Tuesday, March 17, 2026

ਅਧਿਆਪਕ ਚੇਤਨਾ ਮੰਚ ਸਮਰਾਲਾ ਵੱਲੋਂ ਵਿੱਦਿਅਕ ਮੁਕਾਬਲਿਆਂ ਸਬੰਧੀ ਤਰੀਕਾਂ ਦਾ ਐਲਾਨ

ਚੇਤਨਾ ਮੰਚ ਵੱਲੋਂ ਨਵੰਬਰ ਦਾ ਪਹਿਲਾ ਹਫਤਾ ‘ਪੰਜਾਬੀ ਸਪਤਾਹ’ ਵਜੋਂ ਮਨਾਇਆ ਜਾਵੇਗਾ- ਵਿਜੈ ਕੁਮਾਰ ਸ਼ਰਮਾ

ਸਮਰਾਲਾ 5 ਅਕਤੂਬਰ (ਪ. ਪ.) ਅਧਿਆਪਕ ਚੇਤਨਾ ਮੰਚ ਸਮਰਾਲਾ ਦੀ ਇੱਕ ਜਰੂਰੀ ਮੀਟਿੰਗ ਮੰਚ ਦੇ ਪ੍ਰਧਾਨ ਲੈਕ: ਵਿਜੈ ਕੁਮਾਰ ਸ਼ਰਮਾ ਦੀ ਪ੍ਰਧਾਨਗੀ ਹੇਠ ਸਥਾਨਕ ਸੀਨੀ: ਸੈਕੰ: ਸਕੂਲ (ਲੜਕੇ) ਸਮਰਾਲਾ ਵਿਖੇ ਹੋਈ। ਜਿਸ ਵਿੱਚ ਪਿਛਲੇ ਸਾਲਾਂ ਦੀ ਤਰ੍ਹਾਂ ਵੱਖ ਵੱਖ ਸਕੂਲਾਂ ਵਿੱਚ ਵਿੱਦਿਅਕ ਮੁਕਾਬਲੇ ਕਰਵਾਉਣ ਸਬੰਧੀ ਚਰਚਾ ਹੋਈ। ਇਸ ਸਾਲ ਅਧਿਆਪਕ ਚੇਤਨਾ ਮੰਚ ਵੱਲੋਂ ਨਵੰਬਰ ਦੇ ਪਹਿਲੇ ਹਫਤੇ ਪੰਜਾਬੀ ਭਾਸ਼ਾ ਨੂੰ ਸਮਰਪਿਤ ‘ਪੰਜਾਬੀ ਸਪਤਾਹ’ ਮਨਾਉਣ ਦਾ ਫੈਸਲਾ ਕੀਤਾ, ਜਿਸ ਦੌਰਾਨ ਪ੍ਰਾਇਮਰੀ ਪੱਧਰ ਤੋਂ ਲੈ ਕੇ ਹਾਈ ਪੱਧਰ ਤੱਕ ਦੇ ਵੱਖ ਵੱਖ ਸਕੂਲਾਂ ਵਿੱਚ ਮੁਕਾਬਲੇ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਨ: ਸਕੱਤਰ ਪ੍ਰਿੰਸੀਪਲ ਮਨੋਜ ਕੁਮਾਰ ਨੇ ਦੱਸਿਆ ਕਿ 3 ਨਵੰਬਰ 2015, ਦਿਨ ਮੰਗਲਵਾਰ ਨੂੰ ਹਾਈ ਵਿਭਾਗ ਦੇ ‘ਭਾਸ਼ਣ ਮੁਕਾਬਲੇ’ ਸਰਕਾਰੀ ਹਾਈ ਸਕੂਲ ਮਾਣੇਵਾਲ (ਮਾਛੀਵਾੜਾ) ਵਿਖੇ ਕਰਵਾਏ ਜਾਣਗੇ। ਜਿਸ ਵਿੱਚ 9ਵੀਂ ਅਤੇ 10ਵੀਂ ਜਮਾਤ ਦੇ ਵਿਦਿਆਰਥੀ ਭਾਗ ਲੈ ਸਕਣਗੇ। ਵਿਦਿਆਰਥੀ ‘ਮਾਂ-ਬੋਲੀ ਪੰਜਾਬੀ’, ‘ਇੰਟਰਨੈਟ ਅਤੇ ਮੋਬਾਇਲ ਦਾ ਵਿਦਿਆਰਥੀਆਂ ਤੇ ਪ੍ਰਭਾਵ’, ‘ਨਸ਼ਿਆਂ ਦੇ ਮਾੜੇ ਪ੍ਰਭਾਵ’, ‘ਪਾਣੀ ਦੀ ਸੁਚੱਜੀ ਵਰਤੋਂ’ ਚਾਰੇ ਵਿਸ਼ਿਆਂ ਵਿੱਚੋਂ ਕਿਸੇ ਇੱਕ ਵਿਸ਼ੇ ਉੱਤੇ ਬੋਲਣਗੇ। ਮਿਡਲ ਵਿਭਾਗ ਦੇ ‘ਲੋਕ ਗੀਤ/ਧਾਰਮਿਕ ਗੀਤ/ ਸਭਿਆਚਾਰਕ ਗੀਤ’ ਮੁਕਾਬਲੇ 5 ਨਵੰਬਰ 2015 ਦਿਨ ਵੀਰਵਾਰ ਨੂੰ ਸਰਕਾਰੀ ਮਿਡਲ ਸਕੂਲ ਭਰਥਲਾ ਵਿਖੇ ਕਰਵਾਏ ਜਾਣਗੇ। ਜਿਸ ਵਿੱਚ ਛੇਵੀਂ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀ ਭਾਗ ਲੈ ਸਕਣਗੇ। ਪ੍ਰਾਇਮਰੀ ਵਿਭਾਗ ਦੇ ‘ਡਿਕਟੇਸ਼ਨ ਅਤੇ ਸੁੰਦਰ ਲਿਖਾਈ’ ਜਿਸ ਵਿੱਚ ਵਿਦਿਆਰਥੀਆਂ ਨੂੰ ਪਹਿਲਾਂ ਇੱਕ ਪੈਰ੍ਹਾ ਬੋਲ ਕੇ ਲਿਖਾਇਆ ਜਾਵੇਗਾ, ਫਿਰ ਉਹੀ ਪੈਰ੍ਹਾ ਸੁੰਦਰ ਕਰਕੇ ਲਿਖਣ ਲਈ ਦਿੱਤਾ ਜਾਵੇਗਾ ਅਤੇ ‘ਕਵਿਤਾ ਉਚਾਰਨ’ ਮੁਕਾਬਲੇ ਸਰਕਾਰੀ ਪ੍ਰਾਇਮਰੀ ਸਕੂਲ ਘੁਲਾਲ ਵਿਖੇ 7 ਨਵੰਬਰ 2015 ਦਿਨ ਸ਼ਨੀਵਾਰ ਨੂੰ ਕਰਵਾਏ ਜਾਣਗੇ। ਜਿਸ ਵਿੱਚ ਪਹਿਲੀ ਜਮਾਤ ਤੋਂ ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀ ਭਾਗ ਲੈ ਸਕਣਗੇ। ਉਨ੍ਹਾਂ ਅੱਗੇ ਦੱਸਿਆ ਕਿ ਹਰੇਕ ਮੁਕਾਬਲੇ ਲਈ ਇੱਕ ਸਕੂਲ ਵਿੱਚੋਂ ਕੇਵਲ ਦੋ ਵਿਦਿਆਰਥੀ ਹੀ ਭਾਗ ਲੈ ਸਕਦੇ ਹਨ। ਇਨ੍ਹਾਂ ਮੁਕਾਬਲਿਆਂ ਦੀਆਂ ਹੋਰ ਸ਼ਰਤਾਂ ਸਬੰਧੀ ਪੈਂਫਲੇਟ ਜਲਦੀ ਜਾਰੀ ਕਰਕੇ ਸਾਰੇ ਸਕੂਲਾਂ ਵਿੱਚ ਜਲਦੀ ਪਹੁੰਚਾ ਦਿੱਤੇ ਜਾਣਗੇ। ਇਨ੍ਹਾਂ ਮੁਕਾਬਲਿਆਂ ਵਿੱਚ ਜੇਤੂ ਵਿਦਿਆਰਥੀਆਂ ਨੂੰ ਮੌਕੇ ਤੇ ਹੀ ਨਕਦ ਇਨਾਮ ਅਤੇ ਸਰਟੀਫਿਕੇਟ ਦਿੱਤੇ ਜਾਣਗੇ। ਟਰਾਫ਼ੀ ਅਤੇ ਮੈਡਲ ਬਾਅਦ ਵਿੱਚ ਅਧਿਆਪਕ ਚੇਤਨਾ ਮੰਚ ਦੇ ਸਲਾਨਾ ਸਮਾਗਮ ਦੌਰਾਨ ਦਿੱਤੇ ਜਾਣਗੇ।

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …

Leave a Reply