਿਦਿਆਰਥੀਆਂ ਦੇ ਇਸ ਅਨੋਖੇ ਇਕੱਠ ਦਾ ਨਜ਼ਾਰਾ ਦੇਖਿਆਂ ਹੀ ਬਣਦਾ ਸੀ। ‘ਸ਼ੇਕ ਯੋਅਰ ਲੈਗਸ, ਕੀਪ ਅਵੇ ਫਰਾਮ ਡਰੱਗਸ’ ਦੇ ਨਾਅਰੇ ਨਾਲ ਪ੍ਰੇਰਿਤ ਇਸ ਜਾਗਰੂਕਤਾ ਪ੍ਰੋਗਰਾਮ ਦੌਰਾਨ ‘ਕਰੋ ਇਰਾਦਾ, ਪੱਕਾ ਵਾਅਦਾ, ਆਜ ਨਸ਼ਾ ਤੁਮ ਛੋੜੋਗੇ’ ਗੀਤ ਵੀ ਲੋਕਾਂ ਨੂੰ ਸਮਰਪਿਤ ਕੀਤਾ। ਇਸ ਮੌਕੇ ਵਿਦਿਆਰਥੀਆਂ ਨੇ ਆਪਣੀ ਪੇਸ਼ਕਾਰੀ ਦੇਣ ਦੇ ਨਾਲ-ਨਾਲ ਨਸ਼ਾ-ਮੁਕਤ ਜੀਵਨ ਜੀਊਣ ਦੀ ਸਹੁੰ ਵੀ ਚੁੱਕੀ ਅਤੇ ਇਸ ਪ੍ਰੋਗਰਾਮ ਨੂੰ ਇਤਿਹਾਸਕ ਬਣਾ ਦਿੱਤਾ।
ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਦੀ ਸੁਚੱਜੀ ਅਗਵਾਈ ਅਤੇ ਦੇਖ-ਰੇਖ ਹੇਠ ਖ਼ਾਲਸਾ ਕਾਲਜ ਦੀ ਗਰਾਊਂਡ ਵਿਚ ਬੜੇ ਹੀ ਵਧੀਆ ਅਤੇ ਯੋਜਨਾਬੱਧ ਢੰਗ ਨਾਲ ਕਰਵਾਏ ਗਏ ਇਸ ਵਿਸ਼ਾਲ ਜਾਗਰੂਕਤਾ ਪ੍ਰੋਗਰਾਮ ਦੌਰਾਨ ਸਕੂਲੀ ਵਿਦਿਆਰਥੀਆਂ ਨੇ 5 ਮਿੰਟ ਤੱਕ ਤਾਲ ਨਾਲ ਤਾਲ ਮਿਲਾ ਕੇ ਡਾਂਸ ਕਰਦਿਆਂ ਇਕ ਦਿਲਕਸ਼ ਪੇਸ਼ਕਾਰੀ ਦਿੱਤੀ। ਇਸ ਪੇਸ਼ਕਾਰੀ ਦੇ ਲੇਖੇ-ਜੋਖੇ ਲਈ 200 ਤੋਂ ਵੱਧ ਜੱਜ ਵੀ ਮੌਜੂਦ ਰਹੇ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸ. ਬਿਸ਼ਨ ਸਿੰਘ ਬੇਦੀ ਅਤੇ ਗੈਰ-ਸਰਕਾਰੀ ਸੰਸਥਾ ਸੰਨ ਫਾਊਂਡੇਸ਼ਨ ਦੇ ਚੇਅਰਮੈਨ ਪਦਮਸ਼੍ਰੀ ਵਿਕਰਮਜੀਤ ਸਿੰਘ ਸਾਹਨੀ ਨੇ ਸਟੇਜ ਤੋਂ ਬੱਚਿਆਂ ਦਾ ਹੌਸਲਾ ਵਧਾਇਆ ਅਤੇ ਇਹ ਪ੍ਰੋਗਰਾਮ ਸਫਲ ਹੋ ਨਿੱਬੜਿਆ।
ਇਸ ਪੂਰੇ ਪ੍ਰੋਗਰਾਮ ਨੂੰ ਸਫਲਤਾਪੂਰਕ ਨੇਪਰੇ ਚੜ੍ਹਾਉਣ ਵਿੱਚ ਮੁੱਖ ਭੂਮਿਕਾ ਨਿਭਾਉਣ ਵਾਲੇ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੇ ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਪ੍ਰੋਗਰਾਮ ਨਾਲ ਪੰਜਾਬ ਸਰਕਾਰ ਵੱਲੋਂ ਸੂਬੇ ਵਿਚ ਨਸ਼ਿਆਂ ਖਿਲਾਫ਼ ਪਹਿਲਾਂ ਤੋਂ ਹੀ ਚਲਾਈ ਜਾ ਰਹੀ ਮੁਹਿੰਮ ਨੂੰ ਹੋਰ ਮਜ਼ਬੂਤੀ ਮਿਲੇਗੀ। ਉਨ੍ਹਾਂ ਕਿਹਾ ਕਿ ਨੌਜਵਾਨ ਸਾਡੇ ਦੇਸ਼ ਦਾ ਭਵਿੱਖ ਹਨ ਅਤੇ ਜੇਕਰ ਉਹ ਇਹ ਫ਼ੈਸਲਾ ਕਰ ਲੈਣ ਕਿ ਉਹ ਜ਼ਿੰਦਗੀ ਪ੍ਰਤੀ ਸਕਾਰਾਤਮਕ ਸੋਚ ਰੱਖਣਗੇ ਤਾਂ ਫਿਰ ਭਾਰਤ ਨੂੰ ਦੁਨੀਆ ਦਾ ਨੰਬਰ ਇਕ ਦੇਸ਼ ਬਣਨ ਤੋਂ ਕੋਈ ਨਹੀਂ ਰੋਕ ਸਕਦਾ।
ਸ. ਵਿਕਰਮਜੀਤ ਸਿੰਘ ਸਾਹਨੀ ਨੇ ਇਸ ਮੌਕੇ ਕਿਹਾ ਕਿ ਬੀਤੇ ਕੁਝ ਸਾਲਾਂ ਵਿਚ ਨਸ਼ੇ ਇਕ ਵੱਡੀ ਸਮਾਜਿਕ ਸਮੱਸਿਆ ਬਣ ਗਏ ਹਨ ਅਤੇ ਇਨ੍ਹਾਂ ਨੇ ਦੇਸ਼ ਦੇ ਸਮਾਜਿਕ ਤਾਣੇ-ਬਾਣੇ ਨੂੰ ਪ੍ਰਭਾਵਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਤੋਂ ਨਾ ਕੇਵਲ ਉਨ੍ਹਾਂ ਦੀ ਵਰਤੋਂ ਕਰਨ ਵਾਲੇ ਪ੍ਰਭਾਵਿਤ ਹੁੰਦੇ ਹਨ, ਸਗੋਂ ਉਨ੍ਹਾਂ ਦੇ ਪਰਿਵਾਰ ਅਤੇ ਪੂਰਾ ਸਮਾਜ ਵੀ ਪ੍ਰਭਾਵਿਤ ਹੁੰਦਾ ਹੈ। ਇਸ ਲਈ ਸਾਨੂੰ ਮਨੁੱਖਤਾ ਪ੍ਰਤੀ ਕੰਮ ਕਰਦੇ ਹੋਏ ਨਸ਼ਿਆਂ ਖਿਲਾਫ਼ ਡਟਣ ਦੀ ਲੋੜ ਹੈ। ਇਸ ਮੌਕੇ ਉਨ੍ਹਾਂ ਐਲਾਨ ਕੀਤਾ ਕਿ ਸੰਨ ਫਾਊਂਡੇਸ਼ਨ ਜਲਦ ਹੀ ਭਾਰਤ ਸਰਕਾਰ ਨਾਲ ਰਲ ਕੇ ਅੰਮ੍ਰਿਤਸਰ ਵਿਖੇ ਸਵਾਮੀ ਵਿਵੇਕਾਨੰਦ ਨਸ਼ਾ ਛੁਡਾਊ ਅਤੇ ਮੁੜ ਵਸੇਬਾ ਕੇਂਦਰ ਵੱਲੋਂ ਇਕ ਹੁਨਰ ਅਤੇ ਕਿੱਤਾ ਅਗਵਾਈ ਕੇਂਦਰ ਸ਼ੁਰੂ ਕਰੇਗੀ। ਇਸ ਤੋਂ ਇਲਾਵਾ ਫਾਊਂਡੇਸ਼ਨ ਮੌਟੀਵੇਸ਼ਨਲ ਥੈਰੇਪੀ, ਯੋਗਾ, ਗਰੁੱਪ ਥੈਰੇਪੀ, ਡਾਂਸ ਥੈਰੇਪੀ ਅਤੇ ਧਿਆਨ, ਮੋਬਾਈਲ  ਆਦਿ ਦੇ ਨਾਲ ਹੋਰ ਗਤੀਵਿਧੀਆਂ ਵਿਚ ਵੀ ਸਹਾਇਤਾ ਕਰੇਗੀ ਅਤੇ ਇਸ ਸਬੰਧੀ ਜ਼ਰੂਰੀ ਸੁਵਿਧਾਵਾਂ ਵੀ ਪ੍ਰਦਾਨ ਕਰੇਗੀ।
ਇਸ ਵਿਸ਼ਾਲ ਪ੍ਰੋਗਰਾਮ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਹੁਤ ਹੀ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ, ਜਿਨ੍ਹਾਂ ਵਿਚ ਬੱਚਿਆਂ ਨੂੰ ਲਿਜਾਣ-ਲਿਆਉਣ, ਬੱਚਿਆਂ ਦੀ ਬਾਰ ਕੋਡਿੰਗ, ਪਾਰਕਿੰਗ, ਰਿਫਰੈਸ਼ਮੈਂਟ, ਪੀਣ ਵਾਲੇ ਪਾਣੀ, ਐਂਟਰੀ, ਕੰਟਰੋਲ ਰੂਮ, ਮੈਡੀਕਲ ਟੀਮਾਂ, ਐਂਬੂਲੈਂਸਾਂ, ਫਾਇਰ ਬ੍ਰਿਗੇਡਾਂ, ਰਿਕਵਰੀ ਵੈਨਾਂ, ਹੈਲਪ ਡੈਸਕ, ਸੁਰੱਖਿਆ, ਆਰਜ਼ੀ ਟਾਇਲਟਸ, ਪਛਾਣ ਪੱਤਰਾਂ ਅਤੇ ਸਟਾਲਾਂ ਆਦਿ ਦੇ ਪ੍ਰਬੰਧ ਸ਼ਾਮਿਲ ਸਨ। ਸਮਾਗਮ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੇ ਉਚੇਚੇ ਤੌਰ ‘ਤੇ ਵਿਦਿਆਰਥੀਆਂ, ਸਕੂਲ ਪ੍ਰਬੰਧਕਾਂ, ਅਧਿਆਪਕਾਂ, ਮਾਪਿਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਧੰਨਵਾਦ ਕੀਤਾ।
ਇਸ ਮੌਕੇ ਡਾ. ਤਰੁਨਦੀਪ ਕੌਰ ਆਈ ਆਰ ਐਸ ਪਤਨੀ ਡਿਪਟੀ ਕਮਿਸ਼ਨਰ, ਖ਼ਾਲਸਾ ਕਾਲਜ ਦੇ ਸਕੱਤਰ ਸ. ਰਜਿੰਦਰ ਮੋਹਨ ਸਿੰਘ ਛੀਨਾ, ਸ੍ਰੀ ਰਾਜ ਲੂਥਰਾ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸ੍ਰੀ ਸੰਦੀਪ ਰਿਸ਼ੀ, ਐਸ. ਡੀ. ਐਮ-1 ਸ੍ਰੀ ਰੋਹਿਤ ਗੁਪਤਾ, ਐਸ. ਡੀ. ਐਮ-2 ਸ੍ਰੀ ਰਾਜੇਸ਼ ਸ਼ਰਮਾ, ਐਸ. ਡੀ. ਐਮ ਬਾਬਾ ਬਕਾਲਾ ਸ੍ਰੀ ਵਿਮਲ ਸੇਤੀਆ, ਐਸ. ਡੀ. ਐਮ ਅਜਨਾਲਾ ਸ੍ਰੀ ਸੁਰਿੰਦਰ ਸਿੰਘ, ਡੀ. ਟੀ. ਓ ਸ੍ਰੀਮਤੀ ਲਵਜੀਤ ਕਲਸੀ, ਏ. ਸੀ. ਪੀ ਟ੍ਰੈਫਿਕ ਡਾ. ਬਾਲ ਕਿਸ਼ਨ ਸਿੰਗਲਾ, ਸ੍ਰੀ ਪੰਕਜ, ਮੈਡਮ ਪ੍ਰੀਤੀ, ਮੈਡਮ ਨਿਕਿਤਾ ਸ਼ਰਮਾ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਸਕੂਲ ਸਟਾਫ ਹਾਜ਼ਰ ਸੀ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply